ਡਿਪਟੀ ਕਮਿਸ਼ਨਰ ਨੇ ਸਰਹਿੰਦ ਨਹਿਰ ‘ਤੇ ਬਣਾਏ ਜਾ ਰਹੇ ਸਟੀਲ ਪੁੱਲ ਦੀ ਉਸਾਰੀ ਦਾ ਨਿਰੀਖਣ ਕੀਤਾ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਸਰਹਿੰਦ ਨਹਿਰ ‘ਤੇ ਬਣਾਏ ਜਾ ਰਹੇ ਸਟੀਲ ਪੁੱਲ ਦੀ ਉਸਾਰੀ ਦਾ ਨਿਰੀਖਣ ਕੀਤਾ
ਰਾਸ਼ਟਰੀ ਰਾਜ ਮਾਰਗ ਵਿਭਾਗ ਵਲੋਂ ਪੁੱਲ ਬਣਾਉਣ ‘ਚ ਦੇਰੀ ਕਾਰਨ ਕੰਪਨੀ ਨੂੰ ਜ਼ੁਰਮਾਨਾ ਲਗਾਉਣ ਦਾ ਨੋਟਿਸ ਜਾਰੀ
ਹੁਣ ਤੱਕ ਐਮ/ਐਸ ਐਸ.ਪੀ. ਸਿੰਗਲਾ ਕੰਨਸਟਰਕਸ਼ਨ ਪ੍ਰਾਇਵੇਟ ਲਿਮ. ਦੀ ਅਦਾਇਗੀ ‘ਚ 2.91 ਕਰੋੜ ਰੁਪਏ ਦੀ ਕਟੌਤੀ ਕੀਤੀ: ਕਾਰਜਕਾਰੀ ਇੰਜੀਨੀਅਰ
ਰੂਪਨਗਰ, 25 ਜੁਲਾਈ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਰੋਪੜ ਵਿਖੇ ਨਹਿਰੂ ਸਟੇਡੀਅਮ ਨੇੜੇ ਸਰਹਿੰਦ ਨਹਿਰ ਉੱਤੇ ਬਣਾਏ ਜਾ ਰਹੇ ਪੁੱਲ ਦਾ ਦੌਰਾ ਕਰਦਿਆਂ ਕੀਤੇ ਜਾ ਰਹੇ ਕਾਰਜ ਨੂੰ ਜਲਦ ਤੋਂ ਜਲਦ ਸਮੇਂ ਵਿੱਚ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਅਤੇ ਪੁੱਲ ਦੀ ਉਸਾਰੀ ਦਾ ਨਿਰੀਖਣ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਵਿਭਾਗ ਦੇ ਅਧਿਕਾਰੀਆਂ ਅਤੇ ਕੰਪਨੀ ਦੇ ਨੁਮਾਇੰਦਿਆਂ ਨੂੰ ਇਸ ਨਿਰਮਾਣ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਹਦਾਇਤ ਕੀਤੀ ਤਾਂ ਜੋ ਲੋਕਾਂ ਦੀ ਹੋ ਰਹੀ ਖੱਜਲ ਖ਼ੁਆਰੀ ਨੂੰ ਖਤਮ ਕਰ ਕੇ ਸੂਬੇ ਦੇ ਲੋਕਾਂ ਲਈ ਇਹ ਪੁੱਲ ਆਵਾਜਾਈ ਲਈ ਖੋਲਿਆ ਜਾ ਸਕੇ।
ਇਸ ਮੌਕੇ ਉਹਨਾਂ ਦੱਸਿਆ ਕਿ ਰਾਸ਼ਟਰੀ ਰਾਜ ਮਾਰਗ ਵਿਭਾਗ ਵਲੋਂ ਪੁੱਲ ਬਣਾਉਣ ‘ਚ ਦੇਰੀ ਕਾਰਨ ਜ਼ੁਰਮਾਨਾ ਲਗਾਉਣ ਦਾ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ ਜਿਸ ਸੰਬਧੀ ਅੰਤਿਸ ਫੈਸਲਾ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਵੱਲੋ ਲਿਆ ਜਾਵੇਗਾ ਅਤੇ ਹੁਣ ਤੱਕ ਐਮ/ਐਸ ਐਸ.ਪੀ. ਸਿੰਗਲਾ ਕੰਨਸਟਰਕਸ਼ਨ ਪ੍ਰਾਇਵੇਟ ਲਿਮ. ਨੂੰ ਕੀਤੀ ਗਈ ਅਦਾਇਗੀ ਵਿੱਚ 2,91,28,808 ਰੁਪਏ ਦੀ ਕਟੌਤੀ ਕੀਤੀ ਜਾ ਚੁੱਕੀ ਹੈ।
ਕਾਰਜਕਾਰੀ ਇੰਜੀਨੀਅਰ ਰਾਸ਼ਟਰੀ ਰਾਜ ਮਾਰਗ ਡਿਵੀਜ਼ਨ ਸੰਦੀਪ ਕੁਮਾਰ ਨੇ ਪੁੱਲ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ 135 ਮੀਟਰ ਲੰਮੇ ਸਟੀਲ ਪੁੱਲ ਨੂੰ ਬਣਾਉਣ ਉੱਤੇ ਕੁੱਲ 52.77 ਕਰੋੜ ਰੁਪਏ ਦੀ ਲਾਗਤ ਆਵੇਗੀ ਜਿਸ ਨੂੰ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਆਵਾਜਾਈ ਲਈ ਖੋਲ ਦਿੱਤਾ ਜਾਵੇਗਾ।
ਉਹਨਾਂ ਉਸਾਰੀ ਅਧੀਨ ਸਟੀਲ ਪੁੱਲ ਦੀ ਜਾਣਕਾਰੀ ਦਿੰਦਿਆ ਦੱਸਿਆਂ ਕਿ ਇਸ ਦੀ ਲੰਬਾਈ 135 ਮੀਟਰ ਹੈ ਜਦਕਿ ਪ੍ਰੋਜੈਕਟ ਦੀ ਕੁੱਲ ਲੰਬਾਈ 285 ਮੀਟਰ ਹੈ ਜੋ ਕਿ ਚਾਰ ਮਾਰਗੀ ਹੋਵੇਗਾ ਅਤੇ ਇਸ ਉੱਪਰ 1.5 ਮੀਟਰ ਚੌੜਾ ਫੁੱਟਪਾਥ ਵੀ ਬਣਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇਸ ਸਟੀਲ ਪੁੱਲ ਦੀ ਉਸਾਰੀ ਨੂੰ ਜੰਗੀ ਪੱਥਰ ਦੀ ਮੁੰਕਮਲ ਕਰਨ ਦੀ ਰਾਸ਼ਟਰੀ ਰਾਜ ਮਾਰਗ ਡਿਵੀਜ਼ਨ, ਰੂਪਨਗਰ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਵਲੋਂ ਉਸਾਰੀ ਕਰ ਰਹੀ ਕੰਪਨੀ ਵਿਰੁੱਧ ਜ਼ੁਰਮਾਨਾ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ ਅਤੇ ਕੰਪਨੀ ਨੂੰ ਕੀਤੀ ਜਾ ਰਹੀ ਅਦਾਇਗੀ ਵਿੱਚ ਕਟੌਤੀ ਕੀਤੀ ਗਈ ਹੈ।