ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਵੱਖ ਵੱਖ ਕਿਸਾਨ ਜੱਥੇਬੰਦੀਆਂ/ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਪ੍ਰੈਸ ਨੋਟ ਮਿਤੀ 08 ਅਕਤੂਬਰ, 2018
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।
ਜ਼ਿਲ੍ਹੇ ਦੀ ਪਵਿੱਤਰ ਧਰਤੀ ਤੋਂ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ਤੋਂ ਛੁਟਕਾਰਾ ਦਿਵਾਉਣ ਦੀ ਅਪੀਲ
ਕਿਸਾਨ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਨੂੰ ਜ਼ਮੀਨ ਵਿੱਚ ਹੀ ਵਾਹੁਣ ਨੂੰ ਦੇਣ ਤਰਜ਼ੀਹ
ਰੂਪਨਗਰ, 08 ਅਕਤੂਬਰ:
ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਕਿਉਂਕਿ ਅਜਿਹਾ ਕਰਨਾ ਜਿਥੇ ਗੈਰ ਕਾਨੂੰਨੀ ਹੈ ਉਥੇ ਹੀ ਇਸ ਦਾ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੀ ਝੱਲਣਾ ਪੈਂਦਾ ਹੈ। ਕਿਉਂਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਤੇ ਧਰਤੀ ਵਿਚਲੇ ਕਿਸਾਨ ਦੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ।ਇਹ ਅਪੀਲ ਡਿਪਟੀ ਕਮਿਸ਼ਨਰ ਡਾਕਟਰ ਸੁਮੀਤ ਜਾਰੰਗਲ ਨੇ ਅੱਜ ਇਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਜ਼ਿਲ੍ਹੇ ਦੀਆਂ ਵੱਖ ਵੱਖ ਕਿਸਾਨ ਜੱਥੇਬੰਦੀਆਂ/ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕੀਤੀ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਪਰਾਲੀ ਨੂੰ ਖੇਤ ਵਿੱਚ ਹੀ ਵਾਹੁਣ ਨੂੰ ਤਰਜ਼ੀਹ ਦਿਤੀ ਜਾਵੇ ਤਾਂ ਜੋ ਜ਼ਿਲ੍ਹੇ ਦੀ ਪਵਿੱਤਰ ਧਰਤੀ ਤੋਂ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ਨੂੰ ਹਮੇਸ਼ਾਂ ਲਈ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਦਾ ਕੋਈ ਲਾਭ ਨਹੀਂ ਹੈ ਸਗੋਂ ਨੁਕਸਾਨ ਹੀ ਹੈ। ਇਸ ਦਾ ਪਹਿਲਾ ਸ਼ਿਕਾਰ ਕਿਸਾਨ ਖੁੱਦ ਅਤੇ ਉਸਦਾ ਪਰਿਵਾਰ ਹੁੰਦਾ ਹੇ ਇਸ ਨਾਲ ਜਿਥੇ ਪ੍ਰਦੂਸ਼ਣ ਫੈਲਦਾ ਹੈ ਉਥੇ ਜ਼ਮੀਨ ਦੇ ਮਿੱਤਰ ਕੀੜੇ ਵੀ ਸੜ ਜਾਂਦੇ ਹਨ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨੂੰ ਮਾਨਯੋਗ ਸੁਪਰੀਮ ਕੌਰਟ ਅਤੇ ਰਾਸ਼ਟਰੀ ਗਰੀਨ ਟ੍ਰੀਬਿਊਨਲ ਵਲੋਂ ਸੈਟੇਲਾਈਟ ਰਾਹੀਂ ਨਿਗਰਾਨੀ ਰਖਦੇ ਹੋਏ ਖੁੱਦ ਮੋਨੀਟਰ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਅੱਗ ਲਾਉਣ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਜੀ ਜਿਮੇਵਾਰੀ ਨਿਸ਼ਚਿਤ ਕੀਤੀ ਗਈ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦਿੰਦੇ ਹੋਏ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ।ਜੇਕਰ ਕਿਸੇ ਕਿਸਾਨ ਵਲੋਂ ਪਰਾਲੀ ਨੂ ਅੱਗ ਲਗਾਈ ਜਾਂਦੀ ਹੈ ਤਾਂ ਉਸਦੇ ਰੈਵੀਨਿਊ ਰਿਕਾਰਡ ਵਿਚ ਰੈਡ ਐਂਟਰੀ ਕਰ ਦਿਤੀ ਜਾਵੇਗੀ।
ਮੀਟਿੰਗ ਦੌਰਾਨ ਵੱਖ ਵੱਖ ਜਥੇਬੰਦੀਆਂ ਨੁਮਾਇੰਦਿਆਂ ਨੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਅਤੇ ਭਰੋਸਾ ਦਿਵਾਇਆ ਕਿ ਉਹ ਪਿਛਲੇ ਸਾਲ ਵਾਂਗ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦਿੰਦੇ ਹੋਏ ਇਸ ਸਾਲ ਵੀ ਪਰਾਲੀ ਨੂੰ ਅੱਗ ਨਹੀਂ ਲਾਉਣਗੇ।
ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸ਼੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ(ਜ), ਸ਼੍ਰੀ ਕੇਸਰ ਰਾਮ ਬੰਗਾ ਮੁੱਖ ਖੇਤੀਬਾੜੀ ਅਫਸਰ, ਭਾਰਤੀ ਕਿਸਾਨ ਯੂਨੀਅਨ ਲੱਖੇਵਾਲ ਦੇ ਜਨਰਲ ਸਕੱਤਰ ਸ਼੍ਰੀ ਅਮਰਿੰਦਰ ਸਿੰਘ , ਸ਼੍ਰੀ ਮੇਹਰ ਸਿੰਘ, ਭਾਰਤੀ ਕਿਸਾਨ ਯੂਨੀਅਨ ਸਿਧੂਪੁਰ ਦੇ ਸ਼੍ਰੀ ਪ੍ਰਗਟ ਸਿੰਘ ਰੌਲੂਮਾਜਰਾ, ਸ਼੍ਰੀ ਗੁਰਮੀਤ ਸਿੰਘ ਭੋਜੇਮਾਜਰਾ, ਸ਼੍ਰੀ ਅਜੀਤ ਸਿੰਘ ਖੇੜੀ, ਸ਼੍ਰੀ ਕਮਲਜੀਤ ਸਿੰਘ, ਸ਼੍ਰੀ ਗੁਰਮੇਲ ਸਿੰਘ ਬਾੜਾ, ਸ਼੍ਰੀ ਅਮਰਜੀਤ ਸਿੰਘ, ਸ਼੍ਰੀ ਰਣਬੀਰ ਸਿੰਘ, ਸ਼੍ਰੀ ਦਲਬੀਰ ਸਿੰਘ ਅਤੇ ਹੋਰ ਹਾਜਰ ਸਨ।