ਸਿਹਤ ਵਿਭਾਗ ਵੱਲੋਂ ਆਮ ਆਦਮੀ ਕਲੀਨਿਕਾਂ ‘ਚ ਮੈਡੀਕਲ ਅਫ਼ਸਰਾਂ ਦੀ ਭਰਤੀ ਲਈ ਇੰਟਰਵਿਊ ਲਈ ਗਈ
ਸਿਹਤ ਵਿਭਾਗ ਵੱਲੋਂ ਆਮ ਆਦਮੀ ਕਲੀਨਿਕਾਂ ‘ਚ ਮੈਡੀਕਲ ਅਫ਼ਸਰਾਂ ਦੀ ਭਰਤੀ ਲਈ ਇੰਟਰਵਿਊ ਲਈ ਗਈ
ਰੂਪਨਗਰ, 21 ਅਪ੍ਰੈਲ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਲੋਕਾਂ ਨੂੰ ਪਿੰਡ ਪੱਧਰ ’ਤੇ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੇ ਜਾ ਰਹੇ ਆਮ ਆਦਮੀ ਪਿੰਡ ਕਲੀਨਿਕਾਂ ਲਈ ਮੈਡੀਕਲ ਅਫ਼ਸਰਾਂ ਦੀ ਇਮਪੈਨਲਮੈਂਟ ਸਾਲ ਦੀ ਪ੍ਰਕਿਰਿਆ ਤਹਿਤ ਅੱਜ ਦਫ਼ਤਰ ਸਿਵਲ ਸਰਜਨ ਰੂਪਨਗਰ ਵਿਖੇ ਇੰਟਰਵਿਊ ਸਿਵਲ ਸਰਜਨ ਰੂਪਨਗਰ ਡਾ. ਰਮਨ ਕੁਮਾਰ ਗੁਪਤਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ।
ਇਸ ਇਮਪੈਨਲਮੈਂਟ ਪ੍ਰਕਿਰਿਆ ਦੌਰਾਨ ਵੱਖ-ਵੱਖ ਖੇਤਰਾਂ ਤੋਂ ਆਏ ਯੋਗ ਅਤੇ ਤਜਰਬੇਕਾਰ ਉਮੀਦਵਾਰਾਂ ਨੇ ਭਾਗ ਲਿਆ। ਇੰਟਰਵਿਊ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ, ਨਿਰਪੱਖ ਅਤੇ ਨਿਯਮਾਂ ਅਨੁਸਾਰ ਅਮਲ ਵਿੱਚ ਲਿਆਂਦਾ ਗਿਆ। ਉਮੀਦਵਾਰਾਂ ਦੀ ਚੋਣ ਲਈ ਬਣਾਈ ਗਈ ਕਮੇਟੀ ਵੱਲੋਂ ਉਨ੍ਹਾਂ ਦੀ ਯੋਗਤਾ, ਤਜਰਬੇ, ਸੇਵਾ ਭਾਵਨਾ ਅਤੇ ਕੰਮ ਕਰਨ ਦੀ ਸਮਰੱਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਇੰਟਰਵਿਊ ਲਏ ਗਏ।
ਇਸ ਮੌਕੇ ਸਿਵਲ ਸਰਜਨ ਡਾ. ਰਮਨ ਕੁਮਾਰ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਵੱਡੇ ਪੱਧਰ ’ਤੇ ਸੁਧਾਰ ਕੀਤੇ ਜਾ ਰਹੇ ਹਨ ਅਤੇ ਆਮ ਆਦਮੀ ਪਿੰਡ ਕਲੀਨਿਕ ਇਸੇ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਆਪਣੇ ਨੇੜੇ ਹੀ ਮਿਆਰੀ ਸਿਹਤ ਸੇਵਾਵਾਂ, ਜਾਂਚਾਂ, ਦਵਾਈਆਂ ਅਤੇ ਡਾਕਟਰੀ ਸਲਾਹ ਮੁਹੱਈਆ ਕਰਵਾਉਣ ਲਈ ਯੋਗ ਮੈਡੀਕਲ ਅਫ਼ਸਰਾਂ ਦੀ ਨਿਯੁਕਤੀ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਚੁਣੇ ਜਾਣ ਵਾਲੇ ਮੈਡੀਕਲ ਅਫ਼ਸਰ ਟੈਲੀ-ਕਨਸਲਟੇਸ਼ਨ (ਆਨਲਾਈਨ) ਵਿਧੀ ਰਾਹੀਂ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਗੇ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਪੂਰੀ ਹੋਣ ਉਪਰੰਤ ਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ, ਜ਼ਿਲ੍ਹਾ ਸਿਹਤ ਅਫਸਰ ਡਾ. ਵਰਿੰਦਰ ਕੁਮਾਰ, ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਹਰਸ਼ਰਨਜੀਤ ਕੌਰ ਬਤੌਰ ਕਮੇਟੀ ਮੈਂਬਰ ਅਤੇ ਜਤਿਨ ਕੁਮਾਰ, ਅਮਨ ਸਿੰਘ, ਖੁਸ਼ਹਾਲ ਸਿੰਘ ਆਦਿ ਹਾਜ਼ਰ ਸਨ।