ਬੰਦ ਕਰੋ

ਸੇਵਾ ਕੇਂਦਰ ਦੀ ਕਾਰਗੁਜ਼ਾਰੀ ਦੀ ਲੋਕਾਂ ਵੱਲੋਂ ਸ਼ਲਾਘਾ

ਪ੍ਰਕਾਸ਼ਨ ਦੀ ਮਿਤੀ : 21/12/2022
People appreciated the performance of the service center

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ 

ਸੇਵਾ ਕੇਂਦਰ ਦੀ ਕਾਰਗੁਜ਼ਾਰੀ ਦੀ ਲੋਕਾਂ ਵੱਲੋਂ ਸ਼ਲਾਘਾ

ਗੁਡ ਗਵਰਨੈਂਸ ਹਫਤੇ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਸੇਵਾ ਕੇਂਦਰ ਦੀ ਚੈਕਿੰਗ

ਸਟਾਫ਼ ਨੂੰ ਪੂਰੀ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਆ

ਰੂਪਨਗਰ, 21 ਦਸੰਬਰ: 

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਾਗਰਿਕਾਂ ਨੂੰ ਨਿਰਵਿਘਨ ਤੇ ਸੁਖਾਲੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਚਲਾਏ ਜਾ ਰਹੇ ਸੇਵਾ ਕੇਂਦਰ ਕਾਫ਼ੀ ਲਾਹੇਵੰਦ ਸਿੱਧ ਹੋ ਰਹੇ ਹਨ। 

ਸੇਵਾ ਕੇਂਦਰ ਵਿੱਚ ਆਪਣਾ ਕੰਮ ਕਰਾਉਣ ਆਏ ਸ਼੍ਰੀਮਤੀ ਮੀਨਾਕਸ਼ੀ ਵਰਮਾ ਵਾਸੀ ਰੂਪਨਗਰ ਨੇ ਦੱਸਿਆ ਕਿ ਇੱਥੋਂ ਦੇ ਸਟਾਫ਼ ਵੱਲੋਂ ਲੋਕਾਂ ਨੂੰ ਨਿਰਵਿਘਨ ਸੇਵਾਵਾਂ ਚੰਗੇ ਢੰਗ ਨਾਲ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੱਥੇ ਮੌਜੂਦ ਸਟਾਫ਼ ਹਰ ਸੰਭਵ ਮਦਦ ਕਰਨ ਲਈ ਤਤਪਰ ਹੈ।

ਇਸੇ ਤਰ੍ਹਾਂ ਸ. ਗੁਰਦੀਪ ਸਿੰਘ ਵਾਸੀ ਭਿਓਰਾ ਨੇ ਦੱਸਿਆ ਕਿ ਉਹ ਆਪਣੇ ਘੋਸ਼ਣਾ ਪੱਤਰ ਸਬੰਧੀ ਕੰਮ ਲਈ ਆਏ ਸਨ। ਇਹ ਕੰਮ ਇੱਥੇ ਮੌਜੂਦ ਸਟਾਫ਼ ਵੱਲੋਂ ਬੜੇ ਤਸੱਲੀਬਖ਼ਸ਼ ਤਰੀਕੇ ਨਾਲ ਨੇਪਰੇ ਚਾੜ੍ਹਿਆ ਗਿਆ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ ਕਿ ਨਾਗਰਿਕਾਂ ਦੇ ਹਰ ਇੱਕ ਕੰਮ ਬੜੇ ਸੌਖੇ ਤੇ ਘੱਟ ਸਮੇਂ ਵਿੱਚ ਹੋ ਜਾਂਦਾ ਹੈ।

 

ਇਸੇ ਦੌਰਾਨ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਵੀ ਸੇਵਾ ਕੇਂਦਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਵਲੋੰ ਸੇਵਾ ਕੇਂਦਰ ਦਾ ਕੰਮ ਕਾਜ ਵੇਖਿਆ ਗਿਆ ਅਤੇ ਸੇਵਾ ਕੇਂਦਰ ਵਿਚ ਆਏ ਹੋਏ ਲੋਕਾਂ ਤੋਂ ਵੀ ਸੇਵਾ ਕੇਂਦਰ ਬਾਰੇ ਗੱਲਬਾਤ ਕੀਤੀ ਗਈ। ਲੋਕਾਂ ਵੱਲੋਂ ਪ੍ਰਾਪਤ ਪ੍ਰਤੀਕਿਰਿਆ ਦੇ ਅਧਾਰ ਉੱਤੇ ਡਿਪਟੀ ਕਮਿਸ਼ਨਰ ਨੇ ਸੇਵਾ ਕੇਂਦਰ ਦੇ ਸਟਾਫ਼ ਦੀ ਸ਼ਲਾਘਾ ਕੀਤੀ ਤੇ ਇਸੇ ਤਰ੍ਹਾਂ ਪੂਰੀ ਲਗਨ ਨਾਲ ਕੰਮ ਕਰਨ ਲਈ ਕਿਹਾ।

 

ਪੰਜਾਬ ਸਰਕਾਰ ਵੱਲੋਂ ਗੁਡ ਗਵਰਨੈਂਸ ਹਫਤਾ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਡਾ. ਪ੍ਰੀਤੀ ਯਾਦਵ ਵੱਲੋਂ ਚੈਕਿੰਗ ਦੌਰਾਨ ਉਨ੍ਹਾਂ ਕਰਮਚਾਰੀਆਂ ਨੂੰ ਪੈਂਡਿੰਗ ਦਰਖਾਸ਼ਤਾਂ ਦਾ ਤੁਰੰਤ ਨਿਪਟਾਰਾ ਕਰਨ ਅਤੇ ਪਬਲਿਕ ਦਾ ਕੰਮ ਨਿਰਵਿਘਨ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਹਰੇਕ ਨਾਗਰਿਕ ਨੂੰ ਪਹਿਲ ਦੇ ਆਧਾਰ ’ਤੇ ਮੁਸ਼ਕਲ ਰਹਿਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਉਹਨਾਂ ਕਿਹਾ ਕਿ ਨਾਗਰਿਕਾਂ ਨੂੰ ਨਿਰਵਿਘਨ ਤੇ ਸੁਖਾਲੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਸੂਬਾ ਸਰਕਾਰ ਹਮੇਸ਼ਾ ਯਤਨਸ਼ੀਲ ਹੈ।

ਇਸ ਮੌਕੇ ਡੀਟੀਸੀ ਸ਼੍ਰੀ ਕਮਲ ਕੁਮਾਰ, ਜ਼ਿਲ੍ਹਾ ਮੈਨੇਜਰ ਸ.ਕਮਲਜੀਤ ਸਿੰਘ, ਸਹਾਇਕ ਜ਼ਿਲ੍ਹਾ ਮੈਨੇਜਰ ਸ.ਗੁਰਤੇਜ ਸਿੰਘ, ਮਾਸਟਰ ਟਰੇਨਰ ਸ. ਬਲਜੀਤ ਸਿੰਘ, ਆਈਟੀ ਇੰਜਨੀਅਰ ਸ਼੍ਰੀ ਰਵਿੰਦਰ, ਹੈਲਪ ਡੈਸਕ ਓਪਰੇਟਰ ਸ.ਗਗਨਦੀਪ ਸਿੰਘ, ਸਮੂਹ ਓਪਰੇਟਰ ਸ.ਅਮਨਦੀਪ ਸਿੰਘ, ਸ.ਬਲਜਿੰਦਰ ਸਿੰਘ, ਸ਼੍ਰੀਮਤੀ ਅਮਨਪ੍ਰੀਤ ਕੌਰ, ਸ਼੍ਰੀਮਤੀ ਰਜਿੰਦਰ ਕੌਰ, ਸ.ਨਰਿੰਦਰ ਸਿੰਘ, ਸ. ਜਤਿੰਦਰ ਸਿੰਘ, ਸ.ਜਸਪਾਲ ਸਿੰਘ, ਸ.ਸੁਖਵਿੰਦਰ ਸਿੰਘ, ਸ.ਮਨਮੋਹਨ ਸਿੰਘ, ਸ਼੍ਰੀ ਅਜੇ ਕੁਮਾਰ ਅਤੇ ਸ.ਪਰਮਜੀਤ ਸਿੰਘ ਹਾਜ਼ਰ ਸਨ।