ਬੰਦ ਕਰੋ

ਖੇਡਾਂ ਵਤਨ ਪੰਜਾਬ ਦੀਆਂ-2023: 25 ਅਗਸਤ ਨੂੰ ਰੂਪਨਗਰ ਪੁੱਜੇਗਾ ਮਸ਼ਾਲ ਮਾਰਚ – ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 22/08/2023
Kheda Wattan Punjab Diyan-2023: Torch March will reach Rupnagar on August 25 - Deputy Commissioner

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਖੇਡਾਂ ਵਤਨ ਪੰਜਾਬ ਦੀਆਂ-2023: 25 ਅਗਸਤ ਨੂੰ ਰੂਪਨਗਰ ਪੁੱਜੇਗਾ ਮਸ਼ਾਲ ਮਾਰਚ – ਡਿਪਟੀ ਕਮਿਸ਼ਨਰ

ਪ੍ਰਸ਼ਾਸਨ ਨੇ ਮਸ਼ਾਲ ਮਾਰਚ ਤੇ ਸੂਬਾ ਪੱਧਰੀ ਮੈਚਾਂ ਲਈ ਤਿਆਰੀਆਂ ਵਿੱਢੀਆਂ

ਜ਼ਿਲ੍ਹੇ ਦੇ ਨੌਜ਼ਵਾਨਾਂ ਨੂੰ www.khedanwatanpunjabdia.com ਪੋਰਟਲ ‘ਤੇ ਰਜਿਸਟਰ ਕਰਨ ਦੀ ਕੀਤੀ ਅਪੀਲ

ਰੂਪਨਗਰ, 22 ਅਗਸਤ : ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ 2023 ਦੇ ਸੀਜ਼ਨ-2 ਦੇ ਉਦਘਾਟਨੀ ਸਮਾਰੋਹ ਮੌਕੇ ਚਲਾਈ ਜਾਣ ਵਾਲੀ ਮਸ਼ਾਲ 25 ਅਗਸਤ ਦਿਨ ਸ਼ੁੱਕਰਵਾਰ ਨੂੰ ਰੂਪਨਗਰ ਦੇ ਹੈੱਡਕੁਆਟਰ ਵਿਖੇ ਪੁੱਜੇਗੀ ਜਿਸਦੇ ਸ਼ਾਨਦਾਰ ਸਵਾਗਤ ਲਈ ਸਥਾਨਕ ਉੱਘੇ ਖਿਡਾਰੀ, ਖੇਡ ਵਿਭਾਗ ਦੇ ਕਰਮਚਾਰੀ, ਸਥਾਨਕ ਨੁਮਾਇੰਦੇ ਅਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹੋਣਗੇ।

ਡਾ. ਪ੍ਰੀਤੀ ਯਾਦਵ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਖੇਡ ਸੱਭਿਆਚਾਰ ਪੈਦਾ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉਤੇ ਸ਼ੁਰੂ ਕੀਤੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪਹਿਲੇ ਸਾਲ ਦੀ ਸਫਲਤਾ ਤੋਂ ਬਾਅਦ ਇਸ ਸਾਲ ਸੀਜ਼ਨ-2 ਤੋਂ ਸ਼ੁਰੂਆਤ ਤੋਂ ਪਹਿਲਾਂ ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪਹਿਲੀ ਵਾਰ ਮਸ਼ਾਲ ਮਾਰਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜੋ ਕਿ 22 ਅਗਸਤ ਨੂੰ ਲੁਧਿਆਣਾ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹੁੰਦੀ ਹੋਈ 29 ਅਗਸਤ ਨੂੰ ਬਠਿੰਡਾ ਵਿੱਚ ਜਾ ਕੇ ਸਮਾਪਤ ਹੋਵੇਗੀ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਨੇ ਖੇਡਾਂ ਵਤਨ ਪੰਜਾਬ ਦੀਆਂ-2023 ਸਬੰਧੀ 25 ਅਗਸਤ ਨੂੰ ਰੂਪਨਗਰ ਵਿਖੇ ਪਹੁੰਚਣ ਵਾਲੇ ਮਸ਼ਾਲ ਮਾਰਚ ਦੇ ਸਵਾਗਤ ਤੋਂ ਇਲਾਵਾ ਜ਼ਿਲ੍ਹੇ ਵਿੱਚ ਕਰਵਾਏ ਜਾਣ ਵਾਲੀਆਂ ਖੇਡਾਂ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।

ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਜ਼ਿਲ੍ਹੇ ਦੇ ਚਾਹਵਾਨ ਨੌਜਵਾਨਾਂ ਨੂੰ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ www.khedanwatanpunjabdia.com ਪੋਰਟਲ ‘ਤੇ ਆਪਣੇ ਆਪ ਨੂੰ ਰਜਿਸਟਰ ਕਰਨ ਦੀ ਅਪੀਲ ਵੀ ਕੀਤੀ।