ਜ਼ਿਲ੍ਹੇ ਦੇ ਸਾਰੇ ਖਰੀਦ ਕੇਂਦਰਾਂ ‘ਤੇ ਕਣਕ ਦੀ ਖਰੀਦ ਪ੍ਰਕਿਰਿਆ ਨਿਰਵਿਘਨ ਜਾਰੀ -ਡਿਪਟੀ ਕਮਿਸ਼ਨਰ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜ਼ਿਲ੍ਹੇ ਦੇ ਸਾਰੇ ਖਰੀਦ ਕੇਂਦਰਾਂ ‘ਤੇ ਕਣਕ ਦੀ ਖਰੀਦ ਪ੍ਰਕਿਰਿਆ ਨਿਰਵਿਘਨ ਜਾਰੀ -ਡਿਪਟੀ ਕਮਿਸ਼ਨਰ
ਲੰਘੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 1 ਲੱਖ 38 ਹਜ਼ਾਰ 630 ਮੀਟਰਕ ਟਨ ਕਣਕ ਦੀ ਹੋਈ ਖਰੀਦ
ਖਰੀਦ ਕੀਤੀ ਕਣਕ ਦੀ ਕਿਸਾਨਾਂ ਨੂੰ 260 ਕਰੋੜ ਰੁਪਏ ਦੀ ਆਨਲਾਈਨ ਕੀਤੀ ਅਦਾਇਗੀ
ਖਰੀਦ ਏਜੰਸੀਆਂ ਨੂੰ ਲਿਫਟਿੰਗ ਵਿੱਚ ਹੋਰ ਤੇਜ਼ੀ ਲਿਆਉਣ ਦੀ ਹਦਾਇਤ
ਰੂਪਨਗਰ, 28 ਅਪ੍ਰੈਲ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਖਰੀਦ ਕੇਦਰਾਂ ਤੇ ਕਣਕ ਦੀ ਖਰੀਦ ਪ੍ਰਕਿਰਿਆ ਨਿਰਵਿਘਨ ਜਾਰੀ ਹੈ ਅਤੇ ਵੱਖ-ਵੱਖ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ।
ਡਾ. ਪ੍ਰੀਤੀ ਯਾਦਵ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ’ਚ ਹੁਣ ਤੱਕ 1 ਲੱਖ 38 ਹਜ਼ਾਰ 630 ਮੀਟਰਕ ਟਨ ਕਣਕ ਦੀ ਖਰੀਦੀ ਜਾ ਚੁੱਕੀ ਹੈ ਜਿਸ ਵਿਚੋਂ 72 ਹਜ਼ਾਰ 716 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ ਕਿਸਾਨਾਂ ਨੂੰ ਬਣਦੀਆਂ ਅਦਾਇਗੀਆਂ 48 ਘੰਟੇ ਦੇ ਅੰਦਰ-ਅੰਦਰ ਬੈਂਕ ਖਾਤਿਆਂ ਰਾਹੀਂ ਕੀਤੀਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਨਗਰੇਨ ਵੱਲੋਂ 40 ਹਜਾਰ 979 ਮੀਟਰਕ ਟਨ, ਮਾਰਕਫੈੱਡ ਵੱਲੋਂ 31 ਹਜ਼ਾਰ 922 ਮੀਟਰਕ ਟਨ, ਪਨਸਪ ਵੱਲੋਂ 29 ਹਜਾਰ 463 ਮੀਟਰਕ ਟਨ , ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 21 ਹਜਾਰ 130 ਮੀਟਰਕ ਟਨ ਅਤੇ ਐਫ.ਸੀ.ਆਈ ਵੱਲੋਂ 7 ਹਜ਼ਾਰ 979 ਮੀਟਰਕ ਟਨ ਅਤੇ ਵਪਾਰੀ ਵਰਗ ਵੱਲੋਂ 7 ਹਜ਼ਾਰ 177 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖਰੀਦੀ ਗਈ ਕਣਕ ਦੀ ਕਿਸਾਨਾਂ ਨੂੰ 260 ਕਰੋੜ ਰੁਪਏ ਦੀ ਆਨਲਾਈਨ ਅਦਾਇਗੀ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚੋਂ ਖਰੀਦ ਕੀਤੀ ਗਈ ਕਣਕ ਦੀ ਚੁਕਾਈ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਅਤੇ ਸਾਰੀਆਂ ਖਰੀਦ ਏਜੰਸੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਮੰਡੀਆਂ ਵਿਚੋ ਖਰੀਦ ਕੀਤੀ ਗਈ ਕਣਕ ਦੀ ਚੁਕਾਈ ਵਿਚ ਹੋਰ ਤੇਜ਼ੀ ਲਿਆਂਦੀ ਜਾਵੇ ਅਤੇ ਕਿਸਾਨਾਂ ਨੂੰ ਫਸਲ ਦੀ ਅਦਾਇਗੀ 48 ਘੰਟਿਆਂ ਵਿਚ ਕਰਨੀ ਯਕੀਨੀ ਬਣਾਈ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਨਾਜ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ ਦੀ ਫ਼ਸਲ ਦੀ ਨਾਲੋ-ਨਾਲ ਖਰੀਦ ਕੀਤੀ ਜਾ ਰਹੀ ਹੈ।
ਇਸੇ ਮੰਤਵ ਤਹਿਤ ਅੱਜ ਜ਼ਿਲ੍ਹਾ ਕੰਟਰੋਲਰ ਸ਼੍ਰੀਮਤੀ ਨਵਰੀਤ ਵੱਲੋਂ ਰੇਲ ਹੈਡ ਰੂਪਨਗਰ ਦਾ ਦੌਰਾ ਕੀਤਾ ਗਿਆ ਅਤੇ ਸਪੈਸ਼ਲ ਵਿੱਚ ਕਣਕ ਦੀ ਲਿਫਟਿੰਗ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।