ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸਮੂਹ ਥਾਣਿਆਂ ਵਿੱਚ ਤਾਇਨਾਤ ਸਪੈਸ਼ਲ ਜੁਵਨਾਇਲ ਪੁਲਿਸ ਅਫਸਰਾਂ ਨੂੰ ਜੁਵਨਾਇਲ ਕਾਨੂੰਨਾਂ ਬਾਰੇ ਦਿੱਤੀ ਟ੍ਰੇਨਿੰਗ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸਮੂਹ ਥਾਣਿਆਂ ਵਿੱਚ ਤਾਇਨਾਤ ਸਪੈਸ਼ਲ ਜੁਵਨਾਇਲ ਪੁਲਿਸ ਅਫਸਰਾਂ ਨੂੰ ਜੁਵਨਾਇਲ ਕਾਨੂੰਨਾਂ ਬਾਰੇ ਦਿੱਤੀ ਟ੍ਰੇਨਿੰਗ
ਰੂਪਨਗਰ, 30 ਜਨਵਰੀ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੇ ਦਫ਼ਤਰ ਵਿਖੇ ਰੂਪਨਗਰ ਜ਼ਿਲ੍ਹੇ ਵਿੱਚ ਤਾਇਨਾਤ ਸਮੂਹ ਸਪੈਸ਼ਲ ਜੂਵੀਨਾਇਲ ਪੁਲਿਸ ਅਫਸਰਾਂ ਦਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਨੇ ਰੂਪਨਗਰ ਜ਼ਿਲ੍ਹੇ ਦੇ ਸਾਰੇ ਜੂਵੀਨਾਇਲ ਪੁਲਿਸ ਅਫਸਰਾਂ ਨੂੰ ਜੁਵਨਾਇਲ ਕਾਨੂੰਨਾਂ ਸਬੰਧੀ ਟ੍ਰੇਨਿੰਗ ਦਿੱਤੀ।
ਇਸ ਟ੍ਰੇਨਿੰਗ ਦੌਰਾਨ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਨੇ ਇਸ ਖੇਤਰ ਵਿੱਚ ਕਾਨੂੰਨੀ ਤਰਮੀਮਾਂ ਬਾਰੇ ਦੱਸਿਆ ਅਤੇ ਹਦਾਇਤ ਜਾਰੀ ਕੀਤੀ ਕਿ ਇਨ੍ਹਾਂ ਕਾਨੂੰਨਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਜੁਵੇਨਾਈਲ ਕਾਨੂੰਨ ਬੱਚਿਆਂ ਪ੍ਰਤੀ ਇੱਕ ਲਾਭਦਾਇਕ ਕਾਨੂੰਨ ਹੈ ਅਤੇ ਲਾਭਪਾਤਰੀ ਨੂੰ ਇਸ ਦਾ ਫਾਇਦਾ ਮਿਲਣਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਜ਼ਿਲ੍ਹਾ ਰੋਪੜ ਵਿੱਚ ਨਾਲਸਾ ਦੀ ਸਪੈਸ਼ਲ ਮੁਹਿੰਮ ‘ਰੀਸਟੋਰਿੰਗ ਦ ਯੂਥ’ ਜੋ ਕਿ ਅੱਜ-ਕੱਲ੍ਹ ਜੇਲ੍ਹਾਂ ਵਿੱਚ ਚੱਲ ਰਹੀ ਹੈ, ਬਾਰੇ ਵੀ ਜਾਗਰੂਕ ਕੀਤਾ।
ਸੀ.ਜੇ.ਐਮ-ਕਮ-ਸਕੱਤਰ ਨੇ ਦੱਸਿਆ ਕਿ ਇਸ ਮੁਹਿੰਮ ਦੇ ਅੰਤਰਗਤ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਉਨ੍ਹਾਂ ਨੂੰ 18 ਸਾਲ ਤੋਂ ਘੱਟ ਜਾਪਦਾ ਹੈ ਜਾਂ ਲੱਭਦਾ ਹੈ ਤਾਂ ਉਸ ਦੀ ਨਾਬਾਲਗਤਾ ਦੀ ਅਰਜੀ ਸਬੰਧਤ ਅਦਾਲਤ ਵਿੱਚ ਲਗਵਾਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਬਾਲ ਅਪਰਾਧੀਆਂ ਨੂੰ ਇਸ ਤਰੀਕੇ ਨਾਲ ਸੰਭਾਲਿਆ ਜਾਵੇ ਕਿ ਉਹ ਵੱਡੇ ਅਪਰਾਧੀ ਨਾ ਬਣ ਜਾਣ। ਇਸ ਵਿੱਚ ਉਨ੍ਹਾਂ ਨੇ ਲਾਵਾਰਿਸ ਬੱਚਿਆਂ, ਗੁੰਮਸ਼ੁਦਾ ਬੱਚਿਆਂ ਅਤੇ ਖਾਸ ਤੌਰ ਤੇ ਲਾਵਾਰਿਸ ਬਰਾਮਦ ਲੜਕੀਆਂ ਦੇ ਨਾਲ ਸਬੰਧਤ ਕਾਨੂੰਨਾਂ ਤੇ ਜਾਣਕਾਰੀ ਪਾਈ।
ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਨੇ ਸਮੂਹ ਥਾਣਿਆਂ ਨੂੰ ਹਦਾਇਤ ਦਿੱਤੀ ਕਿ ਆਪਣੇ ਥਾਣਿਆਂ ਦੇ ਬਾਹਰ ਸਪੈਸ਼ਲ ਜੁਵਨਾਇਲ ਪੁਲਿਸ ਅਫਸਰ ਦਾ ਨਾਂ ਅਤੇ ਟੈਲੀਫੋਨ ਨੰਬਰ ਬੋਰਡ ਤੇ ਲਿਖ ਕੇ ਲਗਾਇਆ ਜਾਵੇ, ਤਾਂ ਜੋ ਇਹ ਪਤਾ ਲੱਗ ਸਕੇ ਕਿ ਥਾਣੇ ਵਿੱਚ ਸਬੰਧਤ ਅਫਸਰ ਕੌਣ ਹੈ। ਉਨ੍ਹਾਂ ਨੇ ਦੱਸਿਆ ਕਿ ਗੁੰਮਸ਼ੁਦਾ, ਲਾਵਾਰਿਸ ਅਤੇ ਲੋੜਵੰਦ ਬੱਚਿਆਂ ਨੂੰ ਚਾਇਲਡ ਵੈਲਫੇਅਰ ਕਮੇਟੀ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਸ਼ਹਿਰ ਦੀਆਂ ਸਮਾਜ ਭਲਾਈ ਸੰਸਥਾ ਨੂੰ ਵੀ ਅਪੀਲ ਕੀਤੀ ਕਿ ਅਗਰ ਕੋਈ ਅਜਿਹਾ ਬੱਚਾ ਮਿਲਦਾ ਹੈ, ਜਾਂ ਲਾਵਾਰਿਸ ਘੁੰਮ ਰਿਹਾ ਹੈ, ਤਾਂ ਤੁਰੰਤ ਸਪੈਸ਼ਲ ਜੁਵਨਾਇਲ ਪੁਲਿਸ ਅਫਸਰਾਂ, ਜ਼ਿਲ੍ਹਾ ਬਾਲ ਸੁਰਖਿਆ ਅਫਸਰਾਂ ਅਤੇ ਚਾਇਲਡ ਵੈਲਫੇਅਰ ਕਮੇਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਤੇ ਜੁਵਨਾਇਲ ਵਕੀਲ ਅਤੇ ਮੈਂਬਰ ਜਸਪਿੰਦਰ ਕੌਰ, ਮੈਂਬਰ ਚਾਈਲਡ ਵੈਲਫੇਅਰ ਕਮੇਟੀ ਗਗਨਦੀਪ ਭਾਰਦਵਾਜ ਅਤੇ ਡੀ.ਐਸ.ਪੀ/ਸੀ.ਏ.ਡਬਲਿਊ ਰੂਪਨਗਰ ਸ਼੍ਰੀ ਨਰਿੰਦਰ ਚੌਧਰੀ ਵੀ ਹਾਜਰ ਸਨ।