ਡਿਪਟੀ ਕਮਿਸ਼ਨਰ ਨੇ ਤੈਰਾਕੀ ਦੇ ਓਪਨ ਰਾਜ ਪੱਧਰੀ ਮੁਕਾਬਲੇ ਵਿੱਚ ਮੈਡਲ ਜਿੱਤਣ ਵਾਲੀ ਖਿਡਾਰਨ ਗੁਨੀਕਾ ਗੌਤਮ ਨੂੰ ਕੀਤਾ ਸਨਮਾਨਿਤ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਤੈਰਾਕੀ ਦੇ ਓਪਨ ਰਾਜ ਪੱਧਰੀ ਮੁਕਾਬਲੇ ਵਿੱਚ ਮੈਡਲ ਜਿੱਤਣ ਵਾਲੀ ਖਿਡਾਰਨ ਗੁਨੀਕਾ ਗੌਤਮ ਨੂੰ ਕੀਤਾ ਸਨਮਾਨਿਤ
ਤੈਰਾਕੀ ਕੇਂਦਰ ਦਾ ਕਰੀਬ 80 ਲੱਖ ਰੁਪਏ ਦੀ ਰਾਸ਼ੀ ਨਾਲ ਨਵੀਨੀਕਰਣ ਕੀਤਾ ਜਾ ਰਿਹਾ: ਡਾ. ਪ੍ਰੀਤੀ ਯਾਦਵ
23 ਲੱਖ ਰੁਪਏ ਦੀ ਲਾਗਤ ਨਾਲ ਤੈਰਾਕੀ ਕੇਂਦਰ ਵਿਖੇ ਸ਼ੈੱਡ ਵੀ ਪਾਇਆ ਜਾ ਰਿਹਾ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਖੇਡਾਂ ਨਾਲ ਜੋੜਨਾ ਚਾਹੀਦਾ ਤਾਂ ਜੋ ਉਹ ਨਸ਼ਿਆਂ ਤੋਂ ਬਚ ਸਕਣ: ਤੈਰਾਕੀ ਕੋਚ ਯਸ਼ਪਾਲ ਰਜ਼ੋਰੀਆ
ਰੂਪਨਗਰ, 26 ਜੁਲਾਈ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਅੱਜ ਤੈਰਾਕੀ ਦੇ ਓਪਨ ਰਾਜ ਪੱਧਰੀ ਮੁਕਾਬਲੇ ਵਿੱਚ ਤਿੰਨ ਸਿਲਵਰ ਅਤੇ ਇਕ ਬਰੋਨਜ਼ ਮੈਡਲ ਜਿੱਤਣ ਵਾਲੀ ਖਿਡਾਰਨ ਗੁਨੀਕਾ ਗੌਤਮ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਆਪਣੇ ਦਫਤਰ ਵਿਖੇ ਬੁਲਾ ਕੇ ਵਧਾਈ ਦਿੰਦਿਆਂ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਹੋਰ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਹੌਂਸਲਾ ਅਫ਼ਜ਼ਾਈ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤੈਰਾਕੀ ਕੇਂਦਰ ਦਾ ਕਰੀਬ 80 ਲੱਖ ਰੁਪਏ ਦੀ ਰਾਸ਼ੀ ਨਾਲ ਨਵੀਨੀਕਰਣ ਕੀਤਾ ਜਾ ਰਿਹਾ ਹੈ ਜਿਸ ਤਹਿਤ ਇਸ ਦਾ ਸੁੰਦਰੀਕਰਨ ਵੀ ਕੀਤਾ ਜਾਏਗਾ, ਜਿਸ ਉਪਰੰਤ ਇਹ ਕੇਂਦਰ ਸੂਬੇ ਸਰਵਉੱਤਮ ਕੇਂਦਰਾਂ ਵਿਚ ਸ਼ਾਮਿਲ ਹੋ ਜਾਵੇਗਾ। ਇਸ ਤੋਂ ਇਲਾਵਾ ਵੱਖਰੇ ਤੌਰ ਉੱਤੇ 23 ਲੱਖ ਰੁਪਏ ਦੀ ਲਾਗਤ ਨਾਲ ਤੈਰਾਕੀ ਕੇਂਦਰ ਵਿਖੇ ਸ਼ੈੱਡ ਵੀ ਪਾਇਆ ਜਾ ਰਿਹਾ ਹੈ ਤਾਂ ਜੋ ਖਿਡਾਰੀਆਂ ਨੂੰ ਵੱਧ ਤੋਂ ਵੱਧ ਸੁਖਾਵਾਂ ਵਾਤਾਵਰਣ ਮੁੱਹਈਆ ਕਰਵਾਇਆ ਜਾ ਸਕੇ ਅਤੇ ਪਾਣੀ ਦੀ ਸਫ਼ਾਈ ਵੀ ਬਰਕਰਾਰ ਰੱਖੀ ਜਾ ਸਕੇ।
ਇਸ ਮੌਕੇ ਗੱਲਬਾਤ ਕਰਦਿਆਂ ਖਿਡਾਰਨ ਗੁਨੀਕਾ ਗੌਤਮ ਨੇ ਕਿਹਾ ਕਿ ਉਹ ਪਿਛਲੇ 2 ਸਾਲਾਂ ਤੋ ਤੈਰਾਕੀ ਕੋਚ ਯਸ਼ਪਾਲ ਰਜ਼ੋਰੀਆ ਤੋਂ ਤੈਰਾਕੀ ਕੇਂਦਰ ਰੋਪੜ ਤੋਂ ਸਿਖਲਾਈ ਹਾਸਲ ਕਰ ਰਹੀ ਹੈ। ਇਹ ਮੁਕਾਮ ਕੋਚ ਸਾਹਿਬ ਦੀ ਸਿਖਲਾਈ ਅਤੇ ਮਾਪਿਆਂ ਦੇ ਸਹਿਯੋਗ ਤੋਂ ਬਿੰਨਾਂ ਪਾਉਣਾ ਨਾਮੁਮਕਿਨ ਸੀ।
ਇਸ ਮੌਕੇ ਤੈਰਾਕੀ ਕੋਚ ਯਸ਼ਪਾਲ ਰਜ਼ੋਰੀਆ ਨੇ ਵੀ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਖੇਡਾਂ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਉਹ ਨਸ਼ਿਆਂ ਤੋਂ ਬਚ ਸਕਣ ਅਤੇ ਆਪਣੀ ਸਿਹਤ ਦਾ ਧਿਆਨ ਰੱਖ ਸਕਣ ਅਤੇ ਖੇਡ ਭਾਵਨਾ ਤੋਂ ਮਿਲੀ ਮਾਨਸਿਕ ਤੇ ਸ਼ਰੀਰਕ ਤਾਕਤ ਨਾਲ ਸਹੀ ਦਿਸ਼ਾ ਵਿਚ ਜਾ ਕੇ ਆਪਣੀ ਜ਼ਿੰਦਗੀ ਦੀ ਬਹਿਤਰੀ ਲਈ ਸਹੀ ਫ਼ੈਸਲੇ ਲੈ ਸਕਣ।
ਜ਼ਿਕਰਯੋਗ ਹੈ ਕਿ ਖਿਡਾਰਨ ਗੁਨੀਕਾ ਗੌਤਮ ਤੈਰਾਕੀ ਦੇ ਓਪਨ ਰਾਜ ਪੱਧਰੀ ਮੁਕਾਬਲੇ ਵਿੱਚ ਤਿੰਨ ਸਿਲਵਰ ਅਤੇ ਇਕ ਬਰੋਨਜ਼ ਮੈਡਲ ਜਿੱਤ ਕੇ ਆਈ ਹੈ। ਗੁਨੀਕਾ ਗੌਤਮ ਨੇ ਅੰਡਰ 14 ਲੜਕੀਆਂ ਦੇ ਗਰੁੱਪ ਦੇ ਵਿੱਚ ਜ਼ਿਲ੍ਹਾ ਰੂਪਨਗਰ ਵੱਲੋਂ ਭਾਗ ਲਿਆ ਸੀ।