ਸਪਾਂਸਰਸ਼ਿਪ ਐਂਡ ਫੋਸਟਰ ਕੇਅਰ ਸਕੀਮ ਤਹਿਤ ਜ਼ਿਲ੍ਹੇ ਵਿੱਚ 71 ਬੱਚੇ ਲੈ ਰਹੇ ਲਾਭ: ਡਿਪਟੀ ਕਮਿਸ਼ਨਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਸਪਾਂਸਰਸ਼ਿਪ ਐਂਡ ਫੋਸਟਰ ਕੇਅਰ ਸਕੀਮ ਤਹਿਤ ਜ਼ਿਲ੍ਹੇ ਵਿੱਚ 71 ਬੱਚੇ ਲੈ ਰਹੇ ਲਾਭ: ਡਿਪਟੀ ਕਮਿਸ਼ਨਰ
ਡਾ ਪ੍ਰੀਤੀ ਯਾਦਵ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਬੱਚਿਆਂ ਨੂੰ ਖਿਡੌਣੇ ਵੰਡੇ
22 ਨਵੇਂ ਕੇਸਾਂ ਨੂੰ ਪ੍ਰਵਾਨਗੀ ਦਿੱਤੀ
ਰੂਪਨਗਰ, 2 ਅਗਸਤ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਸਪਾਂਸਰਸ਼ਿਪ ਐਂਡ ਫੋਸਟਰ ਕੇਅਰ ਅਪਰੂਵਲ ਕਮੇਟੀ (ਐਸ.ਐੱਫ.ਸੀ.ਏ.ਸੀ.) ਦੀ ਮੀਟਿੰਗ ਕਰਦਿਆਂ ਇਸ ਸਕੀਮ ਦਾ ਲਾਭ ਲੈ ਰਹੇ ਪਰਿਵਾਰਾਂ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਆਏ ਹੋਏ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆਂ ਕਰਵਾਇਆ ਗਿਆ ਅਤੇ ਬੱਚਿਆਂ ਨੂੰ ਖਿਡੌਣੇ ਵੀ ਵੰਡੇ ਗਏ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਦੁਆਰਾ ਮਿਸ਼ਨ ਵਾਤਸਲਿਆ ਅਧੀਨ ਸਪਾਂਸਰਸ਼ਿਪ ਐਂਡ ਫੋਸਟਰ ਕੇਅਰ ਸਕੀਮ ਤਹਿਤ ਬੇਸਹਾਰਾ, ਯਤੀਮ ਅਤੇ ਲੋੜਵੰਦ ਪਰਿਵਾਰਾਂ, ਜਿਨ੍ਹਾਂ ਦੀ ਸਲਾਨਾ ਆਮਦਨ 72,000 ਰੁਪਏ ਤੋਂ ਘੱਟ ਹੋਵੇ ਦੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਜਿਨ੍ਹਾਂ ਦੀ ਉਮਰ 18 ਸਾਲ ਤੱਕ ਹੁੰਦੀ ਹੈ, ਨੂੰ 4000 ਰੁਪਏ ਦੀ ਰਾਸ਼ੀ ਪ੍ਰਤੀ ਮਹੀਨਾ ਦਿੱਤੀ ਜਾਂਦੀ ਹੈ।
ਡਾ. ਪ੍ਰੀਤੀ ਯਾਦਵ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਅਧੀਨ ਜ਼ਿਲ੍ਹੇ ਵਿੱਚ 71 ਬੱਚੇ ਪਹਿਲਾਂ ਤੋਂ ਇਸ ਸਪਾਂਸਰਸ਼ਿਪ ਸਕੀਮ ਦਾ ਲਾਭ ਲੈ ਰਹੇ ਹਨ ਅਤੇ 22 ਨਵੇਂ ਹੋਰ ਸਪਾਂਸਰਸ਼ਿਪ ਦੇ ਕੇਸਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਆਏ ਹੋਏ ਸਾਰੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਦਿਆ ਸਪਾਂਸਰਸ਼ਿਪ ਤੋਂ ਇਲਾਵਾ ਹੋਰ ਵੀ ਘਰੇਲੂ ਜਰੂਰਤਾਂ ਬਾਰੇ ਪੁੱਛਿਆ ਗਿਆ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਾਜਿੰਦਰ ਕੌਰ ਨੂੰ ਇਨ੍ਹਾਂ ਜਰੂਰਤਾਂ ਨੂੰ ਪੂਰਾ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।
ਇਸ ਮੀਟਿੰਗ ਵਿੱਚ ਚੇਅਰਪਰਸਨ ਬਾਲ ਭਲਾਈ ਕਮੇਟੀ ਰੂਪਨਗਰ ਜਸਪਿੰਦਰ ਕੌਰ, ਪ੍ਰਤਿਭਾ ਸੈਣੀ, ਗਗਨਦੀਪ ਭਾਰਦਵਾਜ, ਮੈਂਬਰ ਬਾਲ ਭਲਾਈ ਕਮੇਟੀ ਮਨੀਸ਼ ਅਹੂਜਾ, ਬਾਲ ਸੁਰੱਖਿਆ ਅਫਸਰ ਕਰਮਪ੍ਰੀਤ ਸਿੰਘ, ਮਨਿੰਦਰ ਕੌਰ ਅਤੇ ਗੁਰਦੀਪ ਕੌਰ ਵੀ ਹਾਜ਼ਰ ਸਨ।