ਜ਼ਿਲ੍ਹਾ ਲਾਇਬ੍ਰੇਰੀ ਦਾ ਨਵੀਨੀਕਰਨ ਕਰਕੇ ਵਿਦਿਆਰਥੀਆਂ ਨੂੰ ਪੜਨ ਲਈ ਦਿੱਤਾ ਢੁੱਕਵਾਂ ਮਾਹੌਲ: ਡਿਪਟੀ ਕਮਿਸ਼ਨਰ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜ਼ਿਲ੍ਹਾ ਲਾਇਬ੍ਰੇਰੀ ਦਾ ਨਵੀਨੀਕਰਨ ਕਰਕੇ ਵਿਦਿਆਰਥੀਆਂ ਨੂੰ ਪੜਨ ਲਈ ਦਿੱਤਾ ਢੁੱਕਵਾਂ ਮਾਹੌਲ: ਡਿਪਟੀ ਕਮਿਸ਼ਨਰ
ਸੀਨੀਅਰ ਸਿਟੀਜਨ ਦੇ ਕਿਤਾਬਾਂ ਪੜਨ ਲਈ ਵੱਖਰਾ ਕਮਰਾ ਬਣਾਉਣ ਦੀ ਹਦਾਇਤ ਦਿੱਤੀ
ਰੂਪਨਗਰ, 26 ਸਤੰਬਰ: ਡਾ. ਬੀ.ਆਰ. ਅੰਬੇਡਕਰ ਚੌਂਕ ਨਜ਼ਦੀਕ ਸਥਿਤ ਜ਼ਿਲ੍ਹਾ ਲਾਇਬ੍ਰੇਰੀ ਦਾ ਜੰਗੀ ਪੱਧਰ ਉਤੇ ਨਵੀਨੀਕਰਨ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਕਿਤਾਬਾਂ ਪੜਨ ਲਈ ਢੁੱਕਵਾਂ ਅਤੇ ਸ਼ੁਖਾਵਾ ਮਾਹੌਲ ਦਿੱਤਾ ਜਾ ਸਕੇ।
ਜ਼ਿਲ੍ਹਾ ਲਾਇਬ੍ਰੇਰੀ ਦਾ ਅਚਨਚੇਤ ਦੌਰਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਅਧਿਆਪਕਾਂ ਦੇ ਨਾਲ-ਨਾਲ ਚੰਗੀਆਂ ਕਿਤਾਬਾਂ ਸਟੀਕ ਮਾਰਗ ਦਰਸ਼ਨ ਕਰਨ ਲਈ ਵਰਦਾਨ ਸਾਬਿਤ ਹੋ ਸਕਦੀਆਂ ਹਨ ਬਸ਼ਰਤੇ ਕਿਤਾਬਾਂ ਪੜਨ ਵਾਲਿਆਂ ਲਈ ਸ਼ਾਂਤਮਈ ਅਤੇ ਚੰਗਾ ਮਾਹੌਲ ਸਿਰਜਿਆ ਜਾਵੇ ਜਿੱਥੇ ਕਿਤਾਬਾਂ, ਅਖਬਾਰਾਂ, ਮੈਗਜ਼ੀਨਾਂ, ਬੈਠਣ ਲਈ ਵਧੀਆ ਫਰਨੀਚਰ, ਰੌਸ਼ਨੀ ਦਾ ਪ੍ਰਬੰਧ ਤੇ ਬਾਥਰੂਮਾਂ ਦੀ ਹੋਵੇ। ਇਨ੍ਹਾਂ ਤੱਥਾਂ ਨੂੰ ਧਿਆਨ ਵਿਚ ਰੱਖ ਕੇ ਹੀ ਜ਼ਿਲ੍ਹਾ ਲਾਇਬ੍ਰੇਰੀ ਦਾ ਨਵੀਨੀਕਰਨ ਕੀਤਾ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਲਾਇਬ੍ਰੇਰੀ ਵਿਖੇ ਮੌਜੂਦ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਲਾਇਬ੍ਰੇਰੀ ਦਾ ਮਿਆਰ ਹੋਰ ਚੁੱਕਣ ਲਈ ਸੁਝਾਅ ਮੰਗੇ। ਇਸ ਉਪਰੰਤ ਇੱਥੇ ਹਾਜ਼ਰ ਵਿਦਿਆਰਥੀਆਂ ਵਲੋਂ ਲਾਇਬ੍ਰੇਰੀ ਦੇ ਨਵੀਨੀਕਰਨ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਵੀ ਕੀਤੀ ਗਈ ਕਿ ਇਹ ਲਾਇਬ੍ਰੇਰੀ ਬਹੁਤ ਪੁਰਾਣੀ ਹੋਣ ਕਰਕੇ ਇਸ ਨੂੰ ਮੁੜ ਸੁਰਜੀਤ ਕਰਨ ਦੀ ਬਹੁਤ ਜਿਆਦਾ ਲੋੜ ਸੀ।
ਡਿਪਟੀ ਕਮਿਸ਼ਨ ਨੇ ਇਥੇ ਹਾਜ਼ਰ ਰਿਟਾਇਰਡ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਮੰਗ ਉਤੇ ਸੀਨੀਅਰ ਸਿਟੀਜਨ ਲਈ ਕਿਤਾਬਾਂ ਪੜਨ ਲਈ ਵੱਖਰੇ ਤੌਰ ਉਤੇ ਕਮਰਾ ਬਣਾਉਣ ਦੀ ਹਦਾਇਤ ਵੀ ਦਿੱਤੀ।
ਡਾ. ਪ੍ਰੀਤੀ ਯਾਦਵ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਲਾਇਬ੍ਰੇਰੀ ਦੇ ਆਸ-ਪਾਸ ਪੂਰਨ ਸਫਾਈ ਕਰਵਾਉਣ ਅਤੇ ਪੌਦੇ ਲਗਾਉਣ ਲਈ ਵੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਵਿਖੇ ਵਿਦਿਆਰਥੀਆਂ ਨੂੰ ਹਰ ਸਹੂਲਤ ਦੇਣ ਲਈ ਕੋਈ ਕਮੀ ਨਾ ਛੱਡੀ ਜਾਵੇ ਅਤੇ ਵਿਦਿਆਰਥੀਆਂ ਨੂੰ ਹਰ ਪੱਧਰ ਉਤੇ ਸਹਿਯੋਗ ਵੀ ਦਿੱਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਲਾਇਬ੍ਰੇਰੀ ਦਾ ਲਾਭ ਲੈ ਸਕਣ।