23 ਪੰਜਾਬ ਐਨ.ਸੀ.ਸੀ. ਅਕੈਡਮੀ ਰੂਪਨਗਰ ਵਿਖੇ ਟੀ.ਐੱਸ.ਸੀ. ਇੰਟਰ ਗਰੁੱਪ ਮੁਕਾਬਲਿਆਂ ਦਾ ਇਨਾਮ ਵੰਡ ਸਮਾਰੋਹ ਸ਼ਾਨੋ-ਸ਼ੌਕਤ ਨਾਲ ਸੰਪੰਨ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
23 ਪੰਜਾਬ ਐਨ.ਸੀ.ਸੀ. ਅਕੈਡਮੀ ਰੂਪਨਗਰ ਵਿਖੇ ਟੀ.ਐੱਸ.ਸੀ. ਇੰਟਰ ਗਰੁੱਪ ਮੁਕਾਬਲਿਆਂ ਦਾ ਇਨਾਮ ਵੰਡ ਸਮਾਰੋਹ ਸ਼ਾਨੋ-ਸ਼ੌਕਤ ਨਾਲ ਸੰਪੰਨ
ਏ.ਡੀ.ਜੀ. ਮੇਜਰ ਜਨਰਲ ਨਰਿੰਦਰ ਸਿੰਘ ਨੇ ਜੇਤੂ ਕੈਡਟਾਂ ਨੂੰ ਕੀਤਾ ਸਨਮਾਨਿਤ
ਪਟਿਆਲਾ ਗਰੁੱਪ ਨੇ ਲੜਕਿਆਂ ਅਤੇ ਲੜਕੀਆਂ ਦੋਵੇਂ ਵਰਗਾਂ ਵਿੱਚ ਓਵਰਆਲ ਚੈਂਪੀਅਨਸ਼ਿਪ ਜਿੱਤੀ
ਰੂਪਨਗਰ, 16 ਜੁਲਾਈ: 23 ਪੰਜਾਬ ਐਨ.ਸੀ.ਸੀ. ਅਕੈਡਮੀ (ਐਨ.ਸੀ.ਸੀ. ਟ੍ਰੇਨਿੰਗ ਸਕੂਲ) ਰੂਪਨਗਰ ਵਿਖੇ ਆਯੋਜਿਤ ਟੀ.ਐੱਸ.ਸੀ. (ਥਲ ਸੈਨਿਕ ਕੈਂਪ) ਇੰਟਰ ਗਰੁੱਪ ਮੁਕਾਬਲਿਆਂ ਦਾ ਇਨਾਮ ਵੰਡ ਸਮਾਰੋਹ ਉਤਸ਼ਾਹ ਅਤੇ ਗੌਰਵਮਈ ਮਾਹੌਲ ਵਿੱਚ ਸੰਪੰਨ ਹੋਇਆ। ਇਸ ਸਮਾਗਮ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਦੇ ਵੱਖ-ਵੱਖ ਐਨ.ਸੀ.ਸੀ. ਗਰੁੱਪਾਂ ਦੇ ਕੈਡਟਾਂ ਨੇ ਸ਼ਮੂਲੀਅਤ ਕੀਤੀ।
ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਐਨ.ਸੀ.ਸੀ. ਡਾਇਰੈਕਟੋਰੇਟ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਮੇਜਰ ਜਨਰਲ ਨਰਿੰਦਰ ਸਿੰਘ, ਐਸ.ਐਮ. ਸਨ। ਉਨ੍ਹਾਂ ਜੇਤੂ ਕੈਡਟਾਂ ਨੂੰ ਟਰਾਫੀਆਂ ਅਤੇ ਇਨਾਮ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ, ਲਗਨ ਅਤੇ ਦੇਸ਼ ਸੇਵਾ ਦੀ ਭਾਵਨਾ ਦੀ ਭਰਪੂਰ ਸ਼ਲਾਘਾ ਕੀਤੀ।
ਇਨ੍ਹਾਂ ਮੁਕਾਬਲਿਆਂ ਦਾ ਆਯੋਜਨ 7 ਪੰਜਾਬ ਬਟਾਲੀਅਨ ਐਨ.ਸੀ.ਸੀ. ਵੱਲੋਂ ਕਰਨਲ ਏ. ਕੇ. ਸ਼ਰਮਾ (ਵੀ.ਐਸ.ਐਮ.) ਦੀ ਅਗਵਾਈ ਹੇਠ ਕੀਤਾ ਗਿਆ, ਜਦਕਿ ਪ੍ਰਬੰਧਕੀ ਜ਼ਿੰਮੇਵਾਰੀਆਂ 22 ਪੰਜਾਬ ਬਟਾਲੀਅਨ ਐਨ.ਸੀ.ਸੀ. ਦੇ ਕਮਾਂਡਿੰਗ ਅਫ਼ਸਰ ਕਰਨਲ ਕੇ. ਜੇ. ਐਸ. ਗਿੱਲ ਵੱਲੋਂ ਨਿਭਾਈਆਂ ਗਈਆਂ।
ਮੁਕਾਬਲਿਆਂ ਵਿੱਚ ਅੱਠ ਐਨ.ਸੀ.ਸੀ. ਗਰੁੱਪਾਂ ਦੇ ਕੈਡਟਾਂ ਨੇ ਭਾਗ ਲਿਆ ਅਤੇ ਨਿਸ਼ਾਨੇਬਾਜ਼ੀ, ਮੈਪ ਰੀਡਿੰਗ, ਫੀਲਡ ਕ੍ਰਾਫਟ, ਰੁਕਾਵਟ ਦੌੜ ਅਤੇ ਹੋਰ ਸੈਨਿਕ ਗਤੀਵਿਧੀਆਂ ਵਿੱਚ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕੈਡਟਾਂ ਨੇ ਉੱਚ ਪੱਧਰੀ ਅਨੁਸ਼ਾਸਨ, ਟੀਮ ਵਰਕ ਅਤੇ ਨੇਤ੍ਰਿਤਵ ਯੋਗਤਾਵਾਂ ਦਾ ਪ੍ਰਮਾਣ ਦਿੱਤਾ।
ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਲੜਕੀਆਂ ਦੇ ਓਵਰਆਲ ਵਰਗ ਵਿੱਚ ਪਟਿਆਲਾ ਗਰੁੱਪ ਨੇ ਪਹਿਲਾ ਅਤੇ ਚੰਡੀਗੜ੍ਹ ਗਰੁੱਪ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕਿਆਂ ਦੇ ਓਵਰਆਲ ਵਰਗ ਵਿੱਚ ਵੀ ਪਟਿਆਲਾ ਗਰੁੱਪ ਪਹਿਲੇ ਸਥਾਨ ‘ਤੇ ਰਿਹਾ, ਜਦਕਿ ਅੰਬਾਲਾ ਗਰੁੱਪ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਆਪਣੇ ਸੰਬੋਧਨ ਦੌਰਾਨ ਮੇਜਰ ਜਨਰਲ ਨਰਿੰਦਰ ਸਿੰਘ ਨੇ ਕਿਹਾ ਕਿ ਥਲ ਸੈਨਿਕ ਕੈਂਪ ਵਰਗੇ ਮੁਕਾਬਲੇ ਨੌਜਵਾਨਾਂ ਵਿੱਚ ਨੇਤ੍ਰਿਤਵ, ਅਨੁਸ਼ਾਸਨ, ਸਵੈ-ਵਿਸ਼ਵਾਸ, ਸਰੀਰਕ ਸਮਰੱਥਾ ਅਤੇ ਰਾਸ਼ਟਰ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕੈਡਟਾਂ ਨੂੰ ਭਵਿੱਖ ਵਿੱਚ ਵੀ ਇਸੇ ਜਜ਼ਬੇ ਨਾਲ ਦੇਸ਼ ਅਤੇ ਸਮਾਜ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣ ਦਾ ਸੱਦਾ ਦਿੱਤਾ।
ਇਸ ਸਮਾਗਮ ਦੇ ਵਿੱਚ ਜੇਤੂ ਕੈਡਟਾਂ ਅਤੇ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਵਧਾਈ ਦਿੱਤੀ ਗਈ ਅਤੇ ਮੁਕਾਬਲਿਆਂ ਦੀ ਸਫ਼ਲਤਾ ਲਈ ਆਯੋਜਕਾਂ, ਅਧਿਕਾਰੀਆਂ ਅਤੇ ਸਟਾਫ਼ ਦੀ ਭੂਮਿਕਾ ਦੀ ਵੀ ਭਰਪੂਰ ਸ਼ਲਾਘਾ ਕੀਤੀ।