ਅਗਾਮੀ ਝੋਨੇ ਦੀ ਖਰੀਦ ਪ੍ਰਕਿਰਿਆ ਨੂੰ ਲੈ ਕੇ ਲੋੜੀਂਦੇ ਪ੍ਰਬੰਧ 30 ਸਤੰਬਰ ਤੱਕ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ-ਡਿਪਟੀ ਕਮਿਸ਼ਨਰ
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਅਗਾਮੀ ਝੋਨੇ ਦੀ ਖਰੀਦ ਪ੍ਰਕਿਰਿਆ ਨੂੰ ਲੈ ਕੇ ਲੋੜੀਂਦੇ ਪ੍ਰਬੰਧ 30 ਸਤੰਬਰ ਤੱਕ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ-ਡਿਪਟੀ ਕਮਿਸ਼ਨਰ
ਦੂਜੇ ਰਾਜਾਂ ਤੋਂ ਅਣ-ਅਧਿਕਾਰਤ ਤੌਰ ’ਤੇ ਆਉਣ ਵਾਲੇ ਝੋਨੇ ਨੂੰ ਰੋਕਣ ਲਈ ਕੀਤੀ ਜਾਵੇਗੀ ਨਾਕਾਬੰਦੀ
ਡਿਪਟੀ ਕਮਿਸਨਰ ਨੇ ਕਿਸਾਨਾਂ ਨੂੰ ਝੋਨੇ ਦੀ ਫਸਲ ਸੁਕਾ ਕੇ ਮੰਡੀ ਵਿੱਚ ਲਿਆਉਣ ਦੀ ਅਪੀਲ ਕੀਤੀ
ਕਿਹਾ ਅਗਾਮੀ ਝੋਨੇ ਦੇ ਸੀਜ਼ਨ ਦੌਰਾਨ ਆਪਸੀ ਤਾਲਮੇਲ ਨਾਲ ਡਿਊਟੀ ਕਰਨ ਸਮੂਹ ਅਧਿਕਾਰੀ
ਰੂਪਨਗਰ, 29 ਸਤੰਬਰ:
ਜ਼ਿਲਾ ਪ੍ਰਬੰਧਕੀ ਕੰਪਲੈਕਸ਼ ਦੇ ਕਮੇਟੀ ਹਾਲ ਵਿਖੇ ਅਗਾਮੀ ਝੋਨੇ ਦੇ ਸ਼ੁਰੂ ਹੋਣ ਵਾਲੇ ਖਰੀਦ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਵੱਖ-ਵੱਖ ਖਰੀਦ ਏਜੰਸੀਆਂ ਸਮੇਤ ਹੋਰਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ।
ਉਨ੍ਹਾਂ ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਫਸਲ ਸੁਕਾ ਕੇ ਮੰਡੀ ਵਿੱਚ ਲਿਆਉਣ ਤਾਂ ਜੋ ਮੰਡੀ ਵਿੱਚ ਆ ਕੇ ਕਿਸੀ ਤਰਾਂ ਦੀ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ।
ਉਨ੍ਹਾਂ ਐਸ ਡੀ ਐਮਜ਼ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਵਰਖਾ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਡੀਆਂ ਵਿਚ ਤਰਪਾਲਾਂ ਦਾ ਪੁੱਖਤਾ ਪ੍ਰਬੰਧ ਯਕੀਨੀ ਤੌਰ ਉੱਤੇ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਕਿ ਜ਼ਿਲਾ ਮੰਡੀ ਅਫਸਰ ਨਿਰਮਲ ਸਿੰਘ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਜ਼ਿਲੇ ਦੇ ਕਰੀਬ 23 ਮੰਡੀਆਂ ਤੇ 2 ਸਬ ਮੰਡੀਆਂ ਦੇ ਅੰਦਰ ਸਾਫ ਸਫਾਈ, ਪਾਣੀ, ਬਿਜਲੀ, ਆਰਜ਼ੀ ਬਾਥਰੂਮ ਸਮੇਤ ਹੋਰ ਲੋੜੀਂਦੇ ਪ੍ਰਬੰਧਾਂ ਨੂੰ 30 ਸਤੰਬਰ ਤੱਕ ਮੁਕੰਮਲ ਕਰਨਾ ਯਕੀਨੀ ਬਣਾ ਲਿਆ ਜਾਵੇ, ਤਾਂ ਜੋ ਮੰਡੀਆਂ ਅੰਦਰ ਆਪਣੀ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਸਮੇਤ ਮਜ਼ਦੂਰਾਂ, ਆੜਤੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਉਨ੍ਹਾਂ ਕਿਹਾ ਕਿ ਐਸ ਡੀ ਐਮਜ਼ ਵਲੋਂ ਜ਼ਿਲੇ ਦੀ ਹਰੇਕ ਮੰਡੀ ਦਾ ਆਪਣੇ ਪੱਧਰ ’ਤੇ ਜਾਇਜ਼ਾ ਲਿਆ ਜਾਵੇ, ਜਿੱਥੇ ਖਰੀਦ ਕਾਰਜ਼ਾਂ ਨਾਲ ਸਬੰਧਤ ਕਿਸੇ ਕੰਮ ਦੀ ਲੋੜ ਹੋਵੇ, ਉਸਨੂੰ ਤੁਰੰਤ ਪਹਿਲਕਦਮੀ ਨਾਲ ਹੱਲ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਖਰੀਦ ਏਜੰਸੀਆਂ ਸਮੇਤ ਖਰੀਦ ਕਾਰਜ਼ਾਂ ਨਾਲ ਜੁੜੇ ਹੋਰਨਾਂ ਅਧਿਕਾਰੀਆਂ ਨੂੰ ਜਿੱਥੇ ਆਪਸੀ ਤਾਲਮੇਲ ਨਾਲ ਡਿਊਟੀ ਕਰਨ ਲਈ ਕਿਹਾ, ਉਥੇ ਉਨਾਂ ਨੇ ਸਪੱਸ਼ਟ ਕੀਤਾ ਕਿ ਖਰੀਦ ਪ੍ਰਕਿਰਿਆਂ ਦੌਰਾਨ ਕਿਸੇ ਕਿਸਮ ਦੀ ਅਣਗਹਿਲੀ ਜਾਂ ਢਿੱਲਮੱਠ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨਾਂ ਖਰੀਦ ਏਜੰਸੀਆ ਤੋਂ ਆਏ ਅਧਿਕਾਰੀਆਂ ਤੋਂ ਬਾਰਦਾਨਾ, ਢੋਆ ਢੁਆਈ, ਲੇਬਰ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਹਰੇਕ ਖਰੀਦ ਏਜੰਸੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਖਰੀਦ ਵੇਲੇ ਮਾਪਦੰਡਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਵੇ। ਉਨਾਂ ਕਿਹਾ ਕਿ ਹਰੇਕ ਖਰੀਦ ਸਮੇਂ ਹਰੇਕ ਮੰਡੀ ਅੰਦਰ ਨਮੀ ਦੀ ਮਾਤਰਾ ਚੈਕ ਕਰਨ ਲਈ ਪ੍ਰਮਾਣਿਤ ਮਸ਼ੀਨਾਂ ਅਤੇ ਕੰਡੇ ਦਾ ਪਹਿਲਾ ਤੋਂ ਪ੍ਰਬੰਧ ਕਰ ਲਿਆ ਜਾਵੇ। ਉਨਾਂ ਕਿਹਾ ਕਿ ਦੂਜੇ ਰਾਜਾਂ ਤੋਂ ਅਣ-ਅਧਿਕਾਰਤ ਤੌਰ ’ਤੇ ਆਉਣ ਵਾਲੇ ਝੋਨੇ ਨੂੰ ਰੋਕਣ ਲਈ ਜ਼ਿਲਾ ਰੂਪਨਗਰ ਅੰਦਰ ਨਾਕਾਬੰਦੀ ਕੀਤੀ ਜਾਵੇਗੀ।
ਉਨਾਂ ਜ਼ਿਲੇ ਦੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਮੰਡੀਆਂ ’ਚ ਝੋਨੇ ਦੀ ਆਮਦ ਸ਼ੁਰੂ ਹੋਣ ਸੰਭਾਵਨਾ ਹੈ, ਜਿਸਦੇ ਮੱਦੇਨਜ਼ਰ ਸਮੂਹ ਕਿਸਾਨ ਮੰਡੀਆਂ ਅੰਦਰ ਸੁੱਕੀ ਤੇ ਸਾਫ਼ ਸੁਥਰੀ ਫਸਲ ਲਿਆਉਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਸ. ਦਮਨਜੀਤ ਸਿੰਘ ਮਾਨ, ਐਸ ਡੀ ਐਮ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀਮਤੀ ਕਿਰਨ ਸ਼ਰਮਾ, ਐਸ ਡੀ ਐਮ ਸ਼੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ, ਤਹਿਸੀਲਦਾਰ ਸ੍ਰੀ ਚਮਕੌਰ ਸਾਹਿਬ ਚੇਤਨ ਬੰਗੜ, ਤਹਿਸੀਲਦਾਰ ਰੂਪਨਗਰ ਸ. ਜਸਪ੍ਰੀਤ ਸਿੰਘ, ਪ੍ਰਧਾਨ ਆੜਤੀਆਂ ਐਸੋਸ਼ੀਏਸ਼ਨ ਸ. ਮੇਜਰ ਸਿੰਘ ਮਾਂਗਟ, ਟਰਾਂਸਪੋਰਟਰ, ਸ਼ੈਲਰ ਮਾਲਕ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ