ਮੈਗਾ ਡਰਾਈਵ ਤਹਿਤ ਪਿੰਡ ਸਵਾਮੀਪੁਰ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੂੰ ਪ੍ਰਭ ਆਸਰਾ ਵਿਖੇ ਕਰਵਾਇਆ ਦਾਖ਼ਲ

ਪ੍ਰਕਾਸ਼ਨ ਦੀ ਮਿਤੀ : 22/10/2026
Under the mega drive, a child with special needs from Swamipur village was admitted to Prabh Asra.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਮੈਗਾ ਡਰਾਈਵ ਤਹਿਤ ਪਿੰਡ ਸਵਾਮੀਪੁਰ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੂੰ ਪ੍ਰਭ ਆਸਰਾ ਵਿਖੇ ਕਰਵਾਇਆ ਦਾਖ਼ਲ

ਰੂਪਨਗਰ, 22 ਅਕਤੂਬਰ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਚਲਾਈ ਜਾ ਰਹੀ ਮੈਗਾ ਡਰਾਈਵ ਤਹਿਤ ਪਿੰਡ ਸਵਾਮੀਪੁਰ (ਨੰਗਲ) ਵਿਖੇ ਸਥਾਪਤ ਕੀਤੇ ਗਏ ਕਾਨੂੰਨੀ ਸਹਾਇਤਾ ਕਲੀਨਿਕ ਰਾਹੀਂ ਇੱਕ ਲੋੜਵੰਦ ਪਰਿਵਾਰ ਦੀ ਸਮੱਸਿਆ ਦਾ ਹੱਲ ਕਰਦਿਆਂ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੂੰ ਪ੍ਰਭ ਆਸਰਾ ਸੰਸਥਾ ਵਿਖੇ ਦਾਖ਼ਲ ਕਰਵਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਜੇ.ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਮੈਗਾ ਡਰਾਈਵ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਪੈਰਾ ਲੀਗਲ ਵਲੰਟੀਅਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਉਹ ਘਰ-ਘਰ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਸਕਣ ਅਤੇ ਉਨ੍ਹਾਂ ਨੂੰ ਲੋੜੀਂਦੀ ਕਾਨੂੰਨੀ ਸਹਾਇਤਾ ਮੁਹੱਈਆ ਕਰਵਾ ਸਕਣ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਪਿੰਡ ਸਵਾਮੀਪੁਰ ਦੀ ਇੱਕ ਗ਼ਰੀਬ ਮਹਿਲਾ ਨੇ ਪੈਰਾ ਲੀਗਲ ਵਲੰਟੀਅਰਾਂ ਨੂੰ ਦੱਸਿਆ ਕਿ ਉਸ ਦਾ ਬੱਚਾ ਲੰਮੇ ਸਮੇਂ ਤੋਂ ਮਾਨਸਿਕ ਅਸਮਰੱਥਾ ਨਾਲ ਜੂਝ ਰਿਹਾ ਹੈ ਅਤੇ ਘਰ ਵਿੱਚ ਮਾਰ-ਕੁੱਟ ਵੀ ਕਰਦਾ ਹੈ। ਮਹਿਲਾ ਨੇ ਬੱਚੇ ਦੀ ਦੇਖਭਾਲ ਅਤੇ ਸੁਰੱਖਿਆ ਦੇ ਮੱਦੇਨਜ਼ਰ ਉਸ ਨੂੰ ਕਿਸੇ ਆਸ਼ਰਮ ਵਿੱਚ ਦਾਖ਼ਲ ਕਰਵਾਉਣ ਲਈ ਸਹਾਇਤਾ ਦੀ ਅਪੀਲ ਕੀਤੀ।

ਉਨ੍ਹਾਂ ਦੱਸਿਆ ਕਿ ਮਹਿਲਾ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਅਤੇ ਬੱਚੇ ਨੂੰ ਪ੍ਰਭ ਆਸਰਾ ਸੰਸਥਾ ਵਿਖੇ ਦਾਖ਼ਲ ਕਰਵਾਇਆ ਗਿਆ।

ਇਸ ਮੌਕੇ ਉਨ੍ਹਾਂ ਕਿਹਾ ਕਿ ਮੈਗਾ ਡਰਾਈਵ ਦਾ ਮੁੱਖ ਉਦੇਸ਼ ਲੋੜਵੰਦ ਅਤੇ ਵਾਂਝੇ ਵਰਗਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਉਨ੍ਹਾਂ ਨੂੰ ਬਣਦੀ ਸਹਾਇਤਾ ਮੁਹੱਈਆ ਕਰਵਾਉਣਾ ਹੈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਲੋਕਾਂ ਦੀ ਸਹਾਇਤਾ ਲਈ ਨਿਰੰਤਰ ਯਤਨਸ਼ੀਲ ਹੈ।