ਰੂਪਨਗਰ ਦੀ ਹੋਣਹਾਰ ਪਹਿਲਵਾਨ ਸੋਨਲ ਨੇ ਅੰਡਰ-20 ਕਾਮਨਵੈਲਥ ਕੁਸ਼ਤੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ ‘ਚ ਬਣਾਈ ਜਗ੍ਹਾ

ਪ੍ਰਕਾਸ਼ਨ ਦੀ ਮਿਤੀ : 17/11/2026
Sonal, a promising wrestler from Rupnagar, has secured a spot in the Indian team for the Under-20 Commonwealth Wrestling Championships.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਰੂਪਨਗਰ

ਰੂਪਨਗਰ ਦੀ ਹੋਣਹਾਰ ਪਹਿਲਵਾਨ ਸੋਨਲ ਨੇ ਅੰਡਰ-20 ਕਾਮਨਵੈਲਥ ਕੁਸ਼ਤੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ ‘ਚ ਬਣਾਈ ਜਗ੍ਹਾ

4 ਤੋਂ 6 ਦਸੰਬਰ ਤੱਕ ਦੱਖਣੀ ਅਫ਼ਰੀਕਾ ਵਿਖੇ ਹੋਣ ਵਾਲੀ ਚੈਂਪੀਅਨਸ਼ਿਪ ਵਿੱਚ ਕਰੇਗੀ ਦੇਸ਼ ਦੀ ਨੁਮਾਇੰਦਗੀ

ਮੁੱਖ ਮੰਤਰੀ ਫੀਲਡ ਅਫ਼ਸਰ ਅਮਨਦੀਪ ਕੌਰ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਿਡਾਰਨ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਰੂਪਨਗਰ, 17 ਨਵੰਬਰ: ਜ਼ਿਲ੍ਹਾ ਰੂਪਨਗਰ ਦੀ ਹੋਣਹਾਰ ਪਹਿਲਵਾਨ ਸੋਨਲ ਪੁੱਤਰੀ ਸ੍ਰੀ ਯੋਗਿੰਦਰ ਸਿੰਘ ਨੇ ਆਪਣੀ ਸਖ਼ਤ ਮਿਹਨਤ, ਲਗਨ ਅਤੇ ਸ਼ਾਨਦਾਰ ਖੇਡ ਪ੍ਰਤਿਭਾ ਦੇ ਦਮ ’ਤੇ ਅੰਡਰ-20 ਕਾਮਨਵੈਲਥ ਕੁਸ਼ਤੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਿੱਚ ਜਗ੍ਹਾ ਬਣਾ ਕੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।

ਖੇਡ ਵਿਭਾਗ ਰੂਪਨਗਰ ਦੇ ਕੁਸ਼ਤੀ ਸਿਖਲਾਈ ਕੇਂਦਰ ਕਾਇਨੌਰ ਦੀ ਇਸ ਹੋਣਹਾਰ ਖਿਡਾਰਨ ਵੱਲੋਂ 4 ਤੋਂ 6 ਦਸੰਬਰ 2026 ਤੱਕ ਪੋਲੋਕਵਾਨੇ, ਦੱਖਣੀ ਅਫ਼ਰੀਕਾ ਵਿਖੇ ਹੋਣ ਵਾਲੀ ਅੰਡਰ-20 ਕਾਮਨਵੈਲਥ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਜਾਵੇਗੀ। ਇਸ ਅੰਤਰਰਾਸ਼ਟਰੀ ਮੁਕਾਬਲੇ ਲਈ ਭਾਰਤੀ ਟੀਮ ਵਿੱਚ ਚੁਣੇ ਜਾਣਾ ਸੋਨਲ ਦੀ ਖੇਡ ਪ੍ਰਤੀ ਸਮਰਪਣ ਭਾਵਨਾ ਅਤੇ ਲਗਾਤਾਰ ਕੀਤੇ ਜਾ ਰਹੇ ਯਤਨਾਂ ਦਾ ਪ੍ਰਮਾਣ ਹੈ।

ਇਸ ਮਾਣਮੱਤੀ ਪ੍ਰਾਪਤੀ ’ਤੇ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਮੁੱਖ ਮੰਤਰੀ ਫੀਲਡ ਅਫ਼ਸਰ ਅਮਨਦੀਪ ਕੌਰ ਨੇ ਸੋਨਲ ਨੂੰ ਸ਼ੁਭਕਾਮਨਾਵਾਂ ਭੇਟ ਕਰਦਿਆਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀ ਧੀ ਵੱਲੋਂ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦੀ ਨੁਮਾਇੰਦਗੀ ਕਰਨਾ ਸਮੁੱਚੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਅਤੇ ਉਸ ਦੀ ਇਹ ਪ੍ਰਾਪਤੀ ਹੋਰਨਾਂ ਨੌਜਵਾਨ ਖਿਡਾਰੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੇਗੀ।

ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਗਿੱਲ ਵੀ ਹਾਜ਼ਰ ਸਨ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਸ ਪ੍ਰਗਟਾਈ ਗਈ ਕਿ ਸੋਨਲ ਅੰਤਰਰਾਸ਼ਟਰੀ ਮੰਚ ’ਤੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਲਈ ਮਾਣਮੱਤੀ ਪ੍ਰਾਪਤੀ ਦਰਜ ਕਰੇਗੀ।