ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ‘ਤੇ ਐਸ ਡੀ ਐੱਮ ਨੇ ਛਾਪੇਮਾਰੀ ਕਰ ਨਜ਼ਾਇਜ਼ ਮਾਈਨਿੰਗ ਕਰ ਰਹੇ ਪੋਕਲੇਨ ਮਸ਼ੀਨ ਤੇ ਟਿੱਪਰ ਫੜਿਆ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਰੂਪਨਗਰ
ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ‘ਤੇ ਐਸ ਡੀ ਐੱਮ ਨੇ ਛਾਪੇਮਾਰੀ ਕਰ ਨਜ਼ਾਇਜ਼ ਮਾਈਨਿੰਗ ਕਰ ਰਹੇ ਪੋਕਲੇਨ ਮਸ਼ੀਨ ਤੇ ਟਿੱਪਰ ਫੜਿਆ
ਰੂਪਨਗਰ, 2 ਫਰਵਰੀ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀਆਂ ਹਦਾਇਤਾਂ ਉੱਤੇ ਐਸ ਡੀ ਐੱਮ ਰੂਪਨਗਰ ਹਰਬੰਸ ਸਿੰਘ ਵਲੋਂ ਪਿੰਡ ਰਾਮਪੁਰ ਵਿਖੇ ਛਾਪੇਮਾਰੀ ਕਰ ਨਜ਼ਾਇਜ਼ ਮਾਈਨਿੰਗ ਕਰ ਰਹੇ ਪੋਕਲੇਨ ਮਸ਼ੀਨ ਤੇ ਟਿੱਪਰ ਫੜਿਆ ਗਿਆ ਅਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਵਾਇਆ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸ ਡੀ ਐੱਮ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਜਿਸ ਤਹਿਤ ਵਿਆਪਕ ਪੱਧਰ ਉਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਰਾਮਪੁਰ ਵਿਖੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਜਨ ਸੁਨਾਵੀਂ ਕੈਂਪ ਵਿਖੇ ਪਹੁੰਚੇ ਸਨ ਜਿੱਥੇ ਉਨ੍ਹਾਂ ਵਲੋਂ ਪੰਚਾਇਤਾਂ ਅਤੇ ਪਿੰਡ ਵਾਸੀਆਂ ਦੀਆਂ ਸ਼ਿਕਾਇਤਾਂ ਸੁਣਿਆਂ ਜਾ ਰਹੀਆਂ ਸਨ ਜਿਸ ਦੌਰਾਨ ਇਕ ਪਿੰਡ ਵਾਸੀ ਵਲੋਂ ਬਰਸਾਤੀ ਨਦੀ ਵਿਖੇ ਨਜ਼ਾਇਜ਼ ਮਾਈਨਿੰਗ ਬਾਰੇ ਦੱਸਿਆ ਗਿਆ। ਜਿਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਇਲਾਕੇ ਦਾ ਦੌਰਾ ਕੀਤਾ ਗਿਆ।
ਐਸ ਡੀ ਐੱਮ ਹਰਬੰਸ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਉੱਤੇ ਇਲਾਕੇ ਵਿਚ ਨਜ਼ਾਇਜ਼ ਮਾਈਨਿੰਗ ਨੂੰ ਰੋਕਣ ਲਈ ਐਸ ਡੀ ਓ ਮਾਈਨਿੰਗ ਸ਼ਿਆਮ ਵਰਮਾ ਦੀ ਟੀਮ ਨਾਲ ਨਿਰੀਖਣ ਕੀਤਾ ਗਿਆ ਜਿਸ ਦੌਰਾਨ ਇਕ ਪੋਕਲੇਨ ਮਸ਼ੀਨ ਅਤੇ ਟਿੱਪਰ ਫੜਿਆ ਜੋ ਪਿੰਡ ਰਾਮਪੁਰ ਵਿਖੇ ਗੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਕਰ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਇਕ ਪੋਕਲੇਨ ਮਸ਼ੀਨ ਅਤੇ ਟਿੱਪਰ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅੱਗੇ ਪੜਤਾਲ ਕੀਤੀ ਜਾ ਰਹੀ ਹੈ।
ਇਸ ਮੌਕੇ ਮਾਈਨਿੰਗ ਵਿਭਾਗ ਤੋਂ ਜੇ ਈ ਰਕਸ਼ਿਤ ਚੌਧਰੀ, ਜੇ ਈ ਯਤਿਨ ਸ਼ਿਵਾਲਿਕ ਅਤੇ ਕਰਮਚਾਰੀ ਹਾਜ਼ਰ ਸਨ।