100 ਐਨ.ਸੀ.ਸੀ. ਕੈਡੇਟਾਂ ਲਈ 7 ਰੋਜ਼ਾ ‘ਯੁਵਾ ਆਪਦਾ ਮਿੱਤਰ’ ਆਫ਼ਤ ਪ੍ਰਬੰਧਨ ਸਿਖਲਾਈ ਕੈਂਪ ਸ਼ੁਰੂ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
100 ਐਨ.ਸੀ.ਸੀ. ਕੈਡੇਟਾਂ ਲਈ 7 ਰੋਜ਼ਾ ‘ਯੁਵਾ ਆਪਦਾ ਮਿੱਤਰ’ ਆਫ਼ਤ ਪ੍ਰਬੰਧਨ ਸਿਖਲਾਈ ਕੈਂਪ ਸ਼ੁਰੂ
ਰੂਪਨਗਰ, 24 ਜੂਨ: ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਐੱਮ.ਜੀ.ਐੱਸ.ਆਈ.ਪੀ.ਏ.) ਚੰਡੀਗੜ੍ਹ ਵੱਲੋਂ ‘ਯੁਵਾ ਆਪਦਾ ਮਿੱਤਰ’ ਯੋਜਨਾ ਤਹਿਤ 100 ਐਨ.ਸੀ.ਸੀ. ਕੈਡੇਟਾਂ ਦੀ ਸ਼ਮੂਲੀਅਤ ਨਾਲ 24 ਤੋਂ 30 ਜੂਨ ਤੱਕ ਚੱਲਣ ਵਾਲੇ 7 ਰੋਜ਼ਾ ਆਫ਼ਤ ਪ੍ਰਬੰਧਨ ਸਿਖਲਾਈ ਕੈਂਪ ਦੀ ਸ਼ੁਰੂਆਤ ਕੀਤੀ ਗਈ।
ਇਸ ਸਿਖਲਾਈ ਕੈਂਪ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਆਫ਼ਤਾਂ ਦੌਰਾਨ ਪ੍ਰਭਾਵਸ਼ਾਲੀ ਢੰਗ ਨਾਲ ਸੇਵਾਵਾਂ ਨਿਭਾਉਣ ਲਈ ਤਿਆਰ ਕਰਨਾ ਅਤੇ ਉਨ੍ਹਾਂ ਨੂੰ ਆਫ਼ਤ ਤਿਆਰੀ, ਜੋਖਮ ਘਟਾਉਣ, ਖੋਜ ਤੇ ਬਚਾਅ ਕਾਰਜਾਂ, ਮੁੱਢਲੀ ਸਹਾਇਤਾ, ਸੀ.ਪੀ.ਆਰ. ਅਤੇ ਸੰਕਟਕਾਲੀਨ ਸਥਿਤੀਆਂ ਵਿੱਚ ਤੁਰੰਤ ਕਾਰਵਾਈ ਕਰਨ ਸਬੰਧੀ ਵਿਹਾਰਕ ਜਾਣਕਾਰੀ ਅਤੇ ਹੁਨਰ ਪ੍ਰਦਾਨ ਕਰਨਾ ਹੈ।
ਕੈਂਪ ਦੇ ਪਹਿਲੇ ਦਿਨ 100 ਐਨ.ਸੀ.ਸੀ. ਕੈਡੇਟਾਂ ਦੀ ਆਨਲਾਈਨ ਅਤੇ ਆਫ਼ਲਾਈਨ ਰਜਿਸਟ੍ਰੇਸ਼ਨ ਕੀਤੀ ਗਈ। ਇਸ ਮੌਕੇ ਕੈਂਪ ਕਮਾਂਡੈਂਟ ਕਰਨਲ ਏ. ਐੱਸ. ਪਾਰਕਰ, ਕੈਂਪ ਦੇ ਸੀਨੀਅਰ ਜੇ.ਸੀ.ਓ. ਸੂਬੇਦਾਰ ਮੋਹਨਜੀਤ ਸਿੰਘ ਅਤੇ ਸਿਖਲਾਈ ਜੇ.ਸੀ.ਓ. ਨਾਇਬ ਸੂਬੇਦਾਰ ਸੁਖਜਿੰਦਰ ਸਿੰਘ ਹਾਜ਼ਰ ਸਨ।
ਐੱਮ.ਜੀ.ਐੱਸ.ਆਈ.ਪੀ.ਏ. ਵੱਲੋਂ ਸਿਖਲਾਈ ਕੋਆਰਡੀਨੇਟਰ ਸ਼੍ਰੀ ਅੰਕੁਰ ਅਤੇ ਉਨ੍ਹਾਂ ਦੇ ਸਹਿਯੋਗੀ ਸ਼੍ਰੀ ਯੋਗੇਸ਼ ਨੇ ਕੈਡੇਟਾਂ ਨੂੰ ‘ਯੁਵਾ ਆਪਦਾ ਮਿੱਤਰ’ ਯੋਜਨਾ ਦੇ ਉਦੇਸ਼ਾਂ, ਆਫ਼ਤਾਂ ਪ੍ਰਤੀ ਤਿਆਰੀ ਦੀ ਮਹੱਤਤਾ ਅਤੇ ਸੱਤ ਦਿਨਾਂ ਦੇ ਸਿਖਲਾਈ ਕਾਰਜਕ੍ਰਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਿਖਲਾਈ ਪ੍ਰਾਪਤ ਨੌਜਵਾਨ ਸਵੈਸੇਵਕ ਆਫ਼ਤ ਜਾਂ ਸੰਕਟਕਾਲੀਨ ਸਥਿਤੀ ਦੌਰਾਨ ਸਮਾਜ ਲਈ ਅਹਿਮ ਸਹਿਯੋਗੀ ਸਾਬਤ ਹੋ ਸਕਦੇ ਹਨ।
ਇਸ ਮੌਕੇ ਐੱਮ.ਜੀ.ਐੱਸ.ਆਈ.ਪੀ.ਏ. ਦੀ ਆਫ਼ਤ ਪ੍ਰਬੰਧਨ ਟੀਮ ਦੇ ਮੈਂਬਰ ਸ਼੍ਰੀ ਜੌਨਸਨ, ਸੁਸ਼ਰੀ ਇਤੀਸ਼ਾ ਪਰਮਾਰ ਅਤੇ ਸੁਸ਼ਰੀ ਸ਼ਾਇਨਾ ਵੀ ਮੌਜੂਦ ਸਨ, ਜਿਨ੍ਹਾਂ ਵੱਲੋਂ ਰਜਿਸਟ੍ਰੇਸ਼ਨ, ਤਾਲਮੇਲ ਅਤੇ ਸਿਖਲਾਈ ਪ੍ਰਬੰਧਾਂ ਨਾਲ ਸਬੰਧਤ ਜ਼ਿੰਮੇਵਾਰੀਆਂ ਨਿਭਾਈਆਂ ਗਈਆਂ।
ਪਹਿਲੇ ਦਿਨ ਕੈਡੇਟਾਂ ਨੂੰ ਸਿਖਲਾਈ ਦੀ ਰੂਪ-ਰੇਖਾ, ਕੈਂਪ ਸਬੰਧੀ ਹਦਾਇਤਾਂ ਅਤੇ ਆਉਣ ਵਾਲੇ ਦਿਨਾਂ ਵਿੱਚ ਕਰਵਾਏ ਜਾਣ ਵਾਲੇ ਸਿਧਾਂਤਕ ਅਤੇ ਵਿਹਾਰਕ ਸੈਸ਼ਨਾਂ ਬਾਰੇ ਜਾਣੂ ਕਰਵਾਇਆ ਗਿਆ। ਕੈਂਪ ਦੌਰਾਨ ਕੈਡੇਟਾਂ ਨੂੰ ਆਫ਼ਤ ਤਿਆਰੀ, ਭੂਚਾਲ ਤੋਂ ਬਚਾਅ ਦੇ ਉਪਾਅ, ਖੋਜ ਤੇ ਬਚਾਅ ਕਾਰਜ, ਜ਼ਖ਼ਮੀਆਂ ਦੀ ਸੰਭਾਲ, ਮੁੱਢਲੀ ਸਹਾਇਤਾ, ਸੀ.ਪੀ.ਆਰ. ਅਤੇ ਹੋਰ ਆਫ਼ਤ ਪ੍ਰਤੀਕਿਰਿਆ ਸਬੰਧੀ ਵਿਹਾਰਕ ਤਕਨੀਕਾਂ ਦੀ ਸਿਖਲਾਈ ਦਿੱਤੀ ਜਾਵੇਗੀ।
ਇਹ ਸਿਖਲਾਈ ਕੈਂਪ ਐਨ.ਸੀ.ਸੀ. ਕੈਡੇਟਾਂ ਵਿੱਚ ਅਗਵਾਈ ਦੇ ਗੁਣ, ਆਫ਼ਤਾਂ ਪ੍ਰਤੀ ਜਾਗਰੂਕਤਾ ਅਤੇ ਸਮਾਜ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ।