ਚੋਣਾਂ ਦੀ ਸਿਖਲਾਈ

ਚੋਣਾਂ ਦੀ ਸਿਖਲਾਈ – ਪ੍ਰੈਸ ਨੋਟ ਮਿਤੀ 28 ਅਗਸਤ, 2018
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।
ਰੂਪਨਗਰ 28 ਅਗਸਤ – ਫਤਿਹਗੜ੍ਹ ਸਾਹਿਬ , ਐਸ.ਏ.ਐਸ. ਨਗਰ , ਐਸ.ਬੀ.ਐਸ. ਨਗਰ ਅਤੇ ਰੂਪਨਗਰ ਜ਼ਿਲ੍ਹੇ ਦੇ ਚੋਣ ਤਹਿਸੀਲਦਾਰਾਂ , ਚੋਣ ਕਾਨੂੰਗੋ ਅਤੇ ਹੋਰ ਚੋਣ ਸਟਾਫ ਨੂੰ 2019 ਦੌਰਾਨ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਇੱਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿੱਚ ਡਾ: ਕੇ. ਰਾਜੂ ਮੁੱਖ ਚੋਣ ਅਫਸਰ ਦੀ ਅਗਵਾਈ ਵਿੱਚ ਵਿਸ਼ੇਸ਼ ਸਿਖਲਾਈ ਦਿੱਤੀ ਗਈ।ਇਸ ਮੌਕੇ ਪੰਜਾਬ ਚੋਣ ਕਮਿਸ਼ਨ ਦੇ ਸ਼੍ਰੀ ਪਰਮਜੀਤ ਸਿੰਘ ਡੀ.ਬੀ.ਏ. ਤੇ ਸ਼੍ਰੀ ਪੁਸ਼ਮਿੰਦਰ ਸਿੰਘ ਸਿਸਟਮ ਮੈਨੇਜਰ , ਸ਼੍ਰੀ ਦੀਨੇਸ਼ ਸੈਣੀ ਰਾਜ ਪੱਧਰੀ ਮਾਸਟਰ ਟਰੇਨਰ ਤੇ ਸ਼੍ਰੀ ਸੁਰਜੀਤ ਸਿੰਘ ਖੱਟੜਾ ਮਾਸਟਰ ਟਰੇਨਰ ਨੇ ਵੀ ਚੋਣ ਅਮਲੇ ਨੂੰ ਸਿਖਲਾਈ ਦਿੱਤੀ ।ਇਸ ਮੌਕੇ ਸ਼੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਤੇ ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ. ਰੂਪਨਗਰ ਵੀ ਹਾਜ਼ਰ ਸਨ।
ਇਸ ਸਿਖਲਾਈ ਦੌਰਾਨ ਡਾ: ਕੇ. ਰਾਜੂ ਮੁੱਖ ਚੋਣ ਅਫਸਰ ਨੇ ਕਿਹਾ ਕਿ ਇਸ ਸਿਖਲਾਈ ਤੋਂ ਪਹਿਲਾਂ ਸੂਬੇ ਦੇ ਜ਼ਿਲ੍ਹਾ ਚੋਣ ਅਫਸਰਾਂ , ਵਧੀਕ ਜਿਲ੍ਹਾ ਚੋਣ ਅਫਸਰਾਂ ਅਤੇ ਚੋਣ ਤਹਿਸੀਲਦਾਰਾਂ ਨੂੰ ਪਹਿਲਾਂ ਹੀ ਚੰਡੀਗੜ੍ਹ ਵਿਖੇ ਸਿਖਲਾਈ ਦਿੱਤੀ ਜਾ ਚੁੱਕੀ ਹੈ। ਉਸੇ ਦੇ ਦੂਜੇ ਪੜਾਅ ਅਧੀਨ ਹੁਣ ਜ਼ਿਲ੍ਹਾ ਪੱਧਰ ਤੇ ਸਿਖਲਾਈ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਰੂਪਨਗਰ ਪਹਿਲਾ ਜਿਲ੍ਹਾ ਹੈ ਜਿੱਥੇ ਸਿਖਲਾਈ ਦਿੱਤੀ ਜਾ ਰਹੀ ਹੈ।ਉਨ੍ਹਾ ਕਿਹਾ ਕਿ ਸਿਖਲਾਈ ਬਿਨ੍ਹਾਂ ਕੁੱਝ ਵੀ ਸੰੰਭਵ ਨਹੀਂ ਹੈ ਇਸਲਈ ਆਉਣ ਵਾਲੀਆਂ ਚੋਣਾਂ 2019 ਲਈ ਇਸ ਸਿਖਲਾਈ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕੇਵਲ ਲਿਖਤ ਨਿਯਮ ਹੀ ਕੰਮ ਕਰਦੇ ਹਨ ਅਤੇ ਜੇਕਰ ਚੋੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਕੰਮ ਕੀਤਾ ਜਾਵੇ ਤਾਂ ਚੋਣ ਪ੍ਰਕਿਰਿਆ ਬਿਨ੍ਹਾਂ ਕਿਸੇ ਵਾਦ-ਵਿਵਾਦ/ਝਗੜੇ ਤੋਂ ਪੂਰੀ ਹੋ ਸਕਦੀ ਹੈ।ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਚੋਣ ਕਮਿਸ਼ਨ ਵੱਲੋਂ ਬਣਾਏ ਗਏ ਨਿਯਮ ਉਪ ਨਿਯਮ ਸਮਝਣ ਦੀ ਲੋੜ ਹੈ ਅਤੇ ਜੇਕਰ ਚੋਣ ਪ੍ਰਕਿਰਿਆ ਦੌਰਾਨ ਕੋਈ ਸਮੱਸਿਆ ਆਵੇ ਤਾਂ ਚੋਣਾਂ ਲਈ ਬਣਾਏ ਗਏ ਲਿਖਤ ਰੂਲ ਦੇਖ ਲਏ ਜਾਣ।ਉਨ੍ਹਾਂ ਕਿਹਾ ਕਿ ਚੋਣ ਕਾਨੂੰਗੋ ਚੋਣ ਅਮਲ ਦੇ ਮੁੱਖ ਪਿਲਰ ਹਨ ਇਸ ਲਈ ਉਨ੍ਹਾਂ ਨੂੰ ਚੋਣ ਨਿਯਮਾਂ ਸਬੰਧੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਇੱਕ ਵਿਧਾਨ ਸਭਾ ਹਲਕੇ ਵਿੱਚ ਇੱਕ ਚੋਣ ਕਾਨੂੰਗੋ ਤਾਇਨਾਤ ਕੀਤਾ ਜਾਂਦਾ ਹੈ ਜਿਸ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਕਾਰਵਾਈ ਕੀਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਵਿੱਚ ਸਾਰੇ ਯੋਗ ਵੋਟਰ ਜੋ ਕਿ 18 ਸਾਲ ਤੋਂ ਉਪਰ ਜੋ ਕਿ ਭਾਰਤ ਦੇ ਨਾਗਰਿਕ ਹਨ ਰਜਿਸਟਰ ਹੋਣੇ ਚਾਹੀਦੇ ਹਨ।ਇਸ ਸੂਚੀ ਵਿੱਚ ਕੋਈ ਵੀ ਅਜਿਹਾ ਵੋਟਰ ਨਹੀਂ ਹੋਣਾ ਚਾਹੀਦਾ ਜਿਸ ਦੀ ਕਿ ਮੌਤ ਹੋ ਚੁੱਕੀ ਹੋਵੇ ।ਉਨ੍ਹਾਂ ਦੱਸਿਆ ਕਿ ਜੋ ਲੋਕ ਦੇਸ਼ ਦੇ ਨਾਗਰਿਕ ਨਹੀਂ ਹਨ ਉਹ ਇਸ ਸੂਚੀ ਵਿੱਚ ਨਹੀਂ ਦਰਜ ਹੋ ਸਕਦੇ ਇਸ ਤੋਂ ਇਲਾਵਾ ਇੱਕ ਵਿਅਕਤੀ ਕੇਵਲ ਇੱਕ ਥਾਂ ਦਾ ਹੀ ਵੋਟਰ ਹੋ ਸਕਦਾ ਹੈ। ਉਹ ਭਾਂਵੇ ਸ਼ਹਿਰ ਵਿੱਚ ਹੋਵੇ ਜਾਂ ਫਿਰ ਪਿੰਡ ਵਿੱਚ ਹੋਵੇ।ਉਨ੍ਹਾਂ ਦੱਸਿਆ ਕਿ ਫੋਟੋ ਵੋਟਰ ਕਾਰਡ ਵਿੱਚ ਵੋਟਰ ਦੀ ਫੋਟੋ ਸਹੀ ਹੋਣੀ ਚਾਹੀਦੀ ਹੈ।ਉਨ੍ਹਾਂ ਪੋਲਿੰਗ ਬੂਥਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡਾਂ ਵਿੱਚ 1200 ਵੋਟਾਂ ਪਿੱਛੇ ਇੱਕ ਬੂਥ ਜਦਕਿ ਸ਼ਹਿਰੀ ਇਲਾਕੇ ਵਿੱਚ 1400 ਵੋਟਾਂ ਪਿੱਛੇ ਇੱਕ ਬੂਥ ਬਣਾਇਆ ਜਾਣਾ ਜਰੂਰੀ ਹੈ ਜਿਸ ਵਿੱਚ ਕਿ ਰੈਂਪ , ਬਿਜਲੀ ਪਾਣੀ , ਚਾਰ ਦਿਵਾਰੀ ਤੇ ਪਖਾਨੇ ਵਰਗੀਆਂ ਸਹੂਲਤਾਂ ਹੋਣੀਆਂ ਜ਼ਰੂਰੀ ਹਨ । ਕੋਈ ਵੀ ਪੋਲਿੰਗ ਬੂਥ ਦੂਜੇ ਬੂਥ ਨਾਲੋ 02 ਕਿਲੋਮੀਟਰ ਨਾਲੋਂ ਜਿਆਦਾ ਦੂਰ ਨਹੀਂ ਹੋਣਾ ਚਾਹੀਦਾ । ਉਨ੍ਹਾਂ ਇਹ ਵੀ ਦੱਸਿਆ ਕਿ ਵੋਟਰ ਸੂਚੀਆਂ ਸਥਾਨਕ ਭਾਸ਼ਾਂ ਵਿੱਚ ਪ੍ਰਕਾਸ਼ਿਤ ਕੀਤੀ ਜਾਦੀਆਂ ਹਨ ਅਤੇ ਪੰਜਾਬ ਵਿੱਚ ਇਹ ਵੋਟਰ ਸੂਚੀ ਪੰਜਾਬੀ ਭਾਸ਼ਾਂ ਗੁਰਮੁੱਖੀ ਵਿੱਚ ਪ੍ਰਕਾਸ਼ਿਤ ਹੁੰਦੀ ਹੈ । ਉਨ੍ਹਾਂ ਜ਼ਿਲ੍ਹਾ ਚੋਣ ਅਫਸਰ , ਚੋਣ ਮਸ਼ਨੀਰੀ , ਈ.ਆਰ.ਓਜ਼. ਦੀਆਂ ਸ਼ਕਤੀਆਂ ਬਾਰੇ ਵੀ ਜਾਣਕਾਰੀ ਦਿੱਤੀ ।