ਬੰਦ ਕਰੋ

ਹਰੇਕ ਯੋਗ ਵੋਟਰ ਦਾ ਵੇਰਵਾ ਸਮੇਂ ਸਿਰ ਦਰਜ ਕਰਵਾਉਣ ਲਈ ਪ੍ਰਸ਼ਾਸਨ ਵਚਨਬੱਧ – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਅਦਿੱਤਿਆ ਡੇਚਲਵਾਲ

ਪ੍ਰਕਾਸ਼ਨ ਦੀ ਮਿਤੀ : 19/07/2026
Administration committed to timely registration of details of every eligible voter - Deputy Commissioner-cum-District Election Officer Shri Aditya Dechalwal

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਹਰੇਕ ਯੋਗ ਵੋਟਰ ਦਾ ਵੇਰਵਾ ਸਮੇਂ ਸਿਰ ਦਰਜ ਕਰਵਾਉਣ ਲਈ ਪ੍ਰਸ਼ਾਸਨ ਵਚਨਬੱਧ – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਅਦਿੱਤਿਆ ਡੇਚਲਵਾਲ

– ਐੱਸ.ਆਈ.ਆਰ.-2026 ਤਹਿਤ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਕੈਂਪ ਸਫ਼ਲਤਾਪੂਰਵਕ ਸੰਪੰਨ

ਰੂਪਨਗਰ, 19 ਜੁਲਾਈ: ਭਾਰਤੀ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.-2026) ਮੁਹਿੰਮ ਤਹਿਤ ਅੱਜ ਜ਼ਿਲ੍ਹਾ ਰੂਪਨਗਰ ਦੇ ਸਮੂਹ ਪੋਲਿੰਗ ਬੂਥਾਂ ‘ਤੇ ਲਗਾਏ ਗਏ ਵਿਸ਼ੇਸ਼ ਕੈਂਪ ਸਫਲਤਾਪੂਰਵਕ ਸਮਾਪਤ ਹੋ ਗਏ। ਇਨ੍ਹਾਂ ਕੈੰਪਾਂ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਯੋਗ ਵੋਟਰਾਂ ਦੇ ਐਨਿਊਮਰੇਸ਼ਨ ਫਾਰਮਾਂ ਦੀ ਪ੍ਰਾਪਤੀ, ਵੋਟਰਾਂ ਦੀ ਮੈਪਿੰਗ ਅਤੇ ਡਿਜੀਟਾਈਜ਼ੇਸ਼ਨ ਦਾ ਕੰਮ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕੀਤਾ ਗਿਆ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਵਿਸ਼ੇਸ਼ ਗਹਿਰੀ ਸੁਧਾਈ ਮੁਹਿੰਮ ਦਾ ਉਦੇਸ਼ ਵੋਟਰ ਸੂਚੀ ਨੂੰ ਸਹੀ, ਅੱਪਡੇਟ ਅਤੇ ਪਾਰਦਰਸ਼ੀ ਬਣਾਉਣਾ ਹੈ। ਇਸ ਲਈ ਹਰੇਕ ਯੋਗ ਨਾਗਰਿਕ ਦਾ ਵੇਰਵਾ ਨਿਰਧਾਰਿਤ ਸਮੇਂ ਅੰਦਰ ਦਰਜ ਕਰਨਾ ਅਤੇ ਕਿਸੇ ਵੀ ਯੋਗ ਵੋਟਰ ਨੂੰ ਵੋਟਰ ਸੂਚੀ ਤੋਂ ਵਾਂਝਾ ਨਾ ਰਹਿਣ ਦੇਣਾ ਪ੍ਰਸ਼ਾਸਨ ਦੀ ਪ੍ਰਮੁੱਖ ਤਰਜੀਹ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਵੋਟਰਾਂ ਨੇ ਅਜੇ ਤੱਕ ਆਪਣੇ ਐਨਿਊਮਰੇਸ਼ਨ ਫਾਰਮ ਜਮ੍ਹਾਂ ਨਹੀਂ ਕਰਵਾਏ, ਉਹ 3 ਅਗਸਤ 2026 ਤੋਂ ਪਹਿਲਾਂ ਆਪਣੇ ਸਬੰਧਤ ਬੂਥ ਲੈਵਲ ਅਫ਼ਸਰ ਨਾਲ ਸੰਪਰਕ ਕਰਕੇ ਫਾਰਮ ਜਮ੍ਹਾਂ ਕਰਵਾਉਣ ਤਾਂ ਜੋ ਉਨ੍ਹਾਂ ਦੇ ਵੇਰਵੇ ਸਮੇਂ ਸਿਰ ਡਿਜੀਟਲ ਰਿਕਾਰਡ ਵਿੱਚ ਸ਼ਾਮਲ ਕੀਤੇ ਜਾ ਸਕਣ।

ਸ਼੍ਰੀ ਅਦਿੱਤਿਆ ਡੇਚਲਵਾਲ ਨੇ ਕੈਂਪਾਂ ਦੌਰਾਨ ਡਿਊਟੀ ਨਿਭਾਉਣ ਵਾਲੇ ਚੋਣ ਅਮਲੇ ਵੱਲੋਂ ਨਿਭਾਈਆਂ ਗਈਆਂ ਜ਼ਿੰਮੇਵਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰੇਕ ਯੋਗ ਵੋਟਰ ਦਾ ਵੇਰਵਾ ਸਮੇਂ ਸਿਰ ਦਰਜ ਕਰਵਾਉਣ ਲਈ ਪ੍ਰਸ਼ਾਸਨ ਵਚਨਬੱਧ ਹੈ ਤੇ ਐੱਸ.ਆਈ.ਆਰ.-2026 ਦੀ ਸਮੁੱਚੀ ਪ੍ਰਕਿਰਿਆ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਿਰਧਾਰਿਤ ਸਮਾਂ-ਸੀਮਾ ਵਿੱਚ ਮੁਕੰਮਲ ਕਰਨੀ ਯਕੀਨੀ ਬਣਾਈ ਜਾਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਵਿਸ਼ੇਸ਼ ਗਹਿਰੀ ਸੁਧਾਈ ਮੁਹਿੰਮ ਸਬੰਧੀ ਕਿਸੇ ਵੀ ਜਾਣਕਾਰੀ ਜਾਂ ਸਹਾਇਤਾ ਲਈ ਵੋਟਰ ਆਪਣੇ ਸਬੰਧਤ ਬੂਥ ਲੈਵਲ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ ਜਾਂ ਭਾਰਤੀ ਚੋਣ ਕਮਿਸ਼ਨ ਦੇ ਟੋਲ-ਫ਼ਰੀ ਨੰਬਰ 1950 ‘ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਜ਼ਿਲ੍ਹਾ ਚੋਣ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।