ਟੀਬੀ ਦੇ ਖਾਤਮੇ ਲਈ “ਟੀ.ਬੀ. ਮੁਕਤ ਭਾਰਤ” ਐਪ ਸਾਬਿਤ ਹੋਵੇਗੀ ਕਾਰਗਰ ਉਪਰਾਲਾ – ਡਾ. ਰਮਨ ਗੁਪਤਾ
ਟੀਬੀ ਦੇ ਖਾਤਮੇ ਲਈ “ਟੀ.ਬੀ. ਮੁਕਤ ਭਾਰਤ” ਐਪ ਸਾਬਿਤ ਹੋਵੇਗੀ ਕਾਰਗਰ ਉਪਰਾਲਾ – ਡਾ. ਰਮਨ ਗੁਪਤਾ
ਸਿਹਤ ਵਿਭਾਗ ਰੂਪਨਗਰ ਵੱਲੋਂ “ਟੀ.ਬੀ. ਮੁਕਤ ਭਾਰਤ” ਐਪ ਦੀ ਕੀਤੀ ਗਈ ਸ਼ੁਰੂਆਤ
ਹੁਣ ਟੀ.ਬੀ. ਸਬੰਧੀ ਹਰ ਸਵਾਲ ਦਾ ਜਵਾਬ ਬਸ ਇਕ ਕਲਿੱਕ ਵਿੱਚ – ਸਿਵਲ ਸਰਜਨ
ਰੂਪਨਗਰ, 03 ਜੂਨ: ਸਿਹਤ ਵਿਭਾਗ ਰੂਪਨਗਰ ਵੱਲੋਂ ਸਿਵਲ ਸਰਜਨ ਡਾ. ਰਮਨ ਗੁਪਤਾ ਦੀ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਵਿਖੇ “ਟੀ.ਬੀ. ਮੁਕਤ ਭਾਰਤ” ਐਪ ਦੀ ਸ਼ੁਰੂਆਤ ਕੀਤੀ ਗਈ ਤੇ ਇਸ ਮੌਕੇ ਜਾਗਰੂਕਤਾ ਪੋਸਟਰ ਵੀ ਜਾਰੀ ਕੀਤਾ ਗਿਆ।
ਸਿਵਲ ਸਰਜਨ ਰੂਪਨਗਰ ਡਾ. ਰਮਨ ਗੁਪਤਾ ਨੇ ਦੱਸਿਆ ਕਿ ਰਾਸ਼ਟਰੀ ਤਪਦਿਕ ਖਾਤਮਾ ਪ੍ਰੋਗਰਾਮ ਤਹਿਤ ਰੂਪਨਗਰ ਨੂੰ ਟੀ.ਬੀ. ਮੁਕਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਟੀਬੀ ਦੇ ਖਾਤਮੇ ਲਈ ਇਹ ਐਪ ਕਾਰਗਰ ਉਪਰਾਲਾ ਸਾਬਿਤ ਹੋਵੇਗੀ ਅਤੇ 100 ਦਿਨਾਂ ਟੀਬੀ ਮੁਕਤ ਭਾਰਤ ਮੁਹਿੰਮ ਲਈ ਸਮੂਹਿਕ ਯਤਨਾਂ ਨੂੰ ਹੋਰ ਤੇਜ ਕਰਨ ਵਿੱਚ ਸਹਾਇਕ ਹੋਵੇਗੀ।
ਸਿਵਲ ਸਰਜਨ ਡਾ. ਰਮਨ ਗੁਪਤਾ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ “ਟੀ.ਬੀ. ਮੁਕਤ ਭਾਰਤ” ਐਪ ਰਾਹੀਂ ਟੀ.ਬੀ. ਮਰੀਜਾਂ, ਹੈਲਥ ਸਟਾਫ, ਵਲੰਟੀਅਰ ਅਤੇ ਨਿਕਸ਼ੈ ਮਿੱਤਰ ਇਕੋ ਪਲੇਟਫਾਰਮ ‘ਤੇ ਇਕ-ਦੂਜੇ ਦੇ ਸੰਪਰਕ ਵਿੱਚ ਰਹਿਣਗੇ, ਜਿਸ ਨਾਲ ਟੀਬੀ ਮਰੀਜਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਜਾਂ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਟ੍ਰੈਕ ਕਰਨ ਵਿੱਚ ਆਸਾਨੀ ਹੋਵੇਗੀ। ਇਸਦੇ ਨਾਲ ਹੀ ਮਰੀਜਾਂ ਦੇ ਇਲਾਜ, ਨਿਊਟ੍ਰੀਸ਼ਨ ਕਿੱਟਾਂ ਦੀ ਵੰਡ ਕਰਨ ਵਿੱਚ ਮਦਦ ਮਿਲੇਗੀ। ਇਸ ਐਪ ਨੂੰ ਐਂਡਰਾਇਡ ਫੋਨ ਮੋਬਾਈਲ ਫੋਨਾਂ ਰਾਹੀਂ ਪਲੇ ਸਟੋਰ ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਐਪ ਨਾਲ ਏ.ਆਈ. ਖੁਸ਼ੀ (ਈ-ਸੰਗਿਨੀ) ਦੇ ਜ਼ਰੀਏ ਟੀ.ਬੀ. ਦੀ ਬਿਮਾਰੀ ਸਬੰਧੀ ਆਪਣੇ ਸਵਾਲ ਆਪਣੀ ਭਾਸ਼ਾ (ਪੰਜਾਬੀ, ਹਿੰਦੀ ਅਤੇ ਅੰਗਰੇਜੀ) ਵਿੱਚ ਪੁੱਛ ਸਕਣਗੇ ਅਤੇ ਉਨ੍ਹਾਂ ਦੇ ਸਵਾਲਾਂ ਦਾ ਸਮਾਧਾਨ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਹੀ ਭਾਸ਼ਾ ਵਿੱਚ ਮਿਲ ਜਾਇਆ ਕਰੇਗਾ। ਟੀ.ਬੀ. ਦੀ ਬਿਮਾਰੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਿਲ ਕਰਨ ਲਈ ਟੀ.ਬੀ. ਹੈਲਪਲਾਈਨ ਨੰਬਰ 1800-11-6666 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਬੋਬੀ ਗੁਲਾਟੀ, ਜ਼ਿਲ੍ਹਾ ਟੀ.ਬੀ. ਅਫ਼ਸਰ ਰੂਹਪ੍ਰੀਤ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਰਵਿੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਰੀਤੂ, ਰਾਕੇਸ਼ ਸਿੰਘ, ਡੀਪੀਐਮ ਡੋਲੀ ਸੰਗਲਾਂ, ਸਿਹਤ ਵਰਕਰ ਬ੍ਰਿਜ ਮੋਹਨ, ਸੈਮੂਅਲ , ਫਰਮਾਸਿਸਟ ਕਿਰਨ ਅਤੇ ਹੋਰ ਮੌਜੂਦ ਸਨ।