ਬੰਦ ਕਰੋ

ਸਰਕਾਰੀ ਕਾਲਜ ਰੋਪੜ ਦੇ ਬੀ.ਐੱਸ.ਸੀ. ਮੈਡੀਕਲ/ਨਾਨ-ਮੈਡੀਕਲ ਅਤੇ ਬੀ.ਕਾਮ ਸਮੈਸਟਰ-5 ਦੇ ਯੂਨੀਵਰਸਿਟੀ ਨਤੀਜੇ ਸ਼ਾਨਦਾਰ, ਵਿਦਿਆਰਥੀਆਂ ਨੇ ਕੀਤੀ ਉੱਤਮ ਕਾਰਗੁਜ਼ਾਰੀ

ਪ੍ਰਕਾਸ਼ਨ ਦੀ ਮਿਤੀ : 14/07/2026
Government College Ropar's B.Sc. Medical/Non-Medical and B.Com Semester-5 University Results Excellent, Students Performed Excellently

ਦਫਤਰ ਜ਼ਿਲ੍ਹਾ ਲੋਕ ਸੰਪਰਕ, ਅਫਸਰ ਰੂਪਨਗਰ

ਸਰਕਾਰੀ ਕਾਲਜ ਰੋਪੜ ਦੇ ਬੀ.ਐੱਸ.ਸੀ. ਮੈਡੀਕਲ/ਨਾਨ-ਮੈਡੀਕਲ ਅਤੇ ਬੀ.ਕਾਮ ਸਮੈਸਟਰ-5 ਦੇ ਯੂਨੀਵਰਸਿਟੀ ਨਤੀਜੇ ਸ਼ਾਨਦਾਰ, ਵਿਦਿਆਰਥੀਆਂ ਨੇ ਕੀਤੀ ਉੱਤਮ ਕਾਰਗੁਜ਼ਾਰੀ

ਰੂਪਨਗਰ, 14 ਜੁਲਾਈ: ਸਰਕਾਰੀ ਕਾਲਜ ਰੋਪੜ ਨੇ ਅਕਾਦਮਿਕ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਨੂੰ ਹੋਰ ਮਜ਼ਬੂਤ ਕਰਦਿਆਂ ਬੀ.ਐੱਸ.ਸੀ. ਮੈਡੀਕਲ, ਬੀ.ਐੱਸ.ਸੀ. ਨਾਨ-ਮੈਡੀਕਲ ਅਤੇ ਬੀ.ਕਾਮ ਸਮੈਸਟਰ-5 ਦੀਆਂ ਪੰਜਾਬ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਨਤੀਜੇ ਦਰਜ ਕੀਤੇ ਹਨ। ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਨੇ ਉੱਚ ਅੰਕ ਪ੍ਰਾਪਤ ਕਰਕੇ ਆਪਣੀ ਮਿਹਨਤ, ਲਗਨ ਅਤੇ ਅਧਿਆਪਕਾਂ ਦੀ ਯੋਗ ਰਹਿਨੁਮਾਈ ਦਾ ਪ੍ਰਮਾਣ ਦਿੱਤਾ ਹੈ। ਇਨ੍ਹਾਂ ਸ਼ਾਨਦਾਰ ਨਤੀਜਿਆਂ ਨਾਲ ਕਾਲਜ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਹੈ।

ਕਾਲਜ ਦੇ ਪ੍ਰਿੰਸੀਪਲ ਪ੍ਰੋ. ਜਤਿੰਦਰ ਸਿੰਘ ਗਿੱਲ ਨੇ ਸਫਲ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਅਧਿਆਪਕ ਵਰਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰੀ ਕਾਲਜ ਰੋਪੜ ਗੁਣਵੱਤਾ-ਭਰਪੂਰ ਸਿੱਖਿਆ, ਅਨੁਸ਼ਾਸਨ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਵਚਨਬੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਨਤੀਜੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੇ ਸਮਰਪਿਤ ਯਤਨਾਂ ਦਾ ਪ੍ਰਤੱਖ ਪ੍ਰਮਾਣ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਉੱਚ ਪ੍ਰਾਪਤੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।

ਕਾਲਜ ਰਜਿਸਟਰਾਰ ਪ੍ਰੋ. ਮੀਨਾ ਕੁਮਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ.ਐੱਸ.ਸੀ. ਮੈਡੀਕਲ ਵਿੱਚ ਗੌਰੀ ਨੇ 87 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਹਰਲੀਨ ਕੌਰ ਨੇ 81 ਫੀਸਦੀ ਅੰਕਾਂ ਨਾਲ ਦੂਜਾ ਅਤੇ ਜੈਸ਼ਿਕਾ ਨੇ 79 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ।

ਉਨ੍ਹਾਂ ਦੱਸਿਆ ਕਿ ਬੀ.ਐੱਸ.ਸੀ. ਨਾਨ-ਮੈਡੀਕਲ ਵਿੱਚ ਸੁਮੀਤ ਬਾਲਾ ਨੇ 82 ਫੀਸਦੀ ਅੰਕਾਂ ਨਾਲ ਪਹਿਲਾ, ਨਵਜੋਤ ਕੌਰ ਨੇ 80.4 ਫੀਸਦੀ ਅੰਕਾਂ ਨਾਲ ਦੂਜਾ ਅਤੇ ਬਿੰਨੀ ਦੇਵੀ ਨੇ 79.2 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।

ਇਸੇ ਤਰ੍ਹਾਂ ਬੀ.ਕਾਮ ਸਮੈਸਟਰ-5 ਵਿੱਚ ਹਰਪ੍ਰੀਤ ਕੌਰ ਨੇ 79 ਫੀਸਦੀ ਅੰਕਾਂ ਨਾਲ ਪਹਿਲਾ, ਪ੍ਰਭਜੋਤ ਕੌਰ ਨੇ 78.5 ਫੀਸਦੀ ਅੰਕਾਂ ਨਾਲ ਦੂਜਾ, ਜਦਕਿ ਰਹਿਨੁਮਾ ਅਤੇ ਰਸਨੀਤ ਕੌਰ ਨੇ 77.3 ਫੀਸਦੀ ਅੰਕ ਪ੍ਰਾਪਤ ਕਰਕੇ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕੀਤਾ।

ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਕਾਲਜ ਵੱਲੋਂ ਮਿਲੇ ਉੱਤਮ ਅਕਾਦਮਿਕ ਮਾਹੌਲ, ਅਧਿਆਪਕਾਂ ਦੀ ਨਿਰੰਤਰ ਰਹਿਨੁਮਾਈ, ਆਪਣੀ ਲਗਾਤਾਰ ਮਿਹਨਤ ਅਤੇ ਪਰਿਵਾਰ ਦੇ ਸਹਿਯੋਗ ਨੂੰ ਦਿੱਤਾ।

ਕਾਲਜ ਪ੍ਰਬੰਧਨ ਨੇ ਕਿਹਾ ਕਿ ਇਹ ਸ਼ਾਨਦਾਰ ਨਤੀਜੇ ਇਸ ਗੱਲ ਦਾ ਪ੍ਰਮਾਣ ਹਨ ਕਿ ਸਰਕਾਰੀ ਕਾਲਜ ਰੋਪੜ ਸਿੱਖਿਆ ਦੇ ਖੇਤਰ ਵਿੱਚ ਉੱਚ ਮਿਆਰ ਕਾਇਮ ਰੱਖਦਿਆਂ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਲਈ ਤਿਆਰ ਕਰ ਰਿਹਾ ਹੈ ਅਤੇ ਵਿਦਿਆਰਥੀ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਨਾਲ ਸੰਸਥਾ ਦਾ ਨਾਮ ਰੌਸ਼ਨ ਕਰ ਰਹੇ ਹਨ।