ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ
ਰੂਪਨਗਰ, 20 ਸਤੰਬਰ: ਨੂਰਪੁਰਬੇਦੀ ਦੇ ਪਿੰਡ ਭਾਓਵਾਲ ਵਿਖੇ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਹਾੜ੍ਹੀ ਦੀਆਂ ਫਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਇਸ ਕੈਂਪ ਦੀ ਅਗਵਾਈ ਬਲਾਕ ਖੇਤੀਬਾੜੀ ਅਫਸਰ ਡਾ. ਪੰਕਜ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਉਹਨਾਂ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੀਆਂ ਬੀਮਾਰੀਆਂ ਅਤੇ ਵਾਤਾਵਰਨ ਪ੍ਰਦੂਸ਼ਿਤ ਹੋਣ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਨੇ ਕਿਸਾਨਾਂ ਤੋਂ ਪ੍ਰਣ ਲਿਆ ਕਿ ਉਹ ਇਸ ਵਾਰ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ।
ਇਸ ਤੋ ਇਲਾਵਾ ਕਿਸਾਨਾਂ ਨੂੰ ਪਰਾਲੀ ਨੂੰ ਖੇਤ ਵਿੱਚ ਰਲਾਉਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਿਆ ਕਿ ਇਸ ਨਾਲ ਮਿੱਟੀ ਦਾ ਜੈਵਿਕ ਕਾਰਬਨ, ਨਾਈਟ੍ਰੋਜਨ, ਫਾਸਫੋਰਸ, ਗੰਧਕ ਅਤੇ ਸੂਖਮ ਜੀਵਾਂ ਦੀ ਮਾਤਰਾ ਵਿੱਚ ਕਾਫੀ ਵਾਧਾ ਹੁੰਦਾ ਹੈ। ਲਗਾਤਾਰ 3 ਸਾਲ ਪਰਾਲੀ ਨੂੰ ਮਿੱਟੀ ਵਿੱਚ ਰਲਾਉਣ ਨਾਲ ਕਣਕ ਦੀ ਪੈਦਾਵਾਰ ਵਿੱਚ ਵੀ ਵਾਧਾ ਹੁੰਦਾ ਹੈ। ਇਸ ਸਬੰਧੀ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਉਪਲੱਬਧਤਾ ਅਤੇ ਵਰਤੋ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਤੇ ਕਿਸਾਨਾਂ ਨੇ ਭਰਪੂਰ ਗੱਲਬਾਤ ਕੀਤੀ। ਕਿਸਾਨਾਂ ਵਲੋ ਪਰਾਲੀ ਦੀਆਂ ਗੰਢਾਂ ਬਣਾਉਣ ਵਾਲੀ ਮਸ਼ੀਨ ਬਾਰੇ ਪੁੱਛਣ ਤੇ ਕਿਸਾਨਾਂ ਨੂੰ ਇਸ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਮੋਟੇ ਅਨਾਜਾਂ ਦੀ ਗੁਣਕਾਰੀ ਖੇਤੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਉਪਲੱਬਧ ਕਰਵਾਏ ਗਏ ਨਵੇਂ ਬੀਜਾਂ ਅਤੇ ਸਰਫੇਸ ਸੀਡਰ ਮਸ਼ੀਨ ਦੀ ਵਰਤੋਂ ਅਤੇ ਬੱਚਤ ਬਾਰੇ ਦੱਸਿਆ ਗਿਆ।
ਪਸ਼ੂ ਪਾਲਣ ਵਿਭਾਗ, ਰੂਪਨਗਰ ਵਲੋਂ ਆਏ ਡਾ. ਹਰਤੇਗ ਸਿੰਘ ਨੇ ਪਸ਼ੂਆਂ ਦੀ ਬੀਮਾਰੀਆਂ ਅਤੇ ਖੁਰਾਕਾਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ। ਪੀ.ਐਮ. ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਕਾਮਨ ਸਰਵਿਸ ਸੈਂਟਰ (ਈ-ਗਵਰਨੈਂਸ) ਤੋਂ ਆਏ ਸ਼੍ਰੀ ਸਾਹਿਲ ਕੁਮਾਰ ਨੇ ਲਾਭਪਾਤਰੀਆਂ ਦੀ ਈ-ਕੇ.ਵਾਈ. ਸੀ. ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਆਧਾਰ ਸੀਡਿੰਗ ਦਾ ਕੰਮ ਇੰਡੀਆ ਪੋਸਟ ਪੇਮੈਂਟ ਬੈਂਕ ਤੋਂ ਆਏ ਸ਼੍ਰੀ ਚਰਨਜੀਤ ਸਿੰਘ ਵਲੋਂ ਕੀਤਾ ਗਿਆ।
ਇਸ ਕੈਂਪ ਵਿੱਚ ਸਰਪੰਚ ਜਸਵਿੰਦਰ ਸਿੰਘ, ਕੁਲਵੰਤ ਸਿੰਘ, ਭੁਪਿੰਦਰ ਸਿੰਘ, ਬਲਜੀਤ ਸਿੰਘ, ਭਾਗ ਸਿੰਘ, ਅਤੇ ਲਗਭਗ 50 ਕਿਸਾਨਾਂ ਨੇ ਭਾਗ ਲਿਆ। ਕੈਂਪ ਨੂੰ ਨੇਪਰੇ ਚਾੜਨ ਲਈ ਸ਼੍ਰੀ ਸਮਸ਼ੇਰ ਸਿੰਘ ਖੇਤੀਬਾੜੀ ਸਬ ਇੰਸਪੈਕਟਰ, ਸ਼੍ਰੀ ਸੁਖਦੇਵ ਸਿੰਘ ਖੇਤੀਬਾੜੀ ਸਬ ਇੰਸਪੈਕਟਰ, ਸ਼੍ਰੀ ਬਲਵਿੰਦਰ ਸਿੰਘ, ਖੇਤੀਬਾੜੀ ਸਬ ਇੰਸਪੈਕਟਰ ਤੇ ਸ਼੍ਰੀ ਰਾਮ ਕੁਮਾਰ ਏ.ਟੀ.ਐਮ ਨੇ ਵਿਸ਼ੇਸ਼ ਸਹਿਯੋਗ ਦਿੱਤਾ।