ਬੰਦ ਕਰੋ

ਜ਼ਿਲ੍ਹਾ ਰੂਪਨਗਰ ਵਿਖੇ ਰਾਸ਼ਟਰੀ ਲੋਕ ਅਦਾਲਤ ਦਾ ਸਫਲਤਾਪੂਰਵਕ ਆਯੋਜਨ

ਪ੍ਰਕਾਸ਼ਨ ਦੀ ਮਿਤੀ : 09/03/2024
National Lok Adalat successfully held at District Rupnagar

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਜ਼ਿਲ੍ਹਾ ਰੂਪਨਗਰ ਵਿਖੇ ਰਾਸ਼ਟਰੀ ਲੋਕ ਅਦਾਲਤ ਦਾ ਸਫਲਤਾਪੂਰਵਕ ਆਯੋਜਨ

ਮਾਣਯੋਗ ਮੈਂਬਰ ਸਕੱਤਰ, ਪਲਸਾ ਵੱਲੋਂ ਰੂਪਨਗਰ ਵਿਖੇ ਲਗਾਈ ਗਈ ਨੈਸ਼ਨਲ ਲੋਕ ਅਦਾਲਤ ਦਾ ਲਿਆ ਗਿਆ ਜਾਇਜ਼ਾ

ਰੂਪਨਗਰ, 9 ਮਾਰਚ: ਨੈਸ਼ਨਲ ਲੀਗਲ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਮੁਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਲ 2024 ਦੀ ਪਹਿਲੀ ਕੌਮੀ ਲੋਕ ਅਦਾਲਤ ਜ਼ਿਲ੍ਹਾ ਰੂਪਨਗਰ ਅਤੇ ਇਸ ਦੀਆਂ ਸਬ-ਡਵੀਜ਼ਨਾਂ- ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੀਆਂ ਵੱਖ-ਵੱਖ ਅਦਾਲਤਾਂ ਵਿਖੇ ਲਗਾਈ ਗਈ। ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮਨਜਿੰਦਰ ਸਿੰਘ ਵਲੋਂ ਰੂਪਨਗਰ ਵਿਖੇ ਲਗਾਈ ਗਈ ਨੈਸ਼ਨਲ ਲੋਕ ਅਦਾਲਤ ਵਿੱਚ ਸ਼ਿਰਕਤ ਕੀਤੀ ਗਈ।

ਉਨ੍ਹਾਂ ਨੇ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਸ਼੍ਰੀਮਤੀ ਰਮੇਸ਼ ਕੁਮਾਰੀ ਅਤੇ ਸ੍ਰੀਮਤੀ ਹਿਮਾਂਸ਼ੀ ਗਲਹੋਤਰਾ, ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਮੇਤ ਨੈਸ਼ਨਲ ਲੋਕ ਅਦਾਲਤ ਦੇ ਬੈਂਚਾਂ ਦਾ ਦੌਰਾ ਕੀਤਾ ਅਤੇ ਸਾਰੀਆਂ ਅਦਾਲਤਾਂ ਵਿੱਚ ਸ਼ਿਰਕਤ ਕਰਕੇ ਨੈਸ਼ਨਲ ਲੋਕ ਅਦਾਲਤ ਦਾ ਜਾਇਜਾ ਲਿਆ ਅਤੇ ਕੇਸਾਂ ਦੀ ਸੁਣਵਾਈ ਕੀਤੀ।

ਸ਼੍ਰੀਮਤੀ ਰਮੇਸ਼ ਕੁਮਾਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਨੈਸ਼ਨਲ ਲੋਕ ਅਦਾਲਤ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਲਗਭਗ 11593 ਕੇਸ ਜਿਵੇਂ ਦੀਵਾਨੀ, ਫੌਜਦਾਰੀ ਕੰਪਾਊਂਡੇਬਲ ਕੇਸ, ਐਨਆਈ ਐਕਟ ਕੇਸ, ਬੈਂਕ ਰਿਕਵਰੀ ਕੇਸ, ਜ਼ਮੀਨ ਪ੍ਰਾਪਤੀ ਦੇ ਕੇਸ, ਵਿਆਹ ਸੰਬੰਧੀ ਵਿਵਾਦ, ਮੋਟਰ ਦੁਰਘਟਨਾ ਅਤੇ ਬੀਮਾ ਦਾਅਵਿਆਂ ਦੇ ਕੇਸ, ਐੱਲ.ਏ.ਸੀ ਕੇਸ, ਮਾਲ ਕੇਸ, ਪਾਣੀ ਦੇ ਬਿੱਲਾਂ ਅਤੇ ਟ੍ਰੈਫਿਕ ਚਲਾਨ ਵੀ ਲਏ ਗਏ।

ਇਸ ਤੋਂ ਇਲਾਵਾ ਪ੍ਰੀ-ਲਿਟੀਗੇਟਿਵ ਕੇਸ ਵੀ ਲਾਏ ਗਏ। ਇਸ ਲੋਕ ਅਦਾਲਤ ਵਿੱਚ ਰੂਪਨਗਰ ਵਿਖੇ 08 ਬੈਂਚ, ਸ੍ਰੀ ਅਨੰਦਪੁਰ ਸਾਹਿਬ ਵਿਖੇ 01 ਬੈਂਚ ਅਤੇ ਨੰਗਲ ਵਿਖੇ 01 ਬੈਂਚ ਲਗਾਏ ਗਏ। ਇਸ ਤੋਂ ਇਲਾਵਾ ਰੈਵੀਨਿਊ ਅਦਾਲਤਾਂ ਦੇ ਵੀ 06 ਬੈਂਚ ਲਗਾਏ ਗਏ। 11593 ਕੇਸਾਂ ਵਿੱਚੋਂ 10622 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਲਗਭਗ 17 ਕਰੋੜ 59 ਲੱਖ ਰੁਪਏ ਦੇ ਕਰੀਬ ਐਵਾਰਡ ਪਾਸ ਕੀਤੇ ਗਏ।

ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਨੇ ਅੱਗੇ ਦੱਸਿਆ ਕਿ ਲੋਕ ਅਦਾਲਤ ਹਮੇਸ਼ਾ ਹੀ ਝਗੜਿਆਂ ਦੇ ਸੁਚੱਜੇ ਢੰਗ ਨਾਲ ਨਿਪਟਾਰੇ ਲਈ ਸਭ ਤੋਂ ਵਧੀਆ ਤਰੀਕਾ ਰਹੀ ਹੈ। ਧਿਰਾਂ ਦੁਆਰਾ ਅਦਾ ਕੀਤੀ ਸਾਰੀ ਕੋਰਟ ਫੀਸ ਵਾਪਸ ਕਰ ਦਿੱਤੀ ਜਾਂਦੀ ਹੈ। ਜੇਕਰ ਮਾਮਲਾ ਲੋਕ ਅਦਾਲਤ ਵਿੱਚ ਨਿਪਟਾਇਆ ਜਾਂਦਾ ਹੈ ਅਤੇ ਲੋਕ ਅਦਾਲਤ ਦੇ ਬੈਂਚ ਦੁਆਰਾ ਪਾਸ ਕੀਤੇ ਗਏ ਅਵਾਰਡ ਦੀ ਅੱਗੇ ਕੋਈ ਅਪੀਲ ਨਹੀਂ ਹੁੰਦੀ ਅਤੇ ਧਿਰਾਂ ਦੁਆਰਾ ਅਦਾ ਕੀਤੀ ਸਾਰੀ ਕੋਰਟ ਫੀਸ ਵੀ ਵਾਪਸ ਕਰ ਦਿੱਤੀ ਜਾਂਦੀ ਹੈ।

ਇਹ ਗੱਲ ਵਰਨਣਯੋਗ ਹੈ ਕਿ ਅੱਜ ਲੋਕ ਅਦਾਲਤ ਵਿੱਚ ਸ੍ਰੀ ਬਰਿੰਦਰ ਸਿੰਘ ਰਮਾਣਾ, ਪ੍ਰਿੰਸੀਪਲ ਜੱਜ ਫੈਮਿਲੀ ਕੋਰਟ, ਰੂਪਨਗਰ ਦੇ ਯਤਨਾਂ ਸਦਕਾ ਵਿਆਹ ਸ਼ਾਦੀ ਦਾ ਇੱਕ ਅਜਿਹਾ ਮਾਮਲਾ ਨਿਪਟਾਇਆ ਗਿਆ ਜਿਸ ਵਿੱਚ ਪਤੀ ਪਤਨੀ ਕਾਫੀ ਸਮੇਂ ਤੋਂ ਵੱਖ ਰਹਿ ਰਹੇ ਸਨ। ਇਸ ਮੌਕੇ ਪਤੀ ਪਤਨੀ ਨੇ ਮਾਣਯੋਗ ਅਦਾਲਤ ਦਾ ਧੰਨਵਾਦ ਕਰਦੇ ਹੋਏ ਇਹ ਗੱਲ ਆਪ ਕਹੀ ਕਿ ਲੋਕ ਅਦਾਲਤਾਂ ਦੇ ਫਾਇਦੇ ਦਾ ਅੱਜ ਉਨ੍ਹਾਂ ਨੂੰ ਸੰਪੂਰਨ ਰੂਪ ਵਿੱਚ ਪਤਾ ਚੱਲਿਆ ਹੈ। ਜੱਜ ਸਾਹਿਬ ਨੇ ਉਨ੍ਹਾਂ ਦੀ ਬੜੇ ਸੁਚੱਜੇ ਢੰਗ ਨਾਲ ਕਾਊਂਸਲਿੰਗ ਕੀਤੀ ਅਤੇ ਇਸ ਕਰਕੇ ਅੱਜ ਉਹ ਕੋਰਟ ਕੰਪਲੈਕਸ ਵਿੱਚੋਂ ਹੀ ਇੱਕ ਦੂਜੇ ਨਾਲ ਇਕੱਠੇ ਆਪਣੇ ਘਰ ਚੱਲੇ ਹਨ।

ਉਨ੍ਹਾਂ ਨੇ ਅੱਗੇ ਤੋਂ ਵੀ ਲੋਕ ਅਦਾਲਤਾਂ ਲਗਾਏ ਜਾਣ ਦੀ ਕਾਮਨਾ ਕੀਤੀ ਤਾਂ ਜੋ ਉਨ੍ਹਾਂ ਦੀ ਤਰ੍ਹਾਂ ਹੋਰ ਪਰਿਵਾਰਿਕ ਝਗੜਿਆਂ ਦੇ ਕੇਸ ਸੁਚੱਜੇ ਢੰਗ ਅਤੇ ਸਮਝੌਤੇ ਨਾਲ ਨਿਪਟਾਏ ਜਾ ਸਕਣ। ਲੋਕ ਅਦਾਲਤ ਦੇ ਮੌਕੇ ਤੇ ਆਉਣ ਵਾਲੇ ਲਿਟੀਗੈਂਟਾਂ ਲਈ ਭੋਜਨ ਅਤੇ ਚਾਹ ਦੇ ਲੰਗਰ ਦਾ ਪ੍ਰਬੰਧ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ, ਰੂਪਨਗਰ ਦੇ ਸਹਿਯੋਗ ਨਾਲ ਕੀਤਾ ਗਿਆ। ਸਕੱਤਰ ਵੱਲੋਂ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ, ਰੂਪਨਗਰ ਵੱਲੋਂ ਭੋਜਨ ਅਤੇ ਚਾਹ ਦੇ ਲੰਗਰ ਦਾ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ ਗਿਆ।