ਬੰਦ ਕਰੋ

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਏ.ਆਈ. ਅਤੇ ਰੋਬੋਟਿਕਸ ਸਿੱਖਿਆ ਨੂੰ ਮਿਲੇਗਾ ਹੁਲਾਰਾ

ਪ੍ਰਕਾਸ਼ਨ ਦੀ ਮਿਤੀ : 13/08/2026
AI and robotics education to get boost in Punjab government schools

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਏ.ਆਈ. ਅਤੇ ਰੋਬੋਟਿਕਸ ਸਿੱਖਿਆ ਨੂੰ ਮਿਲੇਗਾ ਹੁਲਾਰਾ

ਸਕੂਲ ਸਿੱਖਿਆ ਵਿਭਾਗ ਅਤੇ ਨਾਇਲਟ ਰੂਪਨਗਰ ਨੇ ‘ਮਿਸ਼ਨ ਰਫ਼ਤਾਰ’ ਦੀ ਕੀਤੀ ਸ਼ੁਰੂਆਤ

ਰੂਪਨਗਰ, 13 ਅਗਸਤ: ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰਾਨਿਕਸ ਐਂਡ ਇਨਫ਼ਾਰਮੇਸ਼ਨ ਟੈਕਨਾਲੋਜੀ (ਨਾਇਲਟ) ਰੂਪਨਗਰ ਵੱਲੋਂ ਸੂਬੇ ਦੇ 425 ਸਰਕਾਰੀ ਸਕੂਲਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.), ਇੰਟਰਨੈੱਟ ਆਫ਼ ਥਿੰਗਜ਼ (ਆਈ.ਓ.ਟੀ.) ਅਤੇ ਰੋਬੋਟਿਕਸ ਦੀ ਸਿੱਖਿਆ ਸ਼ੁਰੂ ਕਰਨ ਲਈ ‘ਮਿਸ਼ਨ ਰਫ਼ਤਾਰ’ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਗਰਾਮ ਨੂੰ ਲਾਗੂ ਕਰਨ ਵਿੱਚ ਨਾਇਲਟ ਰੂਪਨਗਰ ਸਹਿਯੋਗੀ ਸੰਸਥਾ ਵਜੋਂ ਭੂਮਿਕਾ ਨਿਭਾ ਰਿਹਾ ਹੈ।

ਇਸ ਸਿਖਲਾਈ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਨਾਇਲਟ ਰੂਪਨਗਰ ਦੇ ਅਤਿ-ਆਧੁਨਿਕ ਕੈਂਪਸ ਵਿਖੇ ਕੀਤੀ ਗਈ। ਇਸ ਤਹਿਤ ਅਧਿਆਪਕਾਂ ਨੂੰ ਵਿਹਾਰਕ ਸਿਖਲਾਈ ਲਈ ਵਿਸ਼ੇਸ਼ ਸਿੱਖਣ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਆਰਡੂਇਨੋ ਕਿੱਟ ਰਾਹੀਂ ਸਰਕਟ ਇੰਜੀਨੀਅਰਿੰਗ, ਈਐਸਪੀ 32 ਕਿੱਟ ਰਾਹੀਂ ਆਈ.ਓ.ਟੀ. ਸੈਂਸਰ, ਰੋਬੋਟਿਕ ਮੋਡੀਊਲ ਅਤੇ ਰਾਸਪਬੈਰੀ ਪਾਈ ਵਰਗੇ ਹਾਰਡਵੇਅਰ ਸ਼ਾਮਲ ਹਨ।

ਇਸ ਮਹੱਤਵਪੂਰਨ ਪਹਿਲਕਦਮੀ ਦਾ ਉਦੇਸ਼ ਸਰਕਾਰੀ ਸਕੂਲਾਂ ਦੀਆਂ ਕੰਪਿਊਟਰ ਲੈਬਾਂ ਨੂੰ ਏ.ਆਈ., ਆਈ.ਓ.ਟੀ. ਅਤੇ ਰੋਬੋਟਿਕਸ ਆਧਾਰਿਤ ਵਿਹਾਰਕ ਸਿੱਖਿਆ ਲਈ ਨਵੀਨਤਾ ਕੇਂਦਰਾਂ ਵਜੋਂ ਵਿਕਸਤ ਕਰਨਾ ਹੈ। ‘ਟ੍ਰੇਨ-ਦ-ਟੀਚਰ’ ਮਾਡਲ ਤਹਿਤ 425 ਨਾਮਜ਼ਦ ਅਧਿਆਪਕਾਂ ਨੂੰ ਨਾਇਲਟ ਰੂਪਨਗਰ ਵਿਖੇ ਤਿੰਨ ਦਿਨਾਂ ਦੀ ਗਹਿਰੀ ਰਿਹਾਇਸ਼ੀ ਵਿਹਾਰਕ ਸਿਖਲਾਈ ਰਾਹੀਂ ਮਾਸਟਰ ਟ੍ਰੇਨਰ ਵਜੋਂ ਤਿਆਰ ਕੀਤਾ ਜਾਵੇਗਾ। ਇਸ ਦੇ ਨਾਲ ਵਿਦਿਆਰਥੀਆਂ ਲਈ ਆਨਲਾਈਨ ਇੰਟਰਐਕਟਿਵ ਬੂਟਕੈਂਪ ਵੀ ਕਰਵਾਏ ਜਾਣਗੇ।

ਸਿਖਲਾਈ ਦਾ ਪਾਠਕ੍ਰਮ ਚਾਰ ਪੜਾਵਾਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਸਰਕਟ ਇੰਜੀਨੀਅਰਿੰਗ ਅਤੇ ਮੂਲ ਤਰਕ, ਵਾਇਰਲੈੱਸ ਸੰਚਾਰ ਅਤੇ ਸਮਾਰਟ ਆਈ.ਓ.ਟੀ., ਕਾਇਨੇਮੈਟਿਕਸ ਅਤੇ ਮੈਕੈਟ੍ਰੌਨਿਕ ਆਟੋਮੇਸ਼ਨ ਅਤੇ ਐਜ ਇੰਟੈਲੀਜੈਂਸ ਅਤੇ ਕੰਪਿਊਟਰ ਵਿਜ਼ਨ ਸ਼ਾਮਲ ਹਨ। ਇਸ ਤੋਂ ਇਲਾਵਾ, ਕਲਾਉਡ ਆਧਾਰਿਤ ਡਿਜੀਟਲ ਸਹਾਇਤਾ ਪੋਰਟਲ ਰਾਹੀਂ ਅਧਿਆਪਕਾਂ ਨੂੰ ਲਗਾਤਾਰ ਤਕਨੀਕੀ ਮਾਰਗਦਰਸ਼ਨ ਅਤੇ ਸਿੱਖਣ ਦੇ ਨਤੀਜਿਆਂ ਦੀ ਰੀਅਲ-ਟਾਈਮ ਨਿਗਰਾਨੀ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ।

ਇਹ ਪ੍ਰੋਜੈਕਟ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਉਦੇਸ਼ਾਂ ਅਨੁਸਾਰ ਸਕੂਲੀ ਵਿਦਿਆਰਥੀਆਂ ਤੱਕ ਆਧੁਨਿਕ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਦੀ ਸਿੱਖਿਆ ਪਹੁੰਚਾਉਣ ਅਤੇ “ਤਕਨੀਕੀ ਸਿੱਖਿਆ ਨੂੰ ਹਰ ਵਿਦਿਆਰਥੀ ਤੱਕ ਪਹੁੰਚਾਉਣ ਵੱਲ ਇੱਕ ਅਹਿਮ ਕਦਮ ਹੈ।