ਡੇਂਗੂ ਤੋਂ ਪ੍ਰਭਾਵਿਤ ਅਬਾਦੀਆਂ ਦਾ ਡਿਪਟੀ ਕਮਿਸ਼ਨਰ ਵਲੋਂ ਦੌਰਾ

ਡੇਂਗੂ ਤੋਂ ਪ੍ਰਭਾਵਿਤ ਅਬਾਦੀਆਂ ਦਾ ਡਿਪਟੀ ਕਮਿਸ਼ਨਰ ਵਲੋਂ ਦੌਰਾ ਪ੍ਰੈਸ ਨੋਟ ਮਿਤੀ 03 ਅਕਤੂਬਰ, 2018
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ।
ਖੜੇ ਪਾਣੀ ਤੇ ਦਵਾਈ ਦਾ ਕੀਤਾ ਜਾਵੇ ਸਪਰੇਅ
04 ਟੀਮਾਂ ਰਾਂਹੀ ਘਰ-ਘਰ ਜਾ ਕੇ ਕੀਤੀ ਜਾ ਰਹੀ ਹੈ ਸਪਰੇਅ
ਰੂਪਨਗਰ, 03 ਅਕਤੂਬਰ : ਸ਼ਹਿਰ ਵਿਚ ਡੇਂਗੂ ਦੇ ਵੱਧ ਰਹੇ ਮਰੀਜ਼ਾਂ ਦੇ ਮਦੇਨਜ਼ਰ ਡਿਪਟੀ ਕਮਿਸ਼ਨਰ ਡਾਕਟਰ ਸੁਮੀਤ ਜਾਰੰਗਲ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮਾਹਿਰ ਡਾਕਟਰਾਂ ਦੀ ਟੀਮ ਨਾਲ ਅੱਜ ਡੇਂਗੂ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ।ਇਸ ਮੌਕੇ ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ. ਰੂਪਨਗਰ,ਸ਼੍ਰੀ ਜਸਪ੍ਰੀਤ ਸਿੰਘ ਸਹਾਇਕ ਕਮਿਸ਼ਨਰ (ਜਨਰਲ),ਸ਼੍ਰੀ ਮੋਹਿਤ ਸ਼ਰਮਾ ਕਾਰਜਸਾਧਕ ਅਫਸਰ ਨਗਰ ਕੌਂਸਲ,ਡਾਕਟਰ ਹਰਮਨਦੀਪ ਕੌਰ ਐਪੀਡੋਮੋਲੋਜਿਸਟ ਅਤੇ ਹੋਰ ਸਿਹਤ ਵਿਭਾਗ ਦੀਆਂ ਟੀਮਾਂ ਉਨਾਂ ਨਾਲ ਸਨ।
ਉਨਾਂ ਸਦਾਬਰਤ ਕਲੌਨੀ ਜਿਥੇ ਕਿ ਲਗਭਗ 80 ਕੇਸ ਡੇਂਗੂ ਦੇ ਸ਼ਕੀ ਨੋਟਿਸ ਹੋਏ ਹਨ ਦੇ ਦੌਰੇ ਦੌਰਾਨ ਕਬਾੜੀਏ ਦੀ ਦੁਕਾਨ ਵਿਚ ਖੁਲੇ ਵਿਚ ਡੇਂਗੂ ਦਾ ਲਾਰਵਾ ਮਿਲਣ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਨਗਰ ਕੋਂਸਲ ਦੇ ਅਧਿਕਾਰੀਆਂ ਨੂੰ ਉਸ ਵਿਰੁਧ ਬਣਦੀ ਕਾਰਵਾਈ ਕਰਨ ਲਈ ਕਿਹਾ।ਉਨਾਂ ਨੂੰ ਹਦਾਇਤ ਕੀਤੀ ਕਿ ਜਲਦੀ ਤੋਂ ਜਲਦੀ ਇਸ ਜਗ੍ਹਾ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਡੇਂਗੂ ਦਾ ਲਾਰਵਾ ਨਾ ਫੈਲ ਸਕੇ।ਉਨਾਂ ਕਿਹਾ ਕਿ ਜਲਦੀ ਹੀ ਉਹ ਦੁਬਾਰਾ ਇਸ ਖੇਤਰ ਦਾ ਦੌਰਾ ਵੀ ਕਰਨਗੇ।ਇਸ ਉਪਰੰਤ ਸ਼ਿਵਾਲਿਕ ਐਨਕਲੇਵ ਜਿਥੋਂ ਕਿ ਡੇਂਗੂ ਦੇ 02 ਕੇਸ ਸਾਹਮਣੇ ਆਏ ਹਨ ਦਾ ਵੀ ਉਨਾਂ ਦੌਰੇ ਕੀਤਾ।ਇਸ ਦੌਰਾਨ ਪਲਾਟਾਂ ਵਿਚ ਖੜੇ ਪਾਣੀ ਦਾ ਵੀ ਉਨਾਂ ਗੰਭੀਰ ਨੋਟਿਸ ਲਿਆ ਅਤੇ ਨਗਰ ਕੋਂਸਲ ਦੇ ਅਧਿਕਾਰੀਆਂ ਨੂੰ ਕਲੋਨੀ ਡਿਵੈਲਪਰ ਅਤੇ ਪਲਾਟ ਮਾਲਿਕਾਂ ਖਿਲਾਫ ਵੀ ਕਾਰਵਾਈ ਕਰਨ ਦੇ ਉਨਾਂ ਆਦੇਸ਼ ਦਿਤੇ।ਉਨਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਖੜੇ ਪਾਣੀ ਤੇ ਕਾਲਾ ਤੇਲ ਛਿੜਕਣ ਅਤੇ ਫੋਗਿੰਗ ਕਰਾਉਣ ਲਈ ਕਿਹਾ।ਉਨਾਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਵੀ ਖੜੇ ਪਾਣੀ ਤੇ ਦਵਾਈ ਦਾ ਸਪਰੇਅ ਕਰਾਾਉਣ ਲਈ ਆਖਿਆ ਤਾਂ ਜੋ ਸ਼ਹਿਰ ਵਿਚ ਡੇਂਗੂ ਦਾ ਲਾਰਵਾ ਨਾ ਪੈਦਾ ਹੋ ਸਕੇ।ਉਨਾਂ ਸ਼ਹਿਰ ਵਿਚਲੇ ਸਾਫ ਇਲਾਕਿਆਂ ਵਿਚ ਰਹਿੰਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਉਨਾਂ ਨੂੰ ਪ੍ਰੇਰਣਾ ਕੀਤੀ ਕਿ ਉਹ ਗਮਲੇ /ਕੂਲਰਾਂ ਵਿਚ ਪਾਣੀ ਨਾ ਖੜਨ ਹੋਣ ਦੇਣ।
ਇਸ ਮੌਕੇ ਡਾਕਟਰ ਹਰਮਨਦੀਪ ਕੌਰ ਐਪੀਡੋਮੋਲੋਜਿਸਟ ਨੇ ਦਸਿਆ ਕਿ ਸ਼ਹਿਰ ਵਿਚ 04 ਟੀਮਾਂ ਰਾਂਹੀ ਘਰ-ਘਰ ਜਾ ਕੇ ਸਪਰੇਅ ਕੀਤੀ ਜਾ ਰਹੀ ਹੈ ਜਿਸ ਨਾਲ ਡੇਂਗੂ ਦੇ ਕੇਸਾਂ ਵਿਚ ਹੁਣ ਕਮੀ ਆਈ ਹੈ ।ਉਨਾਂ ਕਿਹਾ ਕਿ ਜਿਲਾ ਹਸਪਤਾਲ ਵਿਚ ਅਲਾਈਜ਼ਾ ਦਾ ਰੋਜ਼ ਟੈਸਟ ਕੀਤਾ ਜਾਦਾ ਹੈ ਜੋ ਕਿ ਬਿਲਕੁਲ ਮੁਫਤ ਹੈ।ਡੇਂਗੂ ਦੀ ਦਵਾਈ ਹਸਪਤਾਲ ਵਿਚ ਲੋੜੀਂਦੀ ਮਾਤਰਾ ਵਿਚ ਉਪਲੱਬਧ ਹੈ।ਉਨਾਂ ਦਸਿਆ ਕਿ ਹੁਣ ਤੱਕ ਡੇਂਗੂ ਦੇ 439 ਟੈਸਟ ਕੀਤੇ ਗਏ ਹਨ ਜਿਨਾਂ ਵਿਚੋਂ 132 ਪਾਸਿਟਿਵ ਪਾਏ ਗਏ ਹਨ।ਉਨਾਂ ਇਹ ਵੀ ਦਸਿਆ ਕਿ ਡੇਂਗੂ ਦੇ ਲਾਰਵੇ ਨੂੰ ਪੈਦਾ ਹੋਣ ਤੋਂ ਰੋਕਣ ਲਈ ਜਿਲੇ ਵਿਚਲੇ 672 ਪੋਂਡਾਂ ਵਿਚ ਗੰਬੂਜ਼ੀਆ ਮਛੀ ਪਾ ਦਿਤੀ ਗਈ ਹੈ।