ਬੰਦ ਕਰੋ

ਸਿਵਲ ਹਸਪਤਾਲ ਰੂਪਨਗਰ ‘ਚ ਆਯੁਸ਼ਮਾਨ ਭਾਰਤ ਡਿਜੀਟਲ ਹੈਲਥ ਮਿਸ਼ਨ ਸਬੰਧੀ ਸਟਾਫ ਨੂੰ ਦਿੱਤੀ ਗਈ ਸਿਖਲਾਈ

ਪ੍ਰਕਾਸ਼ਨ ਦੀ ਮਿਤੀ : 09/07/2026
Training provided to staff regarding Ayushman Bharat Digital Health Mission at Civil Hospital Rupnagar

ਸਿਵਲ ਹਸਪਤਾਲ ਰੂਪਨਗਰ ‘ਚ ਆਯੁਸ਼ਮਾਨ ਭਾਰਤ ਡਿਜੀਟਲ ਹੈਲਥ ਮਿਸ਼ਨ ਸਬੰਧੀ ਸਟਾਫ ਨੂੰ ਦਿੱਤੀ ਗਈ ਸਿਖਲਾਈ

ਰੂਪਨਗਰ, 09 ਜੁਲਾਈ: ਸਿਵਲ ਹਸਪਤਾਲ ਰੂਪਨਗਰ ਵਿਖੇ ਅੱਜ ਹਸਪਤਾਲ ਦੇ ਸਮੂਹ ਸਟਾਫ ਨੂੰ ਆਯੁਸ਼ਮਾਨ ਭਾਰਤ ਡਿਜੀਟਲ ਹੈਲਥ ਮਿਸ਼ਨ ਤਹਿਤ ਮਰੀਜ਼ਾਂ ਦੇ ਸਿਹਤ ਰਿਕਾਰਡ ਨੂੰ ਡਿਜੀਟਲ ਰੂਪ ਵਿੱਚ ਸੰਭਾਲਣ ਅਤੇ ਪ੍ਰਬੰਧਿਤ ਕਰਨ ਸਬੰਧੀ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ। ਇਹ ਸਿਖਲਾਈ ਭਾਰਤ ਸਰਕਾਰ ਦੇ ਆਯੁਸ਼ਮਾਨ ਭਾਰਤ ਡਿਜੀਟਲ ਹੈਲਥ ਮਿਸ਼ਨ ਦੇ ਅਧੀਨ ਕਰਵਾਈ ਗਈ।

ਇਸ ਮੌਕੇ ਸਿਵਲ ਸਰਜਨ ਰੂਪਨਗਰ ਡਾ. ਰਮਨ ਕੁਮਾਰ ਗੁਪਤਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜ਼ਿਲ੍ਹਾ ਰੂਪਨਗਰ ਨੂੰ ਮਾਡਲ ਜ਼ਿਲ੍ਹੇ ਵਜੋਂ ਚੁਣਿਆ ਗਿਆ ਹੈ। ਇਸ ਤਹਿਤ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਿਹਤ ਸੰਸਥਾਨਾਂ ਨੂੰ ਡਿਜੀਟਲ ਪ੍ਰਣਾਲੀ ਨਾਲ ਜੋੜਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਪ੍ਰਣਾਲੀ ਦੇ ਲਾਗੂ ਹੋਣ ਨਾਲ ਮਰੀਜ਼ਾਂ ਦੇ ਸਾਰੇ ਮੈਡੀਕਲ ਰਿਕਾਰਡ ਡਿਜੀਟਲ ਰੂਪ ਵਿੱਚ ਉਪਲਬਧ ਹੋਣਗੇ। ਡਾਕਟਰਾਂ ਵੱਲੋਂ ਲਿਖੀਆਂ ਦਵਾਈਆਂ, ਲੈਬ ਟੈਸਟਾਂ ਲਈ ਪਰਚੀਆਂ ਅਤੇ ਟੈਸਟ ਰਿਪੋਰਟਾਂ ਸਿੱਧੇ ਆਨਲਾਈਨ ਸਿਸਟਮ ਰਾਹੀਂ ਤਿਆਰ ਹੋਣਗੀਆਂ।

ਡਾ. ਗੁਪਤਾ ਨੇ ਕਿਹਾ ਕਿ ਇਸ ਪ੍ਰਣਾਲੀ ਦੇ ਲਾਗੂ ਹੋਣ ਨਾਲ ਮਰੀਜ਼ਾਂ ਨੂੰ ਆਪਣੇ ਪੁਰਾਣੇ ਮੈਡੀਕਲ ਰਿਕਾਰਡ ਕਾਗਜ਼ੀ ਰੂਪ ਵਿੱਚ ਨਾਲ ਲੈ ਕੇ ਜਾਣ ਦੀ ਲੋੜ ਨਹੀਂ ਰਹੇਗੀ। ਉਨ੍ਹਾਂ ਦਾ ਸਮੁੱਚਾ ਸਿਹਤ ਰਿਕਾਰਡ ਉਨ੍ਹਾਂ ਦੀ ਆਭਾ ਆਈ.ਡੀ. ਨਾਲ ਜੁੜਿਆ ਹੋਵੇਗਾ, ਜਿਸ ਨੂੰ ਉਹ ਆਪਣੇ ਮੋਬਾਈਲ ਫੋਨ ਰਾਹੀਂ ਕਿਸੇ ਵੀ ਸਮੇਂ ਅਤੇ ਕਿਸੇ ਵੀ ਸਥਾਨ ਤੋਂ ਦੇਖ ਸਕਣਗੇ।

ਉਨ੍ਹਾਂ ਨਵੇਂ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਮਰੀਜ਼ ਦੀ ਓ.ਪੀ.ਡੀ. ਪਰਚੀ ਪੂਰੀ ਤਰ੍ਹਾਂ ਡਿਜੀਟਲ ਤਰੀਕੇ ਨਾਲ ਤਿਆਰ ਕੀਤੀ ਜਾਵੇਗੀ। ਇਸ ਲਈ ਮਰੀਜ਼ ਦਾ ਆਧਾਰ ਨੰਬਰ, ਮੋਬਾਈਲ ਨੰਬਰ ਅਤੇ ਪਤਾ ਆਦਿ ਦੀ ਜਾਣਕਾਰੀ ਆਨਲਾਈਨ ਦਰਜ ਕਰਨੀ ਲਾਜ਼ਮੀ ਹੋਵੇਗੀ।

ਸਿਵਲ ਸਰਜਨ ਨੇ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਹਰ ਮਰੀਜ਼ ਦੀ ਆਭਾ ਆਈ.ਡੀ. ਬਣਾਉਣ ਅਤੇ ਉਸ ਦਾ ਸਿਹਤ ਰਿਕਾਰਡ ਡਿਜੀਟਲ ਸਿਸਟਮ ਵਿੱਚ ਦਰਜ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਸਿਹਤ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸੁਵਿਧਾਜਨਕ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਡਿਜੀਟਲ ਹੈਲਥ ਮਿਸ਼ਨ ਦੇ ਤਹਿਤ ਇਹ ਇੱਕ ਮਹੱਤਵਪੂਰਨ ਪਹਿਲ ਹੈ, ਜੋ ਭਵਿੱਖ ਵਿੱਚ ਸਿਹਤ ਸੇਵਾਵਾਂ ਨੂੰ ਆਧੁਨਿਕ, ਪਾਰਦਰਸ਼ੀ ਅਤੇ ਮਰੀਜ਼-ਕੇਂਦਰਿਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ।

ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਅੰਜਲੀ ਚੌਧਰੀ, ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਸ਼ਰਨ, ਸਟੇਟ ਕੋਆਰਡੀਨੇਟਰ ਡਾ. ਰੁਪਿੰਦਰ ਸਿੰਘ ਗਿੱਲ, ਐਚ.ਆਈ.ਐਮ.ਐਸ.ਅਕਸ਼ੇ, ਡਿਵੀਜ਼ਨਲ ਕੋਆਰਡੀਨੇਟਰ ਸੰਦੀਪ ਕੁਮਾਰ, ਕੋਆਰਡੀਨੇਟਰ ਮੋਹਿਤ, ਲਖਬੀਰ ਸਿੰਘ, ਸਿਵਲ ਹਸਪਤਾਲ ਦੇ ਸਮੂਹ ਮੈਡੀਕਲ ਅਫ਼ਸਰ, ਫਾਰਮੇਸੀ ਅਫ਼ਸਰ, ਨਰਸਿੰਗ ਅਫ਼ਸਰ, ਲੈਬ ਟੈਕਨੀਸ਼ਨ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।