ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੱਡਾ ਕਦਮ, ਪੰਜਾਬ ਰਾਜ ਟਰੇਡ ਕਮਿਸ਼ਨ ਦੇ ਜ਼ਿਲ੍ਹਾ ਦਫ਼ਤਰ ਦਾ ਉਦਘਾਟਨ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੱਡਾ ਕਦਮ, ਪੰਜਾਬ ਰਾਜ ਟਰੇਡ ਕਮਿਸ਼ਨ ਦੇ ਜ਼ਿਲ੍ਹਾ ਦਫ਼ਤਰ ਦਾ ਉਦਘਾਟਨ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 131 ਵਿਖੇ ਸਥਾਪਿਤ ਹੋਇਆ ਦਫ਼ਤਰ, ਕਿਸੇ ਵੀ ਸਮੱਸਿਆ ਲਈ ਵਪਾਰੀ ਕਰ ਸਕਦੇ ਹਨ ਸੰਪਰਕ
ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹੋਵੇਗੀ ਪ੍ਰਭਾਵਸ਼ਾਲੀ ਕਾਰਵਾਈ
ਰੂਪਨਗਰ, 26 ਅਗਸਤ: ਪੰਜਾਬ ਸਰਕਾਰ ਵੱਲੋਂ ਵਪਾਰੀ ਵਰਗ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ, ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਯੋਗ ਮੰਚ ’ਤੇ ਉਠਾਉਣ ਅਤੇ ਵਪਾਰੀਆਂ ਤੇ ਪ੍ਰਸ਼ਾਸਨ ਦਰਮਿਆਨ ਬਿਹਤਰ ਤਾਲਮੇਲ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਅਹਿਮ ਕਦਮ ਚੁੱਕਦਿਆਂ ਪੰਜਾਬ ਰਾਜ ਟਰੇਡ ਕਮਿਸ਼ਨ ਦੇ ਜ਼ਿਲ੍ਹਾ ਰੂਪਨਗਰ ਦਫ਼ਤਰ ਦਾ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉਦਘਾਟਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ, ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ, ਪੰਜਾਬ ਰਾਜ ਟਰੇਡ ਕਮਿਸ਼ਨ ਦੇ ਮਾਲਵਾ ਜ਼ੋਨ ਇੰਚਾਰਜ ਸ਼੍ਰੀ ਸੰਜੀਵ ਗੁਪਤਾ ਅਤੇ ਸਹਾਇਕ ਕਮਿਸ਼ਨਰ ਜੀ.ਐਸ.ਟੀ. ਸ਼੍ਰੀਮਤੀ ਗੁਰਸਿਮਰਨ ਕੌਰ ਹਾਜ਼ਰ ਸਨ।
ਪੰਜਾਬ ਸਰਕਾਰ ਦੀ ਵਪਾਰੀ ਵਰਗ ਨੂੰ ਵਿਸ਼ੇਸ਼ ਮਹੱਤਤਾ ਦੇਣ ਵਾਲੀ ਨੀਤੀ ਤਹਿਤ ਸਥਾਪਿਤ ਕੀਤਾ ਗਿਆ ਟਰੇਡ ਕਮਿਸ਼ਨ ਵਪਾਰੀਆਂ ਲਈ ਆਪਣੀਆਂ ਸਮੱਸਿਆਵਾਂ, ਸੁਝਾਅ ਅਤੇ ਮੰਗਾਂ ਸਰਕਾਰ ਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਦਾ ਇੱਕ ਪ੍ਰਭਾਵਸ਼ਾਲੀ ਮੰਚ ਬਣ ਰਿਹਾ ਹੈ। ਜ਼ਿਲ੍ਹਾ ਰੂਪਨਗਰ ਵਿੱਚ ਇਸ ਦਫ਼ਤਰ ਦੀ ਸਥਾਪਨਾ ਨਾਲ ਹੁਣ ਜ਼ਿਲ੍ਹੇ ਦੇ ਵਪਾਰੀਆਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਸੁਚੱਜਾ ਅਤੇ ਸਿੱਧਾ ਮੰਚ ਉਪਲਬਧ ਹੋਵੇਗਾ।
ਵਪਾਰੀ ਵਰਗ ਆਪਣੀ ਕਿਸੇ ਵੀ ਸਮੱਸਿਆ, ਮੰਗ ਜਾਂ ਸੁਝਾਅ ਦੇ ਹੱਲ ਲਈ ਪੰਜਾਬ ਰਾਜ ਟਰੇਡ ਕਮਿਸ਼ਨ ਦੇ ਜ਼ਿਲ੍ਹਾ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ। ਇਹ ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਰੂਪਨਗਰ ਦੇ ਕਮਰਾ ਨੰਬਰ 131 ਵਿਖੇ ਸਥਾਪਿਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਡੇਚਲਵਾਲ ਨੇ ਵਪਾਰੀ ਵਰਗ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਵਿੱਚ ਵਪਾਰੀਆਂ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਸਬੰਧਤ ਮਾਮਲਿਆਂ ਨੂੰ ਯੋਗ ਪੱਧਰ ’ਤੇ ਵਿਚਾਰਿਆ ਜਾਵੇਗਾ।
ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਸ੍ਰੀ ਦਿਨੇਸ਼ ਚੱਢਾ ਨੇ ਜ਼ਿਲ੍ਹਾ ਟਰੇਡ ਕਮਿਸ਼ਨ ਦਫ਼ਤਰ ਦੀ ਸਥਾਪਨਾ ਲਈ ਵਪਾਰੀ ਵਰਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਪਾਰੀ ਸੂਬੇ ਦੀ ਆਰਥਿਕਤਾ ਅਤੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਜਾਇਜ਼ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਪੰਜਾਬ ਰਾਜ ਟਰੇਡ ਕਮਿਸ਼ਨ ਦੇ ਮਾਲਵਾ ਜ਼ੋਨ ਇੰਚਾਰਜ ਸ੍ਰੀ ਸੰਜੀਵ ਗੁਪਤਾ ਨੇ ਕਿਹਾ ਕਿ ਕਮਿਸ਼ਨ ਦਾ ਉਦੇਸ਼ ਵਪਾਰੀ ਵਰਗ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਨਾ ਅਤੇ ਉਨ੍ਹਾਂ ਦੇ ਹੱਲ ਲਈ ਸਬੰਧਤ ਵਿਭਾਗਾਂ ਨਾਲ ਪ੍ਰਭਾਵਸ਼ਾਲੀ ਤਾਲਮੇਲ ਕਰਨਾ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਹੁਣ ਇੱਕ ਮਜ਼ਬੂਤ ਸੰਸਥਾਗਤ ਮੰਚ ਮਿਲਿਆ ਹੈ।
ਇਸ ਮੌਕੇ ਟਰੇਡ ਕਮਿਸ਼ਨ ਵੱਲੋਂ ਜ਼ਿਲ੍ਹਾ ਰੂਪਨਗਰ ਲਈ ਸ. ਦਾਰਾ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ, ਹਲਕਾ ਚੇਅਰਮੈਨ ਰੂਪਨਗਰ ਸ. ਅਮਨਦੀਪ ਸਿੰਘ ਸੋਨੀ, ਹਲਕਾ ਚੇਅਰਮੈਨ ਸ੍ਰੀ ਚਮਕੌਰ ਸਾਹਿਬ ਸ. ਲਖਵਿੰਦਰ ਸਿੰਘ ਕਾਕਾ ਅਤੇ ਹਲਕਾ ਚੇਅਰਮੈਨ ਸ੍ਰੀ ਅਨੰਦਪੁਰ ਸਾਹਿਬ ਸ. ਗੁਰਪ੍ਰੀਤ ਸਿੰਘ ਅਰੋੜਾ ਨੂੰ ਦੀ ਜ਼ਿੰਮੇਵਾਰੀ ਸੌਂਪੀ ਗਈ।
ਇਸ ਮੌਕੇ ਵਪਾਰੀ ਵਰਗ ਵੱਲੋਂ ਵਿਧਾਇਕ ਸ੍ਰੀ ਦਿਨੇਸ਼ ਚੱਢਾ ਦਾ ਸਰਹਿੰਦ ਨਹਿਰ ’ਤੇ ਪੁਰਾਣੇ ਪੁਲ ਦੀ ਮੁੜ ਉਸਾਰੀ ਲਈ ਨੀਂਹ ਪੱਥਰ ਰੱਖਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਵਪਾਰੀਆਂ ਨੇ ਕਿਹਾ ਕਿ ਪੁਲ ਦੀ ਮੁੜ ਉਸਾਰੀ ਨਾਲ ਇਲਾਕੇ ਦੇ ਵਪਾਰੀਆਂ ਅਤੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਟਰੇਡ ਕਮਿਸ਼ਨ ਰੂਪਨਗਰ ਦੇ ਹਲਕਾ ਚੇਅਰਮੈਨ ਸ੍ਰੀ ਅਮਨਦੀਪ ਸਿੰਘ ਸੋਨੀ ਵੱਲੋਂ ਸਮਾਗਮ ਵਿੱਚ ਸ਼ਾਮਲ ਹੋਏ ਸਮੂਹ ਪਤਵੰਤੇ ਵਿਅਕਤੀਆਂ, ਕਮਿਸ਼ਨ ਦੇ ਅਹੁਦੇਦਾਰਾਂ, ਵਪਾਰੀਆਂ ਅਤੇ ਜ਼ਿਲ੍ਹਾ ਟੀਮ ਦਾ ਧੰਨਵਾਦ ਕੀਤਾ ਗਿਆ।
ਇਸ ਸਮਾਗਮ ਵਿੱਚ ਪੰਜਾਬ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ. ਕਮਿੱਕਰ ਸਿੰਘ ਡਾਢੀ, ਸੈਣੀ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਸ਼੍ਰੀ ਰਾਮ ਕੁਮਾਰ ਮੁਕਾਰੀ, ਜ਼ਿਲ੍ਹਾ ਯੂਥ ਦੇ ਪ੍ਰਧਾਨ ਸ਼੍ਰੀ ਚੇਤਨ ਕਾਲੀਆ, ਸ. ਤਰਲੋਚਨ ਸਿੰਘ, ਸ. ਦਾਰਾ ਸਿੰਘ, ਸ. ਗੁਰਵਿੰਦਰ ਸਿੰਘ ਸੈਣੀ, ਸ. ਮਨਦੀਪ ਸਿੰਘ ਢੀਂਡਸਾ, ਸ. ਗੁਰਦੀਪ ਸਿੰਘ ਮਗਰੋੜ, ਸ. ਬਲਵਿੰਦਰ ਸਿੰਘ ਪੜੀ, ਸ. ਹਰਦੀਪ ਸਿੰਘ ਸੋਨੀ, ਸ. ਹਰਗੁਰਿੰਦਰ ਸਿੰਘ ਰੂਪਨਗਰ, ਸ਼੍ਰੀ ਗੌਰਵ ਅਰੋੜਾ ਅਤੇ ਸ. ਸਰਬਜੀਤ ਸਿੰਘ ਹਵੇਲੀ ਸਮੇਤ ਵੱਡੀ ਗਿਣਤੀ ਵਿੱਚ ਵਪਾਰੀ ਅਤੇ ਵੱਖ-ਵੱਖ ਬਲਾਕਾਂ ਦੇ ਅਹੁਦੇਦਾਰ ਹਾਜ਼ਰ ਸਨ।