ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਵਾਟਰ ਕੂਲਰ ਅਤੇ ਵਾਟਰ ਫਿਲਟਰ ਕੀਤਾ ਗਿਆ ਭੇਂਟ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਵਾਟਰ ਕੂਲਰ ਅਤੇ ਵਾਟਰ ਫਿਲਟਰ ਕੀਤਾ ਗਿਆ ਭੇਂਟ
ਖਿਡਾਰੀਆਂ ਅਤੇ ਆਮ ਲੋਕਾਂ ਨੂੰ ਮਿਲੇਗੀ ਸਾਫ਼ ਅਤੇ ਠੰਢੇ ਪੀਣ ਵਾਲੇ ਪਾਣੀ ਦੀ ਸਹੂਲਤ
ਰੂਪਨਗਰ, 7 ਅਗਸਤ: ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਸਮਾਜ ਸੇਵਾ ਦੇ ਉਪਰਾਲੇ ਤਹਿਤ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਖਿਡਾਰੀਆਂ ਅਤੇ ਆਉਣ ਵਾਲੇ ਰਾਹਗੀਰਾਂ ਦੀ ਸਹੂਲਤ ਲਈ ਵਾਟਰ ਕੂਲਰ ਅਤੇ ਵਾਟਰ ਫਿਲਟਰ ਭੇਂਟ ਕੀਤਾ ਗਿਆ। ਇਸ ਲੋਕ-ਭਲਾਈ ਕਾਰਜ ਦਾ ਉਦਘਾਟਨ ਜ਼ਿਲ੍ਹਾ ਖੇਡ ਅਫ਼ਸਰ ਰੂਪਨਗਰ ਸ. ਜਗਜੀਵਨ ਸਿੰਘ ਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਕਰਨ ਮਹਿਤਾ ਵੱਲੋਂ ਫੀਤਾ ਕੱਟ ਕੇ ਕੀਤਾ ਗਿਆ।
ਇਸ ਮੌਕੇ ਸ. ਜਗਜੀਵਨ ਸਿੰਘ ਤੇ ਸ਼੍ਰੀ ਕਰਨ ਮਹਿਤਾ ਨੇ ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਖਿਡਾਰੀਆਂ ਅਤੇ ਆਮ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਟੇਡੀਅਮ ਵਿੱਚ ਰੋਜ਼ਾਨਾ ਅਭਿਆਸ ਕਰਨ ਵਾਲੇ ਖਿਡਾਰੀਆਂ ਨੂੰ ਹੁਣ ਸਾਫ਼ ਅਤੇ ਠੰਢੇ ਪੀਣ ਵਾਲੇ ਪਾਣੀ ਦੀ ਸੁਵਿਧਾ ਉਪਲਬਧ ਹੋਵੇਗੀ, ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਰਾਹਤ ਮਿਲੇਗੀ।
ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਰੁਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੇਡੀਅਮ ਵਿੱਚ ਰੋਜ਼ਾਨਾ ਅਭਿਆਸ ਕਰਨ ਵਾਲੇ ਖਿਡਾਰੀਆਂ ਵੱਲੋਂ ਸਾਫ਼ ਪੀਣ ਵਾਲੇ ਪਾਣੀ ਦੀ ਘਾਟ ਸਬੰਧੀ ਸਮੱਸਿਆ ਕਲੱਬ ਦੇ ਧਿਆਨ ਵਿੱਚ ਲਿਆਂਦੀ ਗਈ ਸੀ। ਇਸ ਉਪਰੰਤ ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਤੁਰੰਤ ਵਾਟਰ ਕੂਲਰ ਅਤੇ ਵਾਟਰ ਫਿਲਟਰ ਸਥਾਪਤ ਕਰਨ ਦਾ ਫ਼ੈਸਲਾ ਲਿਆ ਗਿਆ ਤਾਂ ਜੋ ਖਿਡਾਰੀਆਂ ਅਤੇ ਹੋਰ ਆਉਣ ਵਾਲੇ ਲੋਕਾਂ ਨੂੰ ਬਿਹਤਰ ਸਹੂਲਤ ਮੁਹੱਈਆ ਕਰਵਾਈ ਜਾ ਸਕੇ।
ਇਸ ਮੌਕੇ ਰੋਟੇਰੀਅਨ ਡਾ. ਸਾਇਲੇਸ਼ ਸ਼ਰਮਾ (ਕਲੱਬ ਪ੍ਰਧਾਨ), ਰੋਟੇਰੀਅਨ ਰੁਮਿੰਦਰ ਸਿੰਘ (ਸਾਬਕਾ ਪ੍ਰਧਾਨ), ਰੋਟੇਰੀਅਨ ਅਜਮੇਰ ਸਿੰਘ (ਜ਼ਿਲ੍ਹਾ ਚੇਅਰਮੈਨ, ਇਨਵਾਇਰਨਮੈਂਟ), ਰੋਟੇਰੀਅਨ ਕੁਲਤਾਰ ਸਿੰਘ, ਰੋਟੇਰੀਅਨ ਕੁਲਜੀਤ ਸਿੰਘ, ਡਾ. ਹਰਮਨਦੀਪ ਸਿੰਘ, ਮਾ. ਵਰਿੰਦਰ ਸਿੰਘ ਅਤੇ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ।
ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਰੋਟਰੀ ਦੇ ਮੂਲ ਮੰਤਰ “ਸੇਵਾ ਸਭ ਤੋਂ ਉੱਪਰ” ਨੂੰ ਅੱਗੇ ਵਧਾਉਂਦਿਆਂ ਭਵਿੱਖ ਵਿੱਚ ਵੀ ਅਜਿਹੇ ਲੋਕ-ਭਲਾਈ ਅਤੇ ਸਮਾਜ ਸੇਵਾ ਨਾਲ ਸਬੰਧਤ ਪ੍ਰੋਜੈਕਟ ਲਗਾਤਾਰ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ ਗਿਆ।