ਆਉਣ ਵਾਲੀਆਂ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਰੂਪਨਗਰ ਪੁਲਿਸ ਤੇ ਆਈ.ਟੀ.ਬੀ.ਪੀ. ਫੋਰਸ ਨੇ ਫਲੈਗ ਮਾਰਚ ਕੱਢਿਆ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਆਉਣ ਵਾਲੀਆਂ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਰੂਪਨਗਰ ਪੁਲਿਸ ਤੇ ਆਈ.ਟੀ.ਬੀ.ਪੀ. ਫੋਰਸ ਨੇ ਫਲੈਗ ਮਾਰਚ ਕੱਢਿਆ
ਰੂਪਨਗਰ, 1 ਅਪ੍ਰੈਲ: ਆਉਣ ਵਾਲੀਆਂ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਅਮਨਸ਼ਾਂਤੀ ਨੂੰ ਬਰਕਰਾਰ ਰੱਖਣ ਅਤੇ ਨਿਰਪੱਖ ਚੋਣਾਂ ਦੇ ਮੰਤਵ ਨਾਲ ਐੱਸ.ਐੱਸ.ਪੀ ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਐੱਸ.ਪੀ ਹੈਡਕਵਾਟਰ ਸ. ਰਾਜਪਾਲ ਸਿੰਘ ਹੁੰਦਲ ਦੀ ਅਗਵਾਈ ਵਿੱਚ ਰੂਪਨਗਰ ਪੁਲਿਸ ਅਤੇ ਆਈ.ਟੀ.ਬੀ.ਪੀ. ਫੋਰਸ ਨੇ ਸ਼ਹਿਰ ਵਿਚ ਬੇਲਾ ਚੌਂਕ ਤੋਂ ਫਲੈਗ ਮਾਰਚ ਕੱਢਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸ.ਪੀ ਹੈਡਕਵਾਟਰ ਸ. ਰਾਜਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਰਾਮਿਲਟਰੀ ਫੋਰਸਜ਼ ਅਤੇ ਸਥਾਨਕ ਪੁਲਿਸ ਫੋਰਸ ਨਾਲ ਸੰਯੁਕਤ ਰੂਪ ਵਿੱਚ ਫਲੈਗ ਮਾਰਚ ਕੱਢੇ ਜਾ ਰਹੇ ਹਨ ਤਾਂ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਅਮਨ ਕਨੂੰਨ ਦੀ ਸਥਿਤੀ ਬਰਕਰਾਰ ਰੱਖੀ ਜਾਵੇ ਅਤੇ ਸ਼ਰਾਰਤੀ ਅਨਸਰਾਂ ਉਤੇ ਨਕੇਲ ਕੱਸਕੇ ਚੋਣ ਪ੍ਰਕਿਰਿਆ ਨੂੰ ਸ਼ਾਂਤੀਮਈ ਢੰਗ ਨਾਲ ਨੇਪੜੇ ਚਾੜਿਆ ਜਾਵੇ।
ਉਨ੍ਹਾਂ ਦੱਸਿਆ ਕਿ ਸੁਰੱਖਿਆ ਸਬੰਧੀ ਇੰਤਜਾਮ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸੰਵੇਦਨਸ਼ੀਲ ਤੇ ਨਾਜ਼ੁਕ ਥਾਵਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਸ. ਰਾਜਪਾਲ ਸਿੰਘ ਹੁੰਦਲ ਨੇ ਅੱਗੇ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਇਹ ਫਲੈਗ ਮਾਰਚ ਭਵਿੱਖ ਵਿੱਚ ਵੀ ਜਾਰੀ ਰਹਿਣਗੇ ਅਤੇ ਇਸ ਤੋਂ ਬਾਅਦ ਇਸੇ ਫੋਰਸ ਵੱਲੋਂ ਮੋਰਿੰਡਾ ਵਿਖੇ ਫਲੈਗ ਮਾਰਚ ਕੱਢਿਆ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਲੋਕ ਸਭਾ ਚੋਣਾਂ ਸੰਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਟੋਲ ਫ੍ਰੀ ਨੰਬਰ 18001803469 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਐਨ ਵੀ ਐਸ ਪੀ (ਨੈਸ਼ਨਲ ਵੋਟਰ ਸਰਵਿਸ ਪੋਰਟਲ) ਸਮੇਤ ਟੋਲ ਫਰੀ ਹੈਲਪਲਾਈਨ ਨੰਬਰ 1950 ਉੱਤੇ ਆਪਣੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਇਸ ਮੌਕੇ ਡੀ.ਐਸ.ਪੀ ਹਰਪਿੰਦਰ ਕੌਰ ਗਿੱਲ, ਅਸਿਸਟੈਂਟ ਕਮਾਂਡਰ ਬੀ.ਐਸ.ਐੱਫ. ਦਵਿੰਦਰ ਕੁਮਾਰ ਅਤੇ ਪੁਲਿਸ ਤੇ ਪੈਰਾ ਮਿਲਟਰੀ ਦੀਆਂ ਟੁਕੜੀਆਂ ਹਾਜ਼ਰ ਸਨ।