ਸਟਾਫ ਨਰਸਾਂ ਤੇ ਆਮ ਆਦਮੀ ਕਲੀਨਿਕਾਂ ਦੇ ਕਲੀਨਿਕਲ ਅਸਿਸਟੈਂਟਾਂ ਨੂੰ ਗੈਰ-ਸੰਚਾਰੀ ਬਿਮਾਰੀਆਂ ਸਬੰਧੀ ਰੀਫਰੈਸ਼ਰ ਟ੍ਰੇਨਿੰਗ
ਸਟਾਫ ਨਰਸਾਂ ਤੇ ਆਮ ਆਦਮੀ ਕਲੀਨਿਕਾਂ ਦੇ ਕਲੀਨਿਕਲ ਅਸਿਸਟੈਂਟਾਂ ਨੂੰ ਗੈਰ-ਸੰਚਾਰੀ ਬਿਮਾਰੀਆਂ ਸਬੰਧੀ ਰੀਫਰੈਸ਼ਰ ਟ੍ਰੇਨਿੰਗ
ਰੂਪਨਗਰ, 10 ਜੁਲਾਈ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਰੂਪਨਗਰ ਡਾ. ਰਮਨ ਕੁਮਾਰ ਗੁਪਤਾ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਐਨ.ਸੀ.ਡੀ (ਗੈਰ-ਸੰਚਾਰੀ ਬਿਮਾਰੀਆਂ) ਪ੍ਰੋਗਰਾਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਐਨ.ਸੀ.ਡੀ ਅਧੀਨ ਕੰਮ ਕਰ ਰਹੀਆਂ ਸਟਾਫ ਨਰਸਾਂ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਤਾਇਨਾਤ ਕਲੀਨਿਕਲ ਅਸਿਸਟੈਂਟਾਂ ਲਈ ਇੱਕ ਰੀਫਰੈਸ਼ਰ ਟ੍ਰੇਨਿੰਗ ਕਰਵਾਈ ਗਈ।
ਇਸ ਮੌਕੇ ਸਿਵਲ ਸਰਜਨ ਡਾ. ਰਮਨ ਕੁਮਾਰ ਗੁਪਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਗੈਰ-ਸੰਚਾਰੀ ਬਿਮਾਰੀਆਂ ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਕੈਂਸਰ ਅਤੇ ਲੰਬੇ ਸਮੇਂ ਦੀਆਂ ਸਾਹ ਸੰਬੰਧੀ ਬਿਮਾਰੀਆਂ ਲੋਕਾਂ ਦੀ ਸਿਹਤ ਲਈ ਵੱਡੀ ਚੁਣੌਤੀ ਬਣ ਰਹੀਆਂ ਹਨ। ਇਨ੍ਹਾਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ, ਇਲਾਜ ਅਤੇ ਨਿਯਮਤ ਫਾਲੋ-ਅੱਪ ਰਾਹੀਂ ਗੰਭੀਰ ਪੇਚੀਦਗੀਆਂ ਤੋਂ ਬਚਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਿਹਤ ਕਰਮਚਾਰੀਆਂ ਦੀ ਸਮੇਂ-ਸਮੇਂ ਤੇ ਸਮਰੱਥਾ ਵਿੱਚ ਵਾਧਾ ਕਰਨਾ ਸਿਹਤ ਵਿਭਾਗ ਦੀ ਪ੍ਰਾਥਮਿਕਤਾ ਹੈ ਤਾਂ ਜੋ ਲੋਕਾਂ ਨੂੰ ਬਿਹਤਰ ਅਤੇ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਮਿਲ ਸਕਣ।
ਟ੍ਰੇਨਿੰਗ ਦੌਰਾਨ ਭਾਗੀਦਾਰਾਂ ਨੂੰ ਐਨਸੀਡੀ ਪ੍ਰੋਗਰਾਮ ਦੀਆਂ ਨਵੀਆਂ ਹਦਾਇਤਾਂ, ਸਕ੍ਰੀਨਿੰਗ ਦੀ ਪ੍ਰਕਿਰਿਆ, ਮਰੀਜ਼ਾਂ ਦੀ ਪਛਾਣ, ਇਲਾਜ, ਫਾਲੋ-ਅੱਪ, ਰੈਫਰਲ ਪ੍ਰਣਾਲੀ ਅਤੇ ਰਿਕਾਰਡ ਦੀ ਸਹੀ ਸੰਭਾਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅੰਜਲੀ ਚੌਧਰੀ ਵੱਲੋਂ ਹਾਈਪਰਟੈਨਸ਼ਨ ਅਤੇ ਸ਼ੂਗਰ ਦੇ ਮਰੀਜ਼ਾਂ ਦੀ ਨਿਯਮਤ ਨਿਗਰਾਨੀ, ਦਵਾਈਆਂ ਦੀ ਪਾਲਣਾ, ਜੀਵਨ ਸ਼ੈਲੀ ਵਿੱਚ ਸੁਧਾਰ, ਸੰਤੁਲਿਤ ਖੁਰਾਕ, ਨਿਯਮਤ ਕਸਰਤ ਅਤੇ ਤੰਬਾਕੂ ਤੇ ਸ਼ਰਾਬ ਤੋਂ ਦੂਰ ਰਹਿਣ ਸਬੰਧੀ ਲੋਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਜਾਗਰੂਕ ਕਰਨ ਲਈ ਵੀ ਸਿਹਤ ਕਰਮਚਾਰੀਆਂ ਨੂੰ ਪ੍ਰੇਰਿਤ ਕੀਤਾ ਗਿਆ।
ਐਸ.ਡੀ.ਐਸ ਐਨਸੀਡੀ ਦੀਪਕ ਵੱਲੋਂ ਐਨਸੀਡੀ ਪੋਰਟਲ ‘ਤੇ ਮਰੀਜ਼ਾਂ ਦੇ ਡਾਟਾ ਦੀ ਸਹੀ ਐਂਟਰੀ, ਸਕ੍ਰੀਨਿੰਗ ਟੀਚਿਆਂ ਦੀ ਪ੍ਰਾਪਤੀ, ਫਾਲੋ-ਅੱਪ ਮਰੀਜ਼ਾਂ ਦੀ ਨਿਗਰਾਨੀ ਅਤੇ ਸਮੇਂ ਸਿਰ ਰੈਫਰਲ ਕਰਨ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਭਾਗੀਦਾਰਾਂ ਨੂੰ ਦੱਸਿਆ ਗਿਆ ਕਿ ਹਰ ਯੋਗ ਵਿਅਕਤੀ ਦੀ ਨਿਯਮਤ ਸਕ੍ਰੀਨਿੰਗ ਯਕੀਨੀ ਬਣਾਈ ਜਾਵੇ ਅਤੇ ਜਿਨ੍ਹਾਂ ਮਰੀਜ਼ਾਂ ਵਿੱਚ ਗੈਰ-ਸੰਚਾਰੀ ਬਿਮਾਰੀਆਂ ਦੇ ਲੱਛਣ ਮਿਲਣ, ਉਨ੍ਹਾਂ ਦਾ ਸਮੇਂ ਸਿਰ ਇਲਾਜ ਅਤੇ ਲਗਾਤਾਰ ਫਾਲੋ-ਅੱਪ ਕੀਤਾ ਜਾਵੇ।
ਇਸ ਟ੍ਰੇਨਿੰਗ ਦੌਰਾਨ ਪ੍ਰੈਕਟੀਕਲ ਸੈਸ਼ਨ ਵੀ ਕਰਵਾਏ ਗਏ, ਜਿਨ੍ਹਾਂ ਵਿੱਚ ਕੈਂਸਰ ਦੀ ਔਰਲ ਸਕਰੀਨਿੰਗ ਕੈਂਸਰ ਦੀ ਸਕਰੀਨਿੰਗ ਜਾਂਚ, ਬਲੱਡ ਪ੍ਰੈਸ਼ਰ ਦੀ ਸਹੀ ਜਾਂਚ, ਬਲੱਡ ਸ਼ੂਗਰ ਦੀ ਜਾਂਚ, ਮਰੀਜ਼ਾਂ ਦੀ ਕਾਊਂਸਲਿੰਗ ਅਤੇ ਕੇਸ ਮੈਨੇਜਮੈਂਟ ਨਾਲ ਸੰਬੰਧਿਤ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ। ਭਾਗੀਦਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਤਾਂ ਜੋ ਉਹ ਆਪਣੇ-ਆਪਣੇ ਸਿਹਤ ਸੰਸਥਾਨਾਂ ਵਿੱਚ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਸਕਣ।
ਇਸ ਮੌਕੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਲਈ ਲੋਕਾਂ ਵਿੱਚ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਬਾਰੇ ਜਾਗਰੂਕਤਾ ਫੈਲਾਉਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਖੇਤਰ ਵਿੱਚ ਵੱਧ ਤੋਂ ਵੱਧ ਯੋਗ ਵਿਅਕਤੀਆਂ ਦੀ ਸਕ੍ਰੀਨਿੰਗ ਕਰਨ, ਇਲਾਜ ਅਧੀਨ ਮਰੀਜ਼ਾਂ ਦੀ ਨਿਯਮਤ ਨਿਗਰਾਨੀ ਕਰਨ ਅਤੇ ਲੋਕਾਂ ਨੂੰ ਸਮੇਂ-ਸਮੇਂ ‘ਤੇ ਸਿਹਤ ਜਾਂਚ ਕਰਵਾਉਣ ਲਈ ਪ੍ਰੇਰਿਤ ਕਰਨ।
ਟ੍ਰੇਨਿੰਗ ਵਿੱਚ ਸ਼ਾਮਲ ਸਮੂਹ ਸਟਾਫ ਨਰਸਾਂ ਅਤੇ ਕਲੀਨਿਕਲ ਅਸਿਸਟੈਂਟਾਂ ਨੇ ਭਰੋਸਾ ਦਿੱਤਾ ਕਿ ਉਹ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਰੋਜ਼ਾਨਾ ਦੇ ਕੰਮ ਵਿੱਚ ਲਾਗੂ ਕਰਦੇ ਹੋਏ ਐਨਸੀਡੀ ਪ੍ਰੋਗਰਾਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਲੋਕਾਂ ਨੂੰ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਇਸ ਮੌਕੇ ਡਾ. ਪੁਨੀਤ ਸੈਣੀ, ਡਾ. ਰਮਨਪ੍ਰੀਤ ਕੌਰ, ਡਾ. ਹਰਸ਼ਰਨ ਕੌਰ, ਡਾ. ਗਗਨ, ਇੰਦਰਜੀਤ ਸਿੰਘ ਅਤੇ ਹੋਰ ਸਟਾਫ ਹਾਜ਼ਰ ਸੀ।