ਬੰਦ ਕਰੋ

ਸਿਆਚਨ ਗਲੇਸ਼ੀਅਰ ਵਿਖੇ ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਪਿੰਡ ਬਿੰਦਰਖ ਦੇ ਫੌਜੀ ਜਵਾਨ ਸਰਬਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਪ੍ਰਕਾਸ਼ਨ ਦੀ ਮਿਤੀ : 17/06/2026
Army jawan Sarabjit Singh of village Bindrakh, who lost his life while on duty at Siachen Glacier, cremated with state honours

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਸਿਆਚਨ ਗਲੇਸ਼ੀਅਰ ਵਿਖੇ ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਪਿੰਡ ਬਿੰਦਰਖ ਦੇ ਫੌਜੀ ਜਵਾਨ ਸਰਬਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਵਿਧਾਇਕ ਦਿਨੇਸ਼ ਚੱਢਾ, ਜ਼ਿਲ੍ਹਾ ਪ੍ਰਸ਼ਾਸਨ ਅਤੇ ਹਜ਼ਾਰਾਂ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ

ਰੂਪਨਗਰ, 17 ਜੂਨ: ਸਿਆਚਨ ਗਲੇਸ਼ੀਅਰ ਵਿਖੇ ਡਿਊਟੀ ਦੌਰਾਨ ਜਾਨ ਗੁਆਉਣ ਵਾਲੇ 24 ਪੰਜਾਬ ਆਰਮਡ ਰੈਜੀਮੈਂਟ ਦੇ ਜਵਾਨ ਸਰਬਜੀਤ ਸਿੰਘ ਬਿੰਦਰਖ (27) ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਿੰਦਰਖ ਦੇ ਸ਼ਮਸ਼ਾਨ ਘਾਟ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇਸ ਮੌਕੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ, ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਤਹਿਸੀਲਦਾਰ ਸੁਰਿੰਦਰਪਾਲ ਸਿੰਘ ਪੰਨੂ, ਫੌਜੀ ਅਧਿਕਾਰੀਆਂ, ਵੱਖ-ਵੱਖ ਸਮਾਜਿਕ ਆਗੂਆਂ ਸਮੇਤ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਸਰਬਜੀਤ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਭਾਰਤੀ ਫੌਜ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦੇ ਕੇ ਸਲਾਮੀ ਵੀ ਦਿੱਤੀ ਗਈ।

ਜ਼ਿਕਰਯੋਗ ਹੈ ਕਿ ਪਿੰਡ ਬਿੰਦਰਖ ਦੇ ਵਸਨੀਕ ਸਰਬਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਭਾਰਤੀ ਫੌਜ ਦੀ 24 ਪੰਜਾਬ ਆਰਮਡ ਰੈਜੀਮੈਂਟ ਵਿੱਚ ਸੇਵਾ ਨਿਭਾ ਰਹੇ ਸਨ ਅਤੇ ਪਿਛਲੇ ਕਰੀਬ ਇੱਕ ਸਾਲ ਤੋਂ ਸਿਆਚਨ ਦੇ ਉੱਚੇ ਅਤੇ ਬਹੁਤ ਹੀ ਮੁਸ਼ਕਲ ਇਲਾਕੇ ਵਿੱਚ ਤਾਇਨਾਤ ਸਨ। ਡਿਊਟੀ ਦੌਰਾਨ ਅਚਾਨਕ ਸਿਹਤ ਵਿਗੜ ਜਾਣ ਅਤੇ ਆਕਸੀਜਨ ਦੀ ਕਮੀ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਸਰਬਜੀਤ ਸਿੰਘ ਦਾ ਵਿਆਹ ਇਸੇ ਸਾਲ 25 ਜਨਵਰੀ 2026 ਨੂੰ ਅਮਨਜੋਤ ਕੌਰ ਨਾਲ ਹੋਇਆ ਸੀ, ਜੋ ਇਸ ਸਮੇਂ ਲਾਅ ਦੀ ਪੜ੍ਹਾਈ ਕਰ ਰਹੇ ਹਨ। ਵਿਆਹ ਤੋਂ ਬਾਅਦ ਉਹ ਪਹਿਲੀ ਵਾਰ ਛੁੱਟੀ ਆ ਕੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਵਾਲੇ ਸਨ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

ਸਰਬਜੀਤ ਸਿੰਘ ਦੇ ਪਿਤਾ ਦਰਸ਼ਨ ਸਿੰਘ ਅਤੇ ਤਾਇਆ ਸੁਖਵਿੰਦਰ ਸਿੰਘ ਬਿੰਦਰਖ ਨੇ ਦੱਸਿਆ ਕਿ ਸਰਬਜੀਤ ਸਿੰਘ 15 ਸਤੰਬਰ 2018 ਨੂੰ ਭਾਰਤੀ ਫੌਜ ਵਿੱਚ ਭਰਤੀ ਹੋਏ ਸਨ। ਉਨ੍ਹਾਂ ਕਿਹਾ ਕਿ ਭਾਵੇਂ ਪਰਿਵਾਰ ਲਈ ਇਹ ਬਹੁਤ ਵੱਡਾ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ, ਪਰ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਦੇਸ਼ ਦੀ ਸੇਵਾ ਪੂਰੀ ਤਨਦੇਹੀ ਅਤੇ ਸਮਰਪਣ ਨਾਲ ਨਿਭਾਈ।

ਅੰਤਿਮ ਸੰਸਕਾਰ ਦੌਰਾਨ ਪੂਰਾ ਪਿੰਡ ਗ਼ਮ ਵਿੱਚ ਡੁੱਬਿਆ ਹੋਇਆ ਸੀ ਅਤੇ ਹਰ ਅੱਖ ਨਮ ਸੀ। ਲੋਕਾਂ ਨੇ ਆਪਣੇ ਇਸ ਬਹਾਦਰ ਪੁੱਤਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੇਸ਼ ਲਈ ਉਨ੍ਹਾਂ ਦੀ ਸੇਵਾ ਅਤੇ ਸਮਰਪਣ ਹਮੇਸ਼ਾ ਯਾਦ ਰੱਖਿਆ ਜਾਵੇਗਾ।