ਮਹਾਰਾਜਾ ਰਣਜੀਤ ਸਿੰਘ ਪਾਰਕ ਵਿਚ ਮਨਾਈ ਗਈ ਧੀਆਂ ਦੀ ਲੋਹੜੀ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਮਹਾਰਾਜਾ ਰਣਜੀਤ ਸਿੰਘ ਪਾਰਕ ਵਿਚ ਮਨਾਈ ਗਈ ਧੀਆਂ ਦੀ ਲੋਹੜੀ
ਲੋਹੜੀ ਦੇ ਮੇਲੇ-2023 ‘ਚ ਡਿਵੀਜ਼ਨਲ ਕਮਿਸ਼ਨਰ ਨੇ ਵਿਦਿਆਰਥਣਾਂ ਦਾ ਸਨਮਾਨ ਕੀਤਾ
ਆਈ ਟੀ ਆਈ, ਸਰਕਾਰੀ ਸਕੂਲ ਲੜਕੀਆਂ ਤੇ ਰੈੱਡ ਕਰਾਸ ਦੀਆਂ ਵਿਦਿਆਰਥਣਾਂ ਨੇ ਮੇਲੇ ਵਿਚ ਲਾਈਆਂ ਰੌਣਕਾਂ
ਵਿਦਿਆਰਥਣਾਂ ਨੇ ਗਾਇਕੀ ਤੇ ਗਿੱਧੇ ਨਾਲ ਦਰਸ਼ਕਾਂ ਦਾ ਮੰਨ ਮੋਹਿਆ
ਰੂਪਨਗਰ, 13 ਜਨਵਰੀ: ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਸੁਸਾਇਟੀ ਵਲੋਂ ਆਯੋਜਿਤ ਧੀਆਂ ਦੀ ਲੋਹੜੀ ਦੇ ਮੇਲੇ-2023 ਵਿਚ ਡਿਵੀਜ਼ਨਲ ਕਮਿਸ਼ਨਰ ਰੂਪਨਗਰ ਸ਼੍ਰੀ ਸੁਮੇਰ ਸਿੰਘ ਗੁਰਜ਼ਰ ਨੇ ਵੱਖ ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਅਤੇ ਕਿਹਾ ਅੱਜ ਦੇ ਇਸ ਆਧੁਨਿਕ ਯੁੱਗ ਵਿਚ ਲੜਕੀਆਂ ਨੇ ਹਰ ਖੇਤਰ ਵਿਚ ਮੱਲਾਂ ਮਾਰੀਆਂ ਹਨ ਅਤੇ ਸਿੱਖਿਆ ਦੇ ਖੇਤਰ ਵਿਚ ਲੜਕੀਆਂ, ਲੜਕਿਆਂ ਤੋਂ ਬਹੁਤ ਅੱਗੇ ਹਨ।
ਸਭਿਆਚਾਰਿਕ ਪ੍ਰੋਗਰਾਮ ਦੌਰਾਨ ਆਈ ਟੀ ਆਈ, ਸਰਕਾਰੀ ਸਕੂਲ ਲੜਕੀਆਂ ਤੇ ਰੈੱਡ ਕਰਾਸ ਦੀਆਂ ਵਿਦਿਆਰਥਣਾਂ ਨੇ ਗਾਇਕੀ ਤੇ ਗਿੱਧੇ ਨਾਲ ਦਰਸ਼ਕਾਂ ਦਾ ਮੰਨ ਮੋਹਿਆ ਅਤੇ ਆਪਣੀਆਂ ਵੱਖ ਵੱਖ ਪੇਸ਼ਕਾਰੀਆਂ ਨਾਲ ਮੇਲੇ ਦੀ ਰੌਣਕਾਂ ਨੂੰ ਦਿੱਤਾ ਵਧਾ ਜਿਸ ਨਾਲ ਮਹਾਰਾਜਾ ਰਣਜੀਤ ਪਾਰਕ ਵਿਚ ਲੱਗਿਆ ਇਹ ਮੇਲਾ ਯਾਦਗਾਰ ਬਣ ਗਿਆ।
ਇਸ ਮੌਕੇ ਸ਼੍ਰੀ ਸੁਮੇਰ ਸਿੰਘ ਗੁਰਜ਼ਰ ਨੇ ਜ਼ਿਲ੍ਹਾ ਵਾਸੀਆਂ ਨੂੰ ਲੋਹੜੀ ਦੀ ਸ਼ੁਭ ਕਾਮਨਾ ਦਿੰਦਿਆਂ ਕਿਹਾ ਕਿ ਲੋਹੜੀ ਦਾ ਤਿਉਹਾਰ ਸਾਨੂੰ ਬੁਰਾਈਆਂ ਨੂੰ ਛੱਡ ਚੰਗੇ ਪਾਸੇ ਤੁਰਨ ਲਈ ਵੀ ਪ੍ਰੇਰਦਾ ਹੈ ਅਤੇ ਸਾਨੂੰ ਪੁੱਤਰਾਂ ਦੇ ਨਾਲ ਧੀਆਂ ਦੀ ਲੋਹੜੀ ਵੀ ਵੱਧ ਚੜ ਕੇ ਮਨਾਉਣੀ ਚਾਹੀਦੀ ਹੈ ਜਿਸ ਨਾਲ ਸਮਾਜ ਦੇ ਹਰ ਵਰਗ ਨੂੰ ਹਾਂ ਪੱਖੀ ਸੰਦੇਸ਼ ਮਿਲਦਾ ਹੈ ਕਿ ਕੁੜੀਆਂ ਅਤੇ ਮੁੰਡਿਆਂ ਵਿੱਚ ਅੱਜ ਕੋਈ ਫਰਕ ਨਹੀਂ ਰਿਹਾ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਲੋਹੜੀ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਅੱਜ ਦੇ ਇਸ ਮੇਲੇ ਵਿਚ ਮਹਾਰਾਜਾ ਰਣਜੀਤ ਪਾਰਕ ਵਿਖੇ ਧੀਆਂ ਦੀ ਲੋਹੜੀ ਮਨਾ ਕੇ ਸਮਾਜ ਨੂੰ ਧੀਆਂ ਦੀ ਬਰਾਬਰੀ ਦਾ ਸੁਨੇਹਾ ਦਿੱਤਾ ਗਿਆ ਹੈ। ਇਸ ਵਾਰ
ਲੋਹੜੀ ਦਾ ਤਿਉਹਾਰ ਬੁਰਾਈਆਂ ਦੇ ਖਾਤਮੇ ਵਾਲਾ ਹੋਵੇ ਅਤੇ ਸਮਾਜ ਦੇ ਸਾਰੇ ਲੋਕ ਅਮਨ ਅਤੇ ਚੈਨ ਨਾਲ ਰਹਿਣ। ਉਨ੍ਹਾਂ ਕਿਹਾ ਕਿ ਧੀਆਂ ਦੀ ਲੋਹੜੀ ਜਸਮਾਜ ਵਿੱਚ ਧੀਆਂ ਦੇ ਹੱਕਾਂ ਨੂੰ ਉਤਸ਼ਾਹਿਤ ਕਰਦੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਰਜੋਤ ਕੌਰ, ਸਹਾਇਕ ਕਮਿਸ਼ਨਰ ਦੀਪਾਂਕਰ ਗਰਗ, ਸਹਾਇਕ ਕਮਿਸ਼ਨਰ ਅਨਮਜੋਤ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਾਜਿੰਦਰ ਕੌਰ, ਆਈ ਆਈ ਟੀ ਲੜਕੀਆਂ ਤੋਂ ਪ੍ਰਭਜੋਤ ਕੌਰ ਅਤੇ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।