ਨਜਾਇਜ ਮਾਇਨਿੰਗ ਨੂੰ ਠੱਲ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਮੀਟਿੰਗ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਨਜਾਇਜ ਮਾਇਨਿੰਗ ਨੂੰ ਠੱਲ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਮੀਟਿੰਗ
ਰੂਪਨਗਰ, 07 ਦਸੰਬਰ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਆਪਣੇ ਦਫ਼ਤਰ ਵਿਖੇ ਨਜਾਇਜ ਮਾਇਨਿੰਗ ਨੂੰ ਠੱਲ ਪਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਿਸ ਵਿਭਾਗ, ਮਾਈਨਿੰਗ ਵਿਭਾਗ ਅਤੇ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਆਦੇਸ਼ ਜਾਰੀ ਕੀਤੇ ਗਏ ਕਿ ਜਿਲ੍ਹੇ ਵਿੱਚ ਸੰਵੇਦਨਸੀਲ ਨਾਕਿਆ ਤੇ ਪੁਲਿਸ ਫੋਰਸ ਮੁਹੱਈਆ ਕਰਵਾਈ ਜਾਵੇ ਅਤੇ ਇੰਟਰਸਟੇਟ, ਇੰਟਰਡਿਸਟ੍ਰਿਕਟ ਨਾਕਿਆ ਤੇ ਲਗਾਤਾਰ ਨਿਗਰਾਨੀ ਕਰਦੇ ਹੋਏ ਨਜਾਇਜ ਮਾਈਨਿੰਗ ਮਟੀਰੀਅਲ ਨੂੰ ਰੋਕਿਆ ਜਾਵੇ।
ਡਿਪਟੀ ਕਮਿਸ਼ਨਰ ਵੱਲੋਂ ਮਾਈਨਿੰਗ ਵਿਭਾਗ ਦੇ ਨੁਮਾਇੰਦਿਆ ਨੂੰ ਹਦਾਇਤ ਕੀਤੀ ਗਈ ਕਿ ਸਟੋਨ ਕਰੈਸ਼ਰਾ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਪਬਲਿਕ ਮਾਈਨਿੰਗ ਸਾਈਟਾਂ ਲਗਾਤਾਰ ਚੱਲਦੀਆਂ ਰਹਿਣ ਤਾਂ ਜੋ ਆਮ ਪਬਲਿਕ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਜਾਇਜ ਮਾਈਨਿੰਗ ਮਟੀਰੀਅਲ ਨਾਲ ਭਰੇ ਵਹੀਕਲਾਂ ਦੀ ਨਿਗਰਾਨੀ ਲਈ ਖਾਸ ਥਾਵਾਂ ਤੇ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਜਾਣ ਅਤੇ ਰਾਤ ਸਮੇਂ ਨਜਾਇਜ ਮਾਈਨਿੰਗ ਦੀ ਨਿਗਰਾਨੀ ਲਈ ਨਾਈਟ ਵਿਜਨ ਕੈਂਮਰਿਆ ਨਾਲ ਲੈਸ ਡਰੋਨਾ ਦਾ ਪ੍ਰਬੰਧ ਕੀਤਾ ਜਾਵੇ।
ਡਾ. ਪ੍ਰੀਤੀ ਯਾਦਵ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆ, ਮਾਈਨਿੰਗ ਵਿਭਾਗ ਅਤੇ ਪ੍ਰਦੂਸਨ ਕੰਟਰੋਲ ਵਿਭਾਗ ਦੇ ਅਧਿਕਾਰੀਆ ਨੂੰ ਸਖਤ ਹਦਾਇਤ ਜਾਰੀ ਕਰਦੇ ਹੋਏ ਕਿਹਾ ਗਿਆ ਕਿ ਜਿਲ੍ਹੇ ਵਿੱਚ ਚੱਲਦੇ ਸਟੋਨ ਕਰੈਸ਼ਰਾ ਦੀ ਚੈਂਕਿੰਗ ਵਧਾਈ ਜਾਵੇ ਅਤੇ ਨਜਾਇਜ ਮਾਈਨਿੰਗ ਲਈ ਵਰਤੀ ਜਾਂਦੀ ਮਸੀਨਰੀ ਦਾ ਵੀ ਧਿਆਨ ਰੱਖਿਆ ਜਾਵੇ, ਜੇਕਰ ਕਿਸੇ ਵੀ ਕਿਸਮ ਦੀ ਅਨਿਯਮਤਾ ਪਾਈ ਜਾਂਦੀ ਹੈ ਤਾਂ ਤੁਰੰਤ ਕਾਨੂੰਨ ਅਨੁਸਾਰ ਕਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਇਸ ਮੀਟਿੰਗ ਵਿੱਚ ਸੀਨੀਅਰ ਕਪਤਾਨ ਪੁਲਿਸ ਗੁਲਨੀਤ ਸਿੰਘ ਖੁਰਾਣਾ, ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਉਪ ਮੰਡਲ ਮੈਜਿਸਟਰੇਟ ਨੰਗਲ ਅਨਮਜੋਤ ਕੌਰ, ਉਪ ਮੰਡਲ ਮੈਜਿਸਟਰੇਟ ਸ੍ਰੀ ਅਨੰਦਪੁਰ ਸਾਹਿਬ ਮਨਦੀਪ ਸਿੰਘ ਢਿੱਲੋਂ, ਕਾਰਜਕਾਰੀ ਇੰਜੀਨੀਅਰ ਮਾਈਨਿੰਗ ਵਿਭਾਗ ਹਰਸ਼ਾਂਤ ਕੁਮਾਰ, ਕਾਰਜਕਾਰੀ ਇੰਜੀਨੀਅਰ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਅਨੁਰਾਧਾ ਸ਼ਰਮਾ, ਤਹਿਸੀਲਦਾਰ ਸ੍ਰੀ ਅਨੰਦਪੁਰ ਅਤੇ ਤਹਿਸੀਲਦਾਰ ਨੰਗਲ ਵੱਲੋਂ ਭਾਗ ਲਿਆ ਗਿਆ।