ਵਿਧਾਨ ਸਭਾ ਚੋਣਾਂ-2027 ਦੇ ਮੱਦੇਨਜ਼ਰ ਸਵੀਪ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਮੀਟਿੰਗ

ਪ੍ਰਕਾਸ਼ਨ ਦੀ ਮਿਤੀ : 07/10/2026
Meeting to make SVEEP activities more effective in view of the 2027 Assembly elections.

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਵਿਧਾਨ ਸਭਾ ਚੋਣਾਂ-2027 ਦੇ ਮੱਦੇਨਜ਼ਰ ਸਵੀਪ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਮੀਟਿੰਗ

ਘੱਟ ਵੋਟਿੰਗ ਵਾਲੇ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਧਿਆਨ ਦੇਣ ਅਤੇ ਰੋਜ਼ਾਨਾ ਜਾਗਰੂਕਤਾ ਗਤੀਵਿਧੀਆਂ ਕਰਵਾਉਣ ਦੇ ਨਿਰਦੇਸ਼

ਰੂਪਨਗਰ, 7 ਅਕਤੂਬਰ: ਪੰਜਾਬ ਵਿਧਾਨ ਸਭਾ ਚੋਣਾਂ-2027 ਦੀ ਪਹਿਲੀ ਤਿਮਾਹੀ ਵਿੱਚ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਜ਼ਿਲ੍ਹਾ ਰੂਪਨਗਰ ਵਿੱਚ ਵੋਟਰ ਜਾਗਰੂਕਤਾ ਸਬੰਧੀ ਸਵੀਪ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਅੱਜ ਚੋਣ ਤਹਿਸੀਲਦਾਰ ਰੂਪਨਗਰ ਪਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਸਵੀਪ ਨੋਡਲ ਅਫ਼ਸਰ ਅਤੇ ਹਲਕਾ ਪੱਧਰੀ ਸਵੀਪ ਨੋਡਲ ਅਫ਼ਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।</p>
ਮੀਟਿੰਗ ਦੌਰਾਨ ਹਾਜ਼ਰ ਨੋਡਲ ਅਫ਼ਸਰਾਂ ਨੂੰ ਜ਼ਿਲ੍ਹੇ ਦੀ ਆਮ ਜਨਤਾ ਵਿੱਚ ਵੋਟ ਦੀ ਮਹੱਤਤਾ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਰੋਜ਼ਾਨਾ ਪੱਧਰ ’ਤੇ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਉਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਆਪਣੇ-ਆਪਣੇ ਵਿਧਾਨ ਸਭਾ ਹਲਕਾ ਪੱਧਰ ’ਤੇ ਸਵੀਪ ਯੋਜਨਾ ਤਿਆਰ ਕਰਕੇ ਜ਼ਿਲ੍ਹਾ ਪੱਧਰ ’ਤੇ ਸਾਂਝੀ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ।

ਮੀਟਿੰਗ ਦੌਰਾਨ ਜ਼ਿਲ੍ਹਾ ਰੂਪਨਗਰ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੀ ਪੋਲਿੰਗ ਬੂਥ ਅਨੁਸਾਰ ਵੋਟਰ ਮਤਦਾਨ ਪ੍ਰਤੀਸ਼ਤ ਦੀ ਸੂਚੀ ਵੀ ਸਾਂਝੀ ਕੀਤੀ ਗਈ। ਇਸ ਦੌਰਾਨ ਘੱਟ ਮਤਦਾਨ ਵਾਲੇ ਪੋਲਿੰਗ ਬੂਥਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਨਿਸ਼ਾਨਾ ਬਣਾਉਂਦਿਆਂ ਸਵੀਪ ਗਤੀਵਿਧੀਆਂ ਦੀ ਯੋਜਨਾ ਤਿਆਰ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਮੌਕੇ ਨੋਡਲ ਅਫ਼ਸਰਾਂ ਨੂੰ ਜ਼ਿਲ੍ਹੇ ਦੇ ਸਵੀਪ ਪ੍ਰਤੀਕਾਂ ਨਾਲ ਰਾਬਤਾ ਕਾਇਮ ਕਰਕੇ ਵੋਟਰ ਜਾਗਰੂਕਤਾ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ। ਇਸ ਦੇ ਨਾਲ ਹੀ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਸਥਾਪਿਤ ਚੋਣ ਸਾਖਰਤਾ ਕਲੱਬਾਂ ਨੂੰ ਸਰਗਰਮ ਕਰਨ ’ਤੇ ਜ਼ੋਰ ਦਿੱਤਾ ਗਿਆ ਤਾਂ ਜੋ ਨਵੇਂ ਬਣੇ ਵੋਟਰਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਉਤਸ਼ਾਹਿਤ ਕੀਤਾ ਜਾ ਸਕੇ।

ਮੀਟਿੰਗ ਦੌਰਾਨ ਨਿਰਪੱਖ ਅਤੇ ਨੈਤਿਕ ਮਤਦਾਨ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਨੋਡਲ ਅਫ਼ਸਰਾਂ ਨੂੰ ਲੋਕਾਂ ਨੂੰ ਜਾਤ-ਪਾਤ, ਧਰਮ, ਭੇਦ-ਭਾਵ ਅਤੇ ਕਿਸੇ ਵੀ ਕਿਸਮ ਦੇ ਲਾਲਚ ਤੋਂ ਪ੍ਰਭਾਵਿਤ ਹੋਏ ਬਿਨਾਂ ਆਪਣੇ ਮਤਦਾਨ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਜਾਗਰੂਕ ਕਰਨ ਦੀ ਹਦਾਇਤ ਕੀਤੀ ਗਈ।

ਮੀਟਿੰਗ ਵਿੱਚ ਪ੍ਰਿੰਸੀਪਲ, ਆਈ.ਟੀ.ਆਈ. ਦਬੂੜ ਸੁਰਜੀਤ ਸਿੰਘ ਖੱਟੜਾ, ਜ਼ਿਲ੍ਹਾ ਸਿੱਖਿਆ ਅਫ਼ਸਰ-ਡੀਲਿੰਗ ਹੈਂਡ ਸੰਦੀਪ ਭੱਟ, ਡੀ.ਪੀ.ਈ. ਸ.ਸ.ਸ.ਸ. ਨੰਗਲ ਸਰਸਾ ਵਰਿੰਦਰ ਸਿੰਘ ਤੋਂ ਇਲਾਵਾ ਰਣਜੀਤ ਸਿੰਘ, ਪੁਨੀਤ ਸਿੰਘ ਅਤੇ ਰਾਬਿੰਦਰ ਰੱਬੀ ਸਮੇਤ ਹਲਕਾ ਪੱਧਰੀ ਨੋਡਲ ਅਫ਼ਸਰ ਹਾਜ਼ਰ ਸਨ।