ਡਿਪਟੀ ਕਮਿਸ਼ਨਰ ਵਲੋਂ ਗੈਰ ਮਿਆਰੀ ਭੋਜਨ ਪਦਾਰਥ ਬਣਾਉਣ ਤੇ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਦਿੱਤੇ ਆਦੇਸ਼
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਡਿਪਟੀ ਕਮਿਸ਼ਨਰ ਵਲੋਂ ਗੈਰ ਮਿਆਰੀ ਭੋਜਨ ਪਦਾਰਥ ਬਣਾਉਣ ਤੇ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਦਿੱਤੇ ਆਦੇਸ਼
ਮਈ ਮਹੀਨੇ 37 ਸੈਂਪਲ, ਜੂਨ ਮਹੀਨੇ 62 ਸੈਂਪਲ ਅਤੇ ਜੁਲਾਈ ਮਹੀਨੇ 57 ਸੈਂਪਲ ਭਰੇ ਗਏ
ਰੂਪਨਗਰ, 30 ਅਗਸਤ: ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿਚ ਫੂਡ ਸੇਫ਼ਟੀ ਐਕਟ-2006 ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ ਅਤੇ ਗੈਰ ਮਿਆਰੀ ਅਤੇ ਅਸੁਰੱਖਿਅਤ ਭੋਜਨ ਪਦਾਰਥ ਬਣਾਉਣ ਅਤੇ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਫੂਡ ਸੇਫਟੀ ਸਬੰਧੀ ਮੀਟਿੰਗ ਦੀ ਅਗਵਾਈ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਫੂਡ ਸੇਫਟੀ ਵਿਭਾਗ ਦਾ ਸਭ ਤੋਂ ਪਹਿਲੀ ਜ਼ਿੰਮੇਵਾਰੀ ਆਮ ਲੋਕਾਂ ਨੂੰ ਪੌਸ਼ਟਿਕ ਅਤੇ ਸਾਫ-ਸੁਥਰੇ ਭੋਜਨ ਨੂੰ ਮੁਹੱਈਆ ਕਰਵਾਉਣਾ ਹੈ ਅਤੇ ਇਸ ਟੀਚੇ ਨੂੰ ਹਾਸਲ ਕਰਨ ਲਈ ਫੂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਨੂੰ ਜਿੱਥੇ ਵੀ ਕੋਈ ਗੈਰ ਮਿਆਰੀ ਭੋਜਨ ਮਿਲਦਾ ਹੈ ਤਾਂ ਉਸ ਦੀ ਸਪਲੀ ਚੈਨ ਅਤੇ ਬਣਾਉਣ ਵਾਲੇ ਉਤਪਾਦਕਾਂ ਤੱਕ ਤਫਤੀਸ਼ ਕਰਨੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਦੋਸ਼ੀਆਂ ਨੂੰ ਜੁਰਮਾਨੇ ਲਗਾਏ ਜਾ ਸਕਣ ਅਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕੇ।
ਡਾ. ਪ੍ਰੀਤੀ ਯਾਦਵ ਨੇ ਅੱਗੇ ਕਿਹਾ ਕਿ ਜਿਨਾਂ ਵੀ ਪ੍ਰਸਿੱਧ ਦੁਕਾਨਾਂ ਜਾ ਭੋਜਨ ਪਦਾਰਥ ਬਣਾਉਣ ਵਾਲੇ ਉਤਾਪਦਕਾਂ ਦੇ ਸੈਂਪਲ ਭਰੇ ਜਾਂਦੇ ਹਨ ਅਤੇ ਉਹ ਫੈਲ ਹੁੰਦੇ ਹਨ ਤਾਂ ਉਸ ਦੀ ਜਾਣਕਾਰੀ ਅਖਬਾਰਾਂ ਵਿਚ ਲਾਜ਼ਮੀ ਦਿੱਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਪਾਰਦਰਸ਼ਤਾ ਨਾਲ ਇਨ੍ਹਾਂ ਲੋਕਾਂ ਦੀ ਸਚਾਈ ਦੱਸੀ ਜਾ ਸਕੇ।
ਸਹਾਇਕ ਕਮਿਸ਼ਨਰ ਫੂਡ ਹਰਪ੍ਰੀਤ ਕੌਰ ਵਲੋਂ ਦੱਸਿਆ ਗਿਆ ਕਿ ਫੂਡ ਸੇਫਟੀ ਵਿਭਾਗ ਵੱਲੋਂ ਪਿਛਲੇ 3 ਮਹੀਨੀਆਂ ਦੌਰਾਨ ਮਈ ਮਹੀਨੇ 37 ਸੈਂਪਲ, ਜੂਨ ਮਹੀਨੇ 62 ਸੈਂਪਲ ਅਤੇ ਜੁਲਾਈ ਮਹੀਨੇ 57 ਸੈਂਪਲ ਲਏ ਗਏ ਹਨ ਜਿਸ ਉਤੇ ਡਿਪਟੀ ਕਮਿਸ਼ਨਰ ਵਲੋਂ ਅਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸੈਂਪਲ ਨਿਰਧਾਰਿਤ ਟੀਚੇ ਤੋਂ ਬਹੁਤ ਘੱਟ ਹਨ ਜਿਸ ਲਈ ਫੂਡ ਸੇਫਟੀ ਵਿਭਾਗ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਭੋਜਨ ਪਦਾਰਥਾਂ ਦੇ ਸੈਂਪਲ ਟੀਚੇ ਤੋਂ ਵੱਧ ਭਰੇ ਜਾਣ ਅਤੇ ਜਿੱਥੇ ਵੀ ਅਸੁਰੱਖਿਅਤ ਭੋਜਨ ਮਿਲਦਾ ਹੈ ਉਸ ਨੂੰ ਮੌਕੇ ਉਤੇ ਨਸ਼ਟ ਕੀਤਾ ਜਾਵੇ। ਇਸ ਸਬੰਧੀ ਜਾਣਕਾਰੀ ਦਾ ਪ੍ਰਚਾਰ ਵੀ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਅੱਖੋਂ ਪਰੋਖੇ ਕਰਕੇ ਐਕਟ ਦੀ ਉਲੰਘਣਾ ਕਰਨ ਵਾਲੇ ਮਠਿਆਈ ਵਿਕਰੇਤਾਵਾਂ, ਬੇਕਰੀ, ਰੈਸਟੋਰੈਂਟਾਂ, ਹੋਟਲਾਂ/ਪੈਲੇਸਾਂ, ਦੁਕਾਨਦਾਰਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਵਿਰੁੱਧ ਫੂਡ ਸੇਫਟੀ ਵਿਭਾਗ ਰੂਪਨਗਰ ਸਖਤ ਕਾਰਵਾਈ ਕਰੇਗਾ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਡਾ. ਪ੍ਰੀਤੀ ਯਾਦਵ ਨੇ ਸਿੱਖਿਆ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ ਡੇ ਮੀਲ ਦੀ ਵਿਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਸਬੰਧਿਤ ਇੰਚਾਰਜ ਵਿਰੁੱਧ ਬਣਦੀ ਕਾਰਵਾਈ ਆਰੰਭੀ ਜਾਵੇਗੀ ਇਸ ਦੇ ਨਾਲ ਹੀ ਪਨਸਪ ਵਿਭਾਗ ਵੱਲੋਂ ਸਪਲਾਈ ਕੀਤੇ ਜਾਂਦੇ ਅਨਾਜ (ਕੱਚਾ ਮਾਲ) ਦੀ ਗੁਣਵੱਤਾ ਉੱਪਰ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਬੱਚਿਆਂ ਨੂੰ ਚੰਗਾ ਗੁਣਵੱਤਾ ਵਾਲਾ ਭੋਜਨ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਫੂਡ ਸਪਲਾਈ ਵਿਭਾਗ ਨੂੰ ਹਦਾਇਤ ਕੀਤੀ ਕਿ ਪ੍ਰਾਈਵੇਟ ਸਕੂਲਾਂ ਵਿੱਚ ਵੀ ਵਿਦਿਆਰਥੀਆਂ ਨੂੰ ਚੰਗਾ ਖਾਣ ਪੀਣ ਤੇ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਟ੍ਰੇਨਿੰਗ ਦਿੱਤੀ ਜਾਵੇ।
ਉਨ੍ਹਾਂ ਮਿਠਾਈਆਂ ਅਤੇ ਬੇਕਰੀ ਦੇ ਸਮਾਨ ਵੇਚਣ ਵਾਲਿਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਖਾਣ ਵਾਲੀਆਂ ਵਸਤਾਂ ਉਤੇ ਬੈਸਟ ਵਿਫੋਰ ਲਾਜ਼ਮੀ ਤੌਰ ਉਤੇ ਲਿਖਣ ਅਤੇ ਆਉਣ ਵਾਲੇ ਤਿਉਹਾਰਾਂ ਦੇ ਦਿਨਾਂ ਵਿਚ ਕੇਵਲ ਪੌਸ਼ਟਿਕ ਅਤੇ ਸਾਫ-ਸੁਥਰਾ ਭੋਜਨ ਹੀ ਆਮ ਲੋਕਾਂ ਨੂੰ ਮੁਹੱਈਆ ਕਰਵਾਉਣ।
ਇਸ ਮੀਟਿੰਗ ਵਿੱਚ ਏ.ਐਸ.ਓ. ਸਿਮਰਨਜੀਤ ਸਿੰਘ ਗਿੱਲ, ਫੂਡ ਸੇਫਟੀ ਅਫ਼ਸਰ ਦਿਨੇਸ਼ਜੋਤ ਸਿੰਘ, ਸਹਾਇਕ ਸਿਵਲ ਸਰਜਨ ਡਾ. ਅੰਜੂ ਭਾਟੀਆ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਜਿੰਦਰ ਕੌਰ, ਜ਼ਿਲ੍ਹਾ ਮੰਡੀ ਅਫ਼ਸਰ ਦਵਿੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਿਖਿਲ ਅਰੋੜਾ, ਜ਼ਿਲ੍ਹਾ ਸਕੂਲ਼ ਹੈਲਥ ਮੈਡੀਕਲ ਅਫਸਰ ਡਾ. ਜਤਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਰੰਜਨਾ ਕਤਿਆਲ, ਮੈਂਬਰ ਜਗਦੀਸ਼ ਕਾਜਲਾ, ਮੈਂਬਰ ਰਾਜੇਸ਼ ਕੁਮਾਰ ਸਹਿਗਲ, ਮੈਂਬਰ ਨਵਦੀਪ ਚੌਹਾਨ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।