ਨਸ਼ਿਆਂ ਵਿਰੁੱਧ ਜੰਗ ਨੂੰ ਨੱਥ ਪਾਉਣ ਲਈ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਵੱਲੋਂ ਸਾਂਝੇ ਤੌਰ ਤੇ ਜ਼ਿਲ੍ਹੇ ਦੇ ਕੈਮਿਸਟਾਂ ਨਾਲ ਮੀਟਿੰਗ ਕਰਦਿਆਂ ਕੀਤੀ ਸਹਿਯੋਗ ਦੀ ਮੰਗ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਨਸ਼ਿਆਂ ਵਿਰੁੱਧ ਜੰਗ ਨੂੰ ਨੱਥ ਪਾਉਣ ਲਈ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਵੱਲੋਂ ਸਾਂਝੇ ਤੌਰ ਤੇ ਜ਼ਿਲ੍ਹੇ ਦੇ ਕੈਮਿਸਟਾਂ ਨਾਲ ਮੀਟਿੰਗ ਕਰਦਿਆਂ ਕੀਤੀ ਸਹਿਯੋਗ ਦੀ ਮੰਗ
ਦਵਾਈਆਂ ਦੀ ਖਰੀਦ ਅਤੇ ਵੇਚ ਪੂਰੀ ਜਿੰਮੇਵਾਰੀ ਨਾਲ ਕੀਤੀ ਜਾਵੇ ਤੇ ਰੱਖਿਆ ਜਾਵੇ ਸਾਰਾ ਰਿਕਾਰਡ – ਡਿਪਟੀ ਕਮਿਸ਼ਨਰ
ਜੇਕਰ ਕੋਈ ਗਲਤ ਦਵਾਈ ਵੇਚਦਾ ਹੈ ਤਾਂ ਉਸਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ, ਕੀਤੀ ਜਾਵੇਗੀ ਸਖ਼ਤ ਕਾਰਵਾਈ – ਐਸ.ਐਸ.ਪੀ.
ਰੂਪਨਗਰ, 21 ਸਤੰਬਰ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਅਤੇ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀ ਵਿਵੇਕਸ਼ੀਲ ਸੋਨੀ ਵੱਲੋਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਰੰਭੀ ਨਸ਼ਿਆਂ ਵਿਰੁੱਧ ਜੰਗ ਨੂੰ ਨੱਥ ਪਾਉਣ ਲਈ ਰੂਪਨਗਰ ਜ਼ਿਲ੍ਹੇ ਦੇ ਮੈਡੀਕਲ ਸਟੋਰਾਂ ਦੀ ਐਸੋਸੀਏਸ਼ਨ ਦੇ ਮੈਂਬਰਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਸਾਂਝੇ ਤੌਰ ਉੱਤੇ ਮੀਟਿੰਗ ਕੀਤੀ। ਮੀਟਿੰਗ ਦੀ ਸ਼ੁਰੂਆਤ ਜ਼ਿਲ੍ਹੇ ਦੇ ਮੈਡੀਕਲ ਸਟੋਰਾਂ ਦੀ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਅਤੇ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀ ਵਿਵੇਕਸ਼ੀਲ ਸੋਨੀ ਨੂੰ ਗੁਲਦਸਤਾ ਭੇਂਟ ਕਰਕੇ ਕੀਤੀ ਗਈ।
ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸਮੂਹ ਕੈਮਿਸਟ ਇਸ ਗੱਲ ਨੂੰ ਸੁਨਿਸ਼ਚਿਤ ਕਰਨ ਕਿ ਦਵਾਈਆਂ ਦੀ ਖਰੀਦ ਅਤੇ ਵੇਚ ਡਰੱਗ ਅਤੇ ਕਾਸਮੈਟਿਕ ਐਕਟ ਦੇ ਨਿਯਮਾਂ ਤਹਿਤ ਕਰਨਾ ਯਕੀਨੀ ਬਣਾਉਣ ਅਤੇ ਨਸ਼ੇ ਦੇ ਤੌਰ ‘ਤੇ ਦੁਰਵਰਤੋਂ ਹੋਣ ਵਾਲੀਆਂ ਦਵਾਈਆਂ ਦੀ ਖਰੀਦ ਅਤੇ ਵੇਚ ਪੂਰੀ ਜਿੰਮੇਵਾਰੀ ਨਾਲ ਕੀਤੀ ਜਾਵੇ ਅਤੇ ਨਿਯਮਾਂ ਮੁਤਾਬਿਕ ਸਾਰਾ ਰਿਕਾਰਡ ਰੱਖਿਆ ਜਾਵੇ।
ਮੀਟਿੰਗ ਦੋਰਾਨ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਕੈਮਿਸਟਾਂ ਨੂੰ ਹਦਾਇਤ ਕੀਤੀ ਗਈ ਕਿ ਡਰੱਗ ਇੰਸਪੈਕਟਰ ਵੱਲੋਂ ਸਮੇਂ-ਸਮੇਂ ਤੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਸਟਾਕ ਵੀ ਚੈਕ ਕੀਤਾ ਜਾਵੇਗਾ, ਇਸ ਕੰਮ ਲਈ ਉਨ੍ਹਾਂ ਦਾ ਸਹਿਯੋਗ ਕੀਤਾ ਜਾਵੇ।
ਐਸ.ਐਸ.ਪੀ. ਸ਼੍ਰੀ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 15 ਅਗਸਤ 2023 ਤੋਂ 15 ਅਗਸਤ 2024 ਤੱਕ ਚਲਾਈ ਜਾ ਰਹੀ ਡਰੱਗ ਸਪੈਸ਼ਲ ਮੁਹਿੰਮ ਨੂੰ ਕਾਮਯਾਬ ਕਰਨ ਲਈ ਜ਼ਿਲ੍ਹੇ ਦੇ ਸਮੂਹ ਮੈਡੀਕਲ ਸਟੋਰਾਂ ਦੀ ਐਸੋਸੀਏਸ਼ਨ ਦੇ ਮੈਂਬਰ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਨ੍ਹਾਂ ਨਿਯਮਾਂ ਤੋਂ ਉਲਟ ਦਵਾਈ ਵੇਚੇਗਾ ਅਤੇ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਗਲਤ ਦਵਾਈ ਵੇਚਦਾ ਹੈ ਤਾਂ ਉਸਦੀ ਸੂਚਨਾ ਜ਼ਿਲ੍ਹਾ ਪੁਲਿਸ ਦੇ ਧਿਆਨ ਵਿੱਚ ਲਿਆਂਦੀ ਜਾਵੇ।
ਇਸ ਮੀਟਿੰਗ ਦੌਰਾਨ ਸਮੂਹ ਕੈਮਿਸਟਾਂ ਵੱਲੋਂ ਮੰਗ ਪੱਤਰ ਦਿੰਦੀਆਂ ਆ ਰਹੀਆਂ ਮੁਸ਼ਕਿਲਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਿਨ੍ਹਾਂ ਨੂੰ ਹੱਲ ਕਰਨ ਦਾ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਭਰੋਸਾ ਦਿੱਤਾ ਗਿਆ।
ਇਸ ਮੀਟਿੰਗ ਵਿੱਚ ਮੈਡੀਕਲ ਸਟੋਰਾਂ ਦੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੁਦਰਸ਼ਨ ਚੌਧਰੀ, ਜਨਰਲ ਸਕੱਤਰ ਸ਼੍ਰੀ ਰਜਿੰਦਰ ਜੱਗੀ, ਚੇਅਰਮੈਨ ਸ਼੍ਰੀ ਵਿਨੈ ਰਾਵਲ, ਨੰਗਲ ਦੇ ਪ੍ਰਧਾਨ ਸ਼੍ਰੀ ਰਮਨ ਕੁਮਾਰ, ਜਨਰਲ ਸਕੱਤਰ ਸ਼੍ਰੀ ਦਿਨੇਸ਼ ਜੋਸ਼ੀ, ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ, ਜਨਰਲ ਸਕੱਤਰ ਸ. ਕੰਵਲਜੀਤ ਸਿੰਘ, ਕੀਰਤਪੁਰ ਸਾਹਿਬ ਦੇ ਪ੍ਰਧਾਨ ਸ਼੍ਰੀ ਰਾਕੇਸ਼ ਸੋਨੀ ਤੇ ਜਨਰਲ ਸਕੱਤਰ ਸ਼੍ਰੀ ਰਾਕੇਸ਼ ਧੀਮਾਨ, ਰੂਪਨਗਰ ਦੇ ਪ੍ਰਧਾਨ ਸ਼੍ਰੀ ਸੰਜੈ ਮਲਹੋਤਰਾ ਤੇ ਸ੍ਰੀ ਗੁਰਪ੍ਰੀਤ ਸਿੰਘ ਕੋਹਲੀ ਤੇ ਜਨਰਲ ਸਕੱਤਰ ਸ਼੍ਰੀ ਕੈਲਾਸ਼ ਆਹੂਜਾ, ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਸ. ਅਰਵਿੰਦਰ ਸਿੰਘ, ਸਕੱਤਰ ਸ. ਲਖਵੀਰ ਸਿੰਘ, ਬੈਸਾਂ ਦੇ ਪ੍ਰਧਾਨ ਸ.ਜਸਵੀਰ ਸਿੰਘ ਤੇ ਜਨਰਲ ਸਕੱਤਰ ਸ. ਸੁਖਵਿੰਦਰ ਸਿੰਘ, ਮੋਰਿੰਡਾ ਦੇ ਪ੍ਰਧਾਨ ਸ਼੍ਰੀ ਬਚਨ ਲਾਲ ਵਰਮਾ ਤੇ ਜਨਰਲ ਸਕੱਤਰ ਸ਼੍ਰੀ ਹਰਸ਼ ਕੋਹਲੀ, ਘਨੌਲੀ ਦੇ ਪ੍ਰਧਾਨ ਸ਼੍ਰੀ ਸੁਰੇਸ਼ ਕੁਮਾਰ ਨੂਰਪੁਰਬੇਦੀ ਦੇ ਪ੍ਰਧਾਨ ਸ਼੍ਰੀ ਰਜਿੰਦਰ ਕੁਮਾਰ ਤੇ ਜਨਰਲ ਸਕੱਤਰ ਸ਼੍ਰੀ ਅਸਵਨੀ ਆਦਿ ਹਾਜਰ ਸਨ।