ਬੰਦ ਕਰੋ

ਐਸ ਡੀ ਐਮ ਹਰਬੰਸ ਸਿੰਘ ਵੱਲੋਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਵਾਏ ਗਏ

ਪ੍ਰਕਾਸ਼ਨ ਦੀ ਮਿਤੀ : 01/12/2022
Illegal encroachments were removed from the roads by SDM Harbans Singh

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਐਸ ਡੀ ਐਮ ਹਰਬੰਸ ਸਿੰਘ ਵੱਲੋਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਵਾਏ ਗਏ

ਸੜਕਾਂ ‘ਤੇ ਹਾਦਸੇ ਰੋਕਣ ਅਤੇ ਆਵਾਜਾਈ ਸੁਖਾਲੀ ਕਰਨ ਲਈ ਚੁੱਕੇ ਜਾ ਰਹੇ ਹਨ ਕਦਮ 

ਰੂਪਨਗਰ, 1 ਦਸੰਬਰ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਐਸ ਡੀ ਐਮ ਰੂਪਨਗਰ ਸ. ਹਰਬੰਸ ਸਿੰਘ ਦੀ ਅਗਵਾਈ ਵਿੱਚ ਸ਼ਹਿਰ ਦੀ ਨਗਰ ਕੌਂਸਲ ਦੀ ਟੀਮ ਨੂੰ ਨਾਲ ਲੈ ਕੇ ਸ਼ਹਿਰ ਦੀਆਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਵਾਏ ਗਏ।

 

ਇਸ ਮੌਕੇ ਗੱਲਬਾਤ ਕਰਦਿਆਂ ਐਸ ਡੀ ਐਮ ਰੂਪਨਗਰ ਸ. ਹਰਬੰਸ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਬਾਜ਼ਾਰਾਂ ਅੰਦਰ ਦੁਕਾਨਦਾਰਾਂ ਵੱਲੋਂ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਰੱਖੇ ਸਾਮਾਨ ਨਾਲ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਤਾਂ ਜੋ ਆਵਾਜਾਈ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਅਤੇ ਕੋਈ ਸੜਕ ਹਾਦਸਾ ਵੀ ਨਾ ਹੋਵੇ।

ਸ. ਹਰਬੰਸ ਸਿੰਘ ਨੇ ਦੱਸਿਆ ਕਿ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਦੀ ਚੌੜਾਈ ਜਿਆਦਾ ਨਹੀਂ ਹੈ। ਬਜ਼ਾਰਾਂ ਵਿੱਚ ਸਥਾਨਕ ਦੁਕਾਨਦਾਰਾਂ ਵੱਲੋਂ ਆਪਣਾ ਸਮਾਨ ਦੁਕਾਨਾਂ ਸਾਹਮਣੇ ਸੜਕ ਤੇ ਰੱਖਿਆ ਹੋਇਆ ਆਮ ਨਜ਼ਰ ਆਉਂਦਾ ਹੈ, ਜਿਸ ਨਾਲ ਬਜ਼ਾਰ ਹੋਰ ਵੀ ਜਿਆਦਾ ਭੀੜੇ-ਭੀੜੇ ਲੱਗਦੇ ਹਨ। ਇਸ ਤੋਂ ਇਲਾਵਾ ਗ੍ਰਾਹਕਾਂ ਦੇ ਮੋਟਰਸਾਇਕਲ ਆਦਿ ਵਾਹਨ ਬਜ਼ਾਰਾਂ ਨੂੰ ਹੋਰ ਤੰਗ ਕਰ ਦਿੰਦੇ ਹਨ, ਜਿਸ ਨਾਲ ਬਜ਼ਾਰਾਂ ਵਿੱਚ ਆਉਣ ਜਾਣ ਵਾਲੇ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਵਾਧੂ ਸਮਾਨ ਰੱਖਿਆ ਹੋਇਆ ਹੁੰਦਾ ਹੈ, ਜਿਸ ਕਾਰਨ ਦੁਕਾਨਾਂ ਅੱਗੇ ਕੋਰੀਡੋਰਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਜਿਸ ਨਾਲ ਆਮ ਲੋਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੂੰ ਖਰਾਬ ਮੌਸਮ ਦੌਰਾਨ ਖੜ੍ਹਨਾ ਬੈਠਣਾ ਵੀ ਔਖਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਇਹ ਕਬਜ਼ੇ ਵੀ ਹਟਾ ਕੇ ਕੋਰੀਡੋਰ ਆਮ ਜਨਤਾ ਲਈ ਬਿਲਕੁਲ ਖਾਲੀ ਕਰਾਏ ਜਾਣਗੇ।

 

ਇਸ ਮੌਕੇ ਕਾਰਜ ਸਾਧਕ ਅਫਸਰ ਰੂਪਨਗਰ ਸ. ਅਮਨਦੀਪ ਸਿੰਘ, ਪੁਲਿਸ ਅਤੇ ਨਗਰ ਕੌਂਸਲ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।