ਐਨਸੀਸੀ ਅਕੈਡਮੀ ਰੂਪਨਗਰ ਵਿਖੇ ਸੀ ਏ ਟੀ ਸੀ-103 ਕੈਂਪ ਦੌਰਾਨ ਆਰਮੀ ਪਬਲਿਕ ਸਕੂਲ ਪਟਿਆਲਾ ਬਣਿਆ ਸਰਵੋਤਮ ਸੰਸਥਾ
ਐਨਸੀਸੀ ਅਕੈਡਮੀ ਰੂਪਨਗਰ ਵਿਖੇ ਸੀ ਏ ਟੀ ਸੀ-103 ਕੈਂਪ ਦੌਰਾਨ ਆਰਮੀ ਪਬਲਿਕ ਸਕੂਲ ਪਟਿਆਲਾ ਬਣਿਆ ਸਰਵੋਤਮ ਸੰਸਥਾ
ਰੂਪਨਗਰ, 9 ਅਕਤੂਬਰ (ਬੀ.ਐਸ. ਰਾਣਾ): ਐਨਸੀਸੀ ਅਕੈਡਮੀ ਰੂਪਨਗਰ ਵਿਖੇ ਚੱਲ ਰਹੇ ਕੰਬਾਈਂਡ ਐਨੁਅਲ ਟ੍ਰੇਨਿੰਗ ਕੈਂਪ-103 (ਸੀ ਏ ਟੀ ਸੀ-103) ਦੌਰਾਨ ਵੱਖ-ਵੱਖ ਸਿਖਲਾਈ ਗਤੀਵਿਧੀਆਂ ਅਤੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕੈਡਿਟਾਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਰਮੀ ਪਬਲਿਕ ਸਕੂਲ, ਪਟਿਆਲਾ ਨੂੰ ਸਰਵੋਤਮ ਸੰਸਥਾ ਦਾ ਖ਼ਿਤਾਬ ਦਿੱਤਾ ਗਿਆ।
ਕੈਂਪ ਦੌਰਾਨ ਕੈਡਿਟਾਂ ਨੇ ਡ੍ਰਿੱਲ, ਫਾਇਰਿੰਗ ਅਤੇ ਅਨੁਸ਼ਾਸਨ ਦੇ ਖੇਤਰਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਵਿਅਕਤੀਗਤ ਵਰਗ ਵਿੱਚ ਜੇ.ਡੀ. ਦੇ ਸਰਵੋਤਮ ਫਾਇਰਰ ਦਾ ਇਨਾਮ ਜੈਵੀਰ ਸਿੰਘ ਬਾਵਾ (ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਲੁਧਿਆਣਾ) ਅਤੇ ਜੇ.ਡਬਲਯੂ. ਵਰਗ ਵਿੱਚ ਸਾਨਵੀ ਵਰਮਾ (ਬ੍ਰਿਟਿਸ਼ ਕੋ-ਐਡ ਸਕੂਲ ਹਾਈ ਸਕੂਲ ਪਟਿਆਲਾ ) ਨੂੰ ਦਿੱਤਾ ਗਿਆ। ਅਨੁਸ਼ਾਸਨ ਦੇ ਖੇਤਰ ਵਿੱਚ ਜੇ.ਡੀ. ਵਰਗ ਲਈ ਮਯੰਕ ਜਰਿਆਲ (ਡੀ.ਬੀ.ਜੀ.ਐੱਸ.) ਅਤੇ ਜੇ.ਡਬਲਯੂ. ਵਰਗ ਲਈ ਰਾਧਿਕਾ ਸ਼ਰਮਾ (ਸਕੂਲ ਆਫ ਐਮੀਨੈਂਸ, ਕੀਰਤਪੁਰ ਸਾਹਿਬ) ਨੂੰ ਸਨਮਾਨਿਤ ਕੀਤਾ ਗਿਆ।
ਟੀਮ ਮੁਕਾਬਲਿਆਂ ਵਿੱਚ ਆਰਮੀ ਪਬਲਿਕ ਸਕੂਲ ਨੇ ਸਰਵੋਤਮ ਡ੍ਰਿੱਲ ਟਰੂਪ, ਬੀ.ਬੀ.ਐੱਮ.ਬੀ. ਨੰਗਲ ਨੇ ਸਰਵੋਤਮ ਫਾਇਰਿੰਗ ਟਰੂਪ ਅਤੇ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਲੁਧਿਆਣਾ ਨੇ ਸਰਵੋਤਮ ਅਨੁਸ਼ਾਸਨ ਟੀਮ ਦਾ ਇਨਾਮ ਹਾਸਲ ਕੀਤਾ। ਜੇ.ਡੀ. ਵਰਗ ਵਿੱਚ ਗਗਨ ਛਾਬੜਾ ਅਤੇ ਜੇ.ਡਬਲਯੂ. ਵਰਗ ਵਿੱਚ ਜਸਮੀਨ ਕੌਰ ਬੱਤਰਾ ਨੂੰ ਸਰਵੋਤਮ ਕੈਡਿਟ ਵਜੋਂ ਸਨਮਾਨਿਤ ਕੀਤਾ ਗਿਆ।
ਕੈਂਪ ਦੇ ਕਮਾਂਡਿੰਗ ਅਫਸਰ ਕੈਪਟਨ (ਭਾਰਤੀ ਜਲ ਸੈਨਾ) ਹਰਜੀਤ ਸਿੰਘ ਦਿਓਲ ਅਤੇ ਮੁੱਖ ਇੰਸਟਰੱਕਟਰ (ਸੀ.ਆਈ.) ਵਿਸ਼ਾਲ ਜਰਿਆਲ ਨੇ ਜੇਤੂ ਕੈਡਿਟਾਂ ਅਤੇ ਸੰਸਥਾਵਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਐਨਸੀਸੀ ਕੈਂਪ ਨੌਜਵਾਨਾਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਦੇਸ਼ ਭਗਤੀ ਅਤੇ ਲੀਡਰਸ਼ਿਪ ਦੇ ਗੁਣ ਵਿਕਸਤ ਕਰਨ ਲਈ ਮਹੱਤਵਪੂਰਨ ਮੰਚ ਹਨ। ਅਜਿਹੀਆਂ ਗਤੀਵਿਧੀਆਂ ਕੈਡਿਟਾਂ ਨੂੰ ਭਵਿੱਖ ਵਿੱਚ ਜ਼ਿੰਮੇਵਾਰ ਨਾਗਰਿਕ ਬਣਨ ਅਤੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀਆਂ ਹਨ।