ਬੰਦ ਕਰੋ

ਲੋਕ ਸਮੱਸਿਆਵਾਂ ਦਾ ਪਹਿਲਕਦਮੀ ਨਾਲ ਹੱਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ- ਸ. ਅਮਰੀਕ ਸਿੰਘ

ਪ੍ਰਕਾਸ਼ਨ ਦੀ ਮਿਤੀ : 18/04/2023
The district administration is committed to solving people's problems with initiative. Amrik Singh

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਲੋਕ ਸਮੱਸਿਆਵਾਂ ਦਾ ਪਹਿਲਕਦਮੀ ਨਾਲ ਹੱਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ- ਸ. ਅਮਰੀਕ ਸਿੰਘ

ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਨੇ ਪਿੰਡ ਬਲਰਾਮਪੁਰ ਵਿਖੇ ਜਨ ਸੁਣਵਾਈ ਕੈਂਪ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਸ਼੍ਰੀ ਚਮਕੌਰ ਸਾਹਿਬ, 18 ਅਪ੍ਰੈਲ:

ਪੰਜਾਬ ਸਰਕਾਰ ਦੇ ਆਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਵਿੱਚ ਜ਼ਿਲ੍ਹੇ ਅੰਦਰ ਲਗਾਤਾਰ ‘ਜਨ ਸੁਣਵਾਈ ਕੈਂਪਾਂ’ ਦਾ ਆਯੋਜਨ ਕਰਕੇ ਲੋਕਾਂ ਦੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਕੰਮਾਂ ਅਤੇ ਹੋਰ ਸਮੱਸਆਵਾਂ ਨੂੰ ਉਨ੍ਹਾ ਦੇ ਘਰਾਂ ਦੇ ਨਜ਼ਦੀਕ ਜਾ ਕੇ ਹੱਲ ਕੀਤਾ ਜਾ ਰਿਹਾ ਹੈ ਜੋ ਕਿ ਇਕ ਸ਼ਲਾਘਾਯੋਗ ਉਪਰਾਲਾ ਹੈ ਅਤੇ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ ਨੇ ਪਿੰਡ ਬਲਰਾਮਪੁਰ ਵਿਖੇ ਜਨ ਸੁਣਵਾਈ ਕੈਂਪ ਲਗਾ ਕੇ ਪਿੰਡ ਬਲਰਾਮਪੁਰ, ਮਨਜੀਤਪੁਰ ਅਤੇ ਮੁਕਾਰਬਪੁਰ ਦੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਮੌਕੇ ਕੀਤਾ।

ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਜਨ ਸੁਣਵਾਈ ਕੈਂਪ ਦੌਰਾਨ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਸ਼ਿਰਕਤ ਕਰਦਿਆਂ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ, ਜਿੰਨ੍ਹਾਂ ਵਿਚੋਂ ਬਹੁਤੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਗਿਆ ਅਤੇ ਬਾਕੀ ਰਹਿੰਦੀਆਂ ਦਰਖ਼ਾਸਤਾਂ ਮੌਕੇ ’ਤੇ ਹਾਜ਼ਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮਾਂਬੱਧ ਢੰਗ ਨਾਲ ਹੱਲ ਕਰਨ ਲਈ ਸੌਂਪੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਲੋਕ ਸਮੱਸਿਆਵਾਂ ਦਾ ਪਹਿਲਕਦਮੀ ਨਾਲ ਹੱਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ ਅਤੇ ਭਵਿੱਖ ਵਿਚ ਵੀ ਵੱਖ ਵੱਖ ਪਿੰਡਾਂ ਵਿਚ ਜਨ ਸੁਣਵਾਈ ਕੈਂਪ ਲਗਾ ਕੇ ਲੋਕਾਂ ਨੂੰ ਉਨ੍ਹਾਂ ਦੇ ਕੰਮ ਸੌਖਾਲੇ ਤਰੀਕੇ ਨਾਲ ਕਰਵਾਉਣ ਦੀ ਸੁਵਿਧਾ ਦਿੱਤੀ ਜਾਵੇਗੀ।

ਪਿੰਡ ਬਲਰਾਮਪੁਰ ਤੋਂ ਸਰਪੰਚ ਸ਼੍ਰੀਮਤੀ ਰਣਬੀਰ ਕੌਰ ਨੇ ਆਪਣੇ ਪਿੰਡ ਦੀ ਸਮੱਸਆ ਤੋਂ ਜਾਣੂ ਕਰਵਾਉਂਦਿਆਂ ਪਿੰਡ ਵਿੱਚ ਲਾਇਬ੍ਰੇਰੀ ਬਣਾਉਣ ਦੀ ਮੰਗ, ਕਮਿਊਨਟੀ ਸੈਂਟਰ ਬਣਾਉਣ ਦੀ ਮੰਗ, ਛੱਪੜ ਦੀ ਚਾਰਦੀਵਾਰੀ ਕਰਨ ਅਤੇ ਪਿੰਡ ਵਾਲੀ ਸੜਕ ਦੀ ਮੁਰੰਮਤ ਕਰਨ ਲਈ ਪ੍ਰਸ਼ਾਸ਼ਨ ਅੱਗੇ ਰੱਖੀ ਗਈ।

ਇਸ ਤੋਂ ਇਲਾਵਾ ਪਿੰਡ ਮੁਕਾਰਬਪੁਰ ਤੋਂ ਸਰਪੰਚ ਸ਼੍ਰੀਮਤੀ ਰਾਜਵੰਤ ਕੌਰ ਨੇ ਪਿੰਡ ਵਿੱਚ ਗੰਦੇ ਨਾਲੇ ਦੀ ਸਮੱਸਿਆ ਅਤੇ ਐਸ.ਸੀ.ਧਰਮਸ਼ਾਲਾ ਦੀ ਮੁਰੰਮਤ ਸੰਬੰਧੀ ਦੱਸਿਆ ਗਿਆ ਤੇ ਇਸ ਤੋਂ ਇਲਾਵਾ ਪਿੰਡ ਮਨਜੀਤ ਪੁਰਾ ਤੋਂ ਸਰਪੰਚ ਸ. ਜਗਤਾਰ ਸਿੰਘ ਨੇ ਵੀ ਆਪਣੇ ਪਿੰਡ ਦੀਆਂ ਸਮੱਸਿਆਵਾਂ ਬਾਰੇ ਦੱਸਿਆ।

ਇਸ ਮੌਕੇ ਤਹਿਸੀਲਦਾਰ ਸ਼੍ਰੀ ਚੇਤਨ ਬੰਗੜ, ਐਸ.ਐਮ.ਓ. ਡਾ. ਰਾਜੀਵ ਟੰਡਨ, ਨਾਇਬ ਤਹਿਸੀਲਦਾਰ ਸ. ਦਲਵਿੰਦਰ ਸਿੰਘ, ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਮੌਜੂਦ ਸਨ।