ਝੋਨੇ ‘ਚ ਚਿੱਟੀ ਪਿੱਠ ਵਾਲੇ ਟਿੱਡੇ ਦੀ ਪਛਾਣ ਅਤੇ ਰੋਕਥਾਮ ਸਬੰਧੀ ਜਾਗਰੂਕਤਾ ਕੈਂਪ ਆਯੋਜਿਤ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਝੋਨੇ ‘ਚ ਚਿੱਟੀ ਪਿੱਠ ਵਾਲੇ ਟਿੱਡੇ ਦੀ ਪਛਾਣ ਅਤੇ ਰੋਕਥਾਮ ਸਬੰਧੀ ਜਾਗਰੂਕਤਾ ਕੈਂਪ ਆਯੋਜਿਤ
ਰੂਪਨਗਰ, 7 ਜੁਲਾਈ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਅਤੇ ਆਈਸੀਏਆਰ-ਅਟਾਰੀ, ਜ਼ੋਨ-1, ਲੁਧਿਆਣਾ ਦੀ ਅਗਵਾਈ ਹੇਠ ਪੀ.ਏ.ਯੂ.- ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਰੋਪੜ ਵੱਲੋਂ ਪਿੰਡ ਅਸਰਪੁਰ ਬਲਾਕ ਸ੍ਰੀ ਚਮਕੌਰ ਸਾਹਿਬ ਵਿਖੇ ਝੋਨੇ ਵਿੱਚ ਚਿੱਟੀ ਪਿੱਠ ਵਾਲੇ ਟਿੱਡੇ ਦੀ ਪਛਾਣ, ਨਿਗਰਾਨੀ ਅਤੇ ਰੋਕਥਾਮ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਪ੍ਰੋਗਰਾਮ ਐਸੋਸੀਏਟ ਡਾਇਰੈਕਟਰ (ਸਿਖਲਾਈ) ਕੇ.ਵੀ.ਕੇ. ਰੋਪੜ ਡਾ. ਸਤਬੀਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ।
ਇਸ ਮੌਕੇ ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਡਾ. ਉਰਵੀ ਸ਼ਰਮਾ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਝੋਨੇ ਵਿੱਚ ਬੂਟਿਆਂ ਦੇ ਮੱਧਰੇਪਣ ਦੀ ਬਿਮਾਰੀ ਤੋਂ ਬਚਾਅ ਲਈ ਚਿੱਟੀ ਪਿੱਠ ਵਾਲੇ ਟਿੱਡੇ ਦੀ ਨਿਯਮਤ ਨਿਗਰਾਨੀ ਕੀਤੀ ਜਾਵੇ। ਜੇਕਰ ਇਸ ਕੀੜੇ ਦਾ ਹਮਲਾ ਨਜ਼ਰ ਆਵੇ ਤਾਂ ਸਿਫ਼ਾਰਸ਼ ਅਨੁਸਾਰ ਕਿਸੇ ਇੱਕ ਕੀਟਨਾਸ਼ਕ ਦਾ ਛਿੜਕਾਅ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ 60 ਗ੍ਰਾਮ ਉਲਾਲਾ 50 ਡਬਲਯੂ.ਜੀ. (ਫਲੋਨੀਕਾਮਿਡ) ਜਾਂ 80 ਗ੍ਰਾਮ ਟੋਕਨ/ਓਸ਼ੀਨ/ਡੋਮੀਨੈਂਟ 20 ਐਸ.ਸੀ. (ਡਾਇਨੋਟੈਫੂਰਾਨ) ਜਾਂ 120 ਗ੍ਰਾਮ ਚੈੱਸ 50 ਡਬਲਯੂ.ਜੀ. (ਪਾਈਮੈਟਰੋਜ਼ਿਨ) ਜਾਂ 94 ਮਿਲੀਲਿਟਰ ਪੈਕਸਾਲੋਨ 10 ਐਸ.ਸੀ. (ਟਰਾਈਫਲੂਮੀਜ਼ੋਪਾਇਰਿਮ) ਜਾਂ 400 ਮਿਲੀਲਿਟਰ ਆਰਕੈਸਟਰਾ 10 ਐਸ.ਸੀ. (ਬੈਂਜ਼ਪਾਈਰੀਮੋਕਸਾਨ) ਜਾਂ 300 ਮਿਲੀਲਿਟਰ ਇਮੈਜ਼ਿਨ/ਵਿਓਲਾ 10 ਐਸ.ਸੀ. (ਫਲੂਪਾਈਰੀਮਿਨ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾਵੇ।
ਪ੍ਰੋਫੈਸਰ (ਸਬਜ਼ੀ ਵਿਗਿਆਨ) ਡਾ. ਸੰਜੀਵ ਆਹੂਜਾ ਨੇ ਕਿਸਾਨਾਂ ਨੂੰ ਸਬਜ਼ੀਆਂ ਦੀ ਵਿਗਿਆਨਕ ਕਾਸ਼ਤ, ਤੁੜਾਈ ਤੋਂ ਬਾਅਦ ਸਾਂਭ-ਸੰਭਾਲ, ਸਟੋਰੇਜ, ਮੁੱਲ ਵਧਾਉਣ ਦੀਆਂ ਤਕਨੀਕਾਂ ਅਤੇ ਮਾਰਕੀਟਿੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸਾਨ ਉਤਪਾਦਕ ਸੰਗਠਨ (ਐਫ.ਪੀ.ਓ.) ਸਮੂਹਿਕ ਮਾਰਕੀਟਿੰਗ, ਵਾਢੀ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਅਤੇ ਉਤਪਾਦਾਂ ਦਾ ਵਧੀਆ ਭਾਅ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਉਨ੍ਹਾਂ ਕਿਸਾਨਾਂ ਨੂੰ ਘਰ-ਬਗੀਚੀ ਅਤੇ ਖੇਤਾਂ ਵਿੱਚ ਲੋੜ ਅਨੁਸਾਰ ਸਬਜ਼ੀਆਂ ਅਤੇ ਫਲਦਾਰ ਪੌਦੇ ਲਗਾ ਕੇ ਪਰਿਵਾਰ ਦੀ ਪੌਸ਼ਟਿਕ ਸੁਰੱਖਿਆ ਯਕੀਨੀ ਬਣਾਉਣ ਅਤੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਸਬਜ਼ੀਆਂ ਅਤੇ ਫਲਾਂ ਦਾ ਵੱਧ ਅਤੇ ਮਿਆਰੀ ਉਤਪਾਦਨ ਪ੍ਰਾਪਤ ਕਰਨ ਲਈ ਲੋੜੀਂਦੀਆਂ ਵਿਗਿਆਨਕ ਤਕਨੀਕਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਦੌਰਾਨ ਕਿਸਾਨਾਂ ਦੀਆਂ ਸਬਜ਼ੀਆਂ ਅਤੇ ਫਲਾਂ ਦੇ ਉਤਪਾਦਨ ਨਾਲ ਸਬੰਧਤ ਸਮੱਸਿਆਵਾਂ ਦਾ ਮੌਕੇ ‘ਤੇ ਹੀ ਹੱਲ ਵੀ ਦੱਸਿਆ ਗਿਆ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਅਮਰੂਦ ਦੇ ਬਾਗਾਂ ਵਿੱਚ ਫਲ ਦੀ ਮੱਖੀ ਦੀ ਰੋਕਥਾਮ ਲਈ ਪ੍ਰਤੀ ਏਕੜ 16 ਪੀ.ਏ.ਯੂ. ਫਰੂਟ ਫਲਾਈ ਟਰੈਪ ਜ਼ਰੂਰ ਲਗਾਏ ਜਾਣ।
ਇਸ ਪ੍ਰੋਗਰਾਮ ਦੇ ਵਿੱਚ ਮਾਹਿਰਾਂ ਨੇ ਝੋਨੇ ਦੇ ਵੱਖ-ਵੱਖ ਖੇਤਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਮੌਕੇ ‘ਤੇ ਹੀ ਤਕਨੀਕੀ ਮਾਰਗਦਰਸ਼ਨ ਦਿੱਤਾ। ਦੌਰਾਨ ਕੁਝ ਖੇਤਾਂ ਵਿੱਚ ਚਿੱਟੀ ਪਿੱਠ ਵਾਲੇ ਟਿੱਡੇ ਦੀ ਨਿੰਫਲ ਆਬਾਦੀ ਦੇਖੀ ਗਈ, ਜਿਸ ਕਾਰਨ ਕਿਸਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ।
ਮਾਹਿਰਾਂ ਨੇ ਦੱਸਿਆ ਕਿ ਇਸ ਕੀੜੇ ਦੇ ਨਵੇਂ ਨਿਕਲੇ ਬੱਚੇ (ਨਿੰਫ) ਸਲੇਟੀ-ਚਿੱਟੇ ਰੰਗ ਦੇ ਹੁੰਦੇ ਹਨ, ਜੋ ਬਾਅਦ ਵਿੱਚ ਗੂੜ੍ਹੇ ਸਲੇਟੀ ਰੰਗ ਦੇ ਹੋ ਜਾਂਦੇ ਹਨ। ਇਸ ਦੇ ਬਾਲਗ ਟਿੱਡੇ ਦੀ ਪਿੱਠ ‘ਤੇ ਬਰੀਕ ਚਿੱਟੀ ਧਾਰੀ ਹੁੰਦੀ ਹੈ ਅਤੇ ਅਗਲੇ ਖੰਭਾਂ ਦੇ ਪਿਛਲੇ ਹਿੱਸੇ ਦੇ ਵਿਚਕਾਰ ਇੱਕ ਕਾਲਾ ਧੱਬਾ ਵੀ ਦਿਖਾਈ ਦਿੰਦਾ ਹੈ।
ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਖੇਤ ਵਿੱਚ ਇਸ ਕੀੜੇ ਦੀ ਨਿਗਰਾਨੀ ਲਈ ਝੋਨੇ ਦੇ ਕੁਝ ਬੂਟਿਆਂ ਨੂੰ ਟੇਢਾ ਕਰਕੇ ਹੇਠਾਂ ਤੋਂ ਦੋ-ਤਿੰਨ ਵਾਰ ਝਾੜਿਆ ਜਾਵੇ। ਜੇਕਰ ਨਿੰਫ ਜਾਂ ਬਾਲਗ ਟਿੱਡੇ ਹੇਠਾਂ ਡਿੱਗਦੇ ਜਾਂ ਪਾਣੀ ਉੱਤੇ ਤਰਦੇ ਨਜ਼ਰ ਆਉਣ ਤਾਂ ਤੁਰੰਤ ਸਿਫ਼ਾਰਸ਼ ਅਨੁਸਾਰ ਕੀਟਨਾਸ਼ਕ ਦਾ ਛਿੜਕਾਅ ਕੀਤਾ ਜਾਵੇ।