ਪ੍ਰੋ. ਗੁਨਜੀਤ ਕੌਰ ਨੇ ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਦਾ ਕਾਰਜਭਾਰ ਸੰਭਾਲਿਆ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਪ੍ਰੋ. ਗੁਨਜੀਤ ਕੌਰ ਨੇ ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਦਾ ਕਾਰਜਭਾਰ ਸੰਭਾਲਿਆ
ਰੂਪਨਗਰ, 25 ਅਗਸਤ: ਪ੍ਰਸਾਸ਼ਕੀ ਸਕੱਤਰ, ਉਚੇਰੀ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਪ੍ਰੋ. ਗੁਨਜੀਤ ਕੌਰ ਨੇ ਸਰਕਾਰੀ ਕਾਲਜ ਰੋਪੜ ਵਿਖੇ ਬਤੌਰ ਪ੍ਰਿੰਸੀਪਲ ਅੱਜ ਅਹੁਦਾ ਸੰਭਾਲ ਲਿਆ ਹੈ।
ਵਾਈਸ ਪ੍ਰਿੰਸੀਪਲ ਹਰਜੀਤ ਸਿੰਘ ਨੇ ਉਹਨਾਂ ਨੂੰ ਅਹੁਦਾ ਸੰਭਾਲਣ ਦੀ ਵਧਾਈ ਦਿੱਤੀ ਅਤੇ ਸਮੂਹ ਸਟਾਫ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਨਾਨ-ਟੀਚਿੰਗ ਸਟਾਫ ਨੇ ਵੀ ਉਹਨਾਂ ਨੂੰ ਅਹੁਦਾ ਸੰਭਾਲਨ ਦੀ ਮੁਬਾਰਕਬਾਦ ਦਿੱਤੀ।
ਪ੍ਰਿੰਸੀਪਲ ਗੁਨਜੀਤ ਕੌਰ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ, ਸਰਕਾਰੀ ਕਾਲਜ, ਮੋਹਾਲੀ ਵਿਖੇ ਬਤੌਰ ਵਾਈਸ ਪ੍ਰਿੰਸੀਪਲ ਅਤੇ ਮੁਖੀ ਹੋਮ ਸਾਇੰਸ ਵਿਭਾਗ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਆਪ ਦਾ 30 ਸਾਲ ਪ੍ਰਾ-ਅਧਿਆਪਨ ਦੇ ਖੇਤਰ ਵਿੱਚ ਤਜ਼ਰਬਾ ਹੈ ਅਤੇ ਸਹਿ-ਵਿੱਦਿਅਕ/ਹੋਰ ਪ੍ਰਬੰਧਕੀ ਗਤੀਵਿਧੀਆਂ ਵਿੱਚ ਵੀ ਅਹਿਮ ਯੋਗਦਾਨ ਹੈ।
ਅਹੁਦਾ ਸੰਭਾਲਣ ਸਮੇਂ ਪ੍ਰਿੰਸੀਪਲ ਗੁਨਜੀਤ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਇਸੇ ਕਾਲਜ ਵਿਖੇ ਤਿੰਨ ਸਾਲ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਇਹ ਸੰਸਥਾ ਮੇਰੀ ਕਰਮ ਭੂਮੀ ਹੈ, ਜਿਥੋਂ ਮੈਂ ਆਪਣੀ ਅਧਿਆਪਨ ਸੇਵਾ ਸ਼ੁਰੂ ਕੀਤੀ ਸੀ।
ਉਨ੍ਹਾਂ ਕਿਹਾ ਕਿ ਉਹ ਇਸ ਨਾਮਵਰ ਕਾਲਜ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਨਗੇ ਅਤੇ ਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ।
ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨਾਲ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਸਾਡੀ ਸਭ ਦੀ ਜਿੰਮੇਵਾਰੀ ਹੈ। ਉਨ੍ਹਾਂ ਨੂੰ ਵਧਾਈ ਦੇਣ ਲਈ ਕਾਲਜ ਦੇ ਸਾਬਕਾ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ, ਡਾ. ਸੰਤ ਸੁਰਿੰਦਰਪਾਲ ਸਿੰਘ ਅਤੇ ਪੰਜਾਬੀ ਵਿਭਾਗ ਦੇ ਮੁਖੀ (ਰਿਟਾ.) ਡਾ. ਜਗਜੀਤ ਸਿੰਘ ਉਚੇਚੇ ਤੌਰ ਤੇ ਹਾਜ਼ਰ ਹੋਏ।