ਬੰਦ ਕਰੋ

ਐਚ.ਆਈ.ਵੀ. ਤੇ ਸਿਫਲਿਸ ਦੇ ਮਾਂ ਤੋਂ ਬੱਚੇ ਤੱਕ ਸੰਚਾਰ ਦੀ ਰੋਕਥਾਮ ਸਬੰਧੀ ਸਿਹਤ ਕਰਮਚਾਰੀਆਂ ਦੀ ਸਿਖਲਾਈ ਕਰਵਾਈ

ਪ੍ਰਕਾਸ਼ਨ ਦੀ ਮਿਤੀ : 29/09/2026
Training was conducted for health workers on the prevention of mother-to-child transmission of HIV and syphilis.

ਐਚ.ਆਈ.ਵੀ. ਤੇ ਸਿਫਲਿਸ ਦੇ ਮਾਂ ਤੋਂ ਬੱਚੇ ਤੱਕ ਸੰਚਾਰ ਦੀ ਰੋਕਥਾਮ ਸਬੰਧੀ ਸਿਹਤ ਕਰਮਚਾਰੀਆਂ ਦੀ ਸਿਖਲਾਈ ਕਰਵਾਈ

ਗਰਭਵਤੀ ਮਹਿਲਾਵਾਂ ਦੀ ਸਮੇਂ ਸਿਰ ਜਾਂਚ ਤੇ ਇਲਾਜ ਨਾਲ ਮਾਂ ਤੋਂ ਬੱਚੇ ਤੱਕ ਬਿਮਾਰੀਆਂ ਦੇ ਸੰਚਾਰ ਨੂੰ ਰੋਕਿਆ ਜਾ ਸਕਦਾ

ਰੂਪਨਗਰ, 29 ਸਤੰਬਰ: ਸਿਵਲ ਸਰਜਨ ਰੂਪਨਗਰ ਡਾ. ਵਿਵੇਕ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਨੂੰ ਐਚ.ਆਈ.ਵੀ. ਅਤੇ ਸਿਫਲਿਸ ਦੇ ਮਾਂ ਤੋਂ ਬੱਚੇ ਤੱਕ ਸੰਚਾਰ ਨੂੰ ਰੋਕਣ ਅਤੇ ਇਸ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਆਈ.ਸੀ.ਟੀ.ਸੀ. ਸਿਵਲ ਹਸਪਤਾਲ ਰੂਪਨਗਰ, ਦਿਸ਼ਾ ਕਲੱਸਟਰ ਪਟਿਆਲਾ ਅਤੇ ਜ਼ਿਲ੍ਹਾ ਸਿਹਤ ਸੁਸਾਇਟੀ ਰੂਪਨਗਰ ਦੇ ਸਹਿਯੋਗ ਨਾਲ ਕਰਵਾਈ ਗਈ।

ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਗਰਭਵਤੀ ਮਹਿਲਾਵਾਂ ਵਿੱਚ ਐਚ.ਆਈ.ਵੀ. ਅਤੇ ਸਿਫਲਿਸ ਦੀ ਸਮੇਂ ਸਿਰ ਜਾਂਚ ਅਤੇ ਇਲਾਜ ਨੂੰ ਯਕੀਨੀ ਬਣਾਉਣਾ ਅਤੇ ਇਨ੍ਹਾਂ ਬਿਮਾਰੀਆਂ ਦੇ ਮਾਂ ਤੋਂ ਬੱਚੇ ਤੱਕ ਸੰਚਾਰ ਨੂੰ ਰੋਕਣਾ ਸੀ। ਇਸ ਮੌਕੇ ਸਿਹਤ ਵਿਭਾਗ ਦੇ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਨੂੰ ਇਸ ਸਬੰਧੀ ਨਵੀਨਤਮ ਜਾਣਕਾਰੀ ਦੇ ਨਾਲ-ਨਾਲ ਵਿਹਾਰਕ ਪੱਖਾਂ ਬਾਰੇ ਵੀ ਜਾਣੂ ਕਰਵਾਇਆ ਗਿਆ।

ਵਰਕਸ਼ਾਪ ਦੌਰਾਨ ਇੰਚਾਰਜ ਆਈ.ਸੀ.ਟੀ.ਸੀ. ਡਾ. ਹਰਲੀਨ ਕੌਰ ਨੇ ਦੱਸਿਆ ਕਿ ਗਰਭ ਅਵਸਥਾ ਦੌਰਾਨ ਐਚ.ਆਈ.ਵੀ. ਅਤੇ ਸਿਫਲਿਸ ਦੀ ਮੁੱਢਲੇ ਪੜਾਅ ’ਤੇ ਜਾਂਚ ਮਾਂ ਅਤੇ ਬੱਚੇ ਦੀ ਸਿਹਤ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ। ਜੇਕਰ ਕਿਸੇ ਗਰਭਵਤੀ ਮਹਿਲਾ ਵਿੱਚ ਇਨ੍ਹਾਂ ਵਿੱਚੋਂ ਕਿਸੇ ਵੀ ਲਾਗ ਦੀ ਪੁਸ਼ਟੀ ਹੁੰਦੀ ਹੈ ਤਾਂ ਸਿਹਤ ਵਿਭਾਗ ਵੱਲੋਂ ਨਿਰਧਾਰਤ ਇਲਾਜ ਵਿਧੀ ਅਨੁਸਾਰ ਸਮੇਂ ਸਿਰ ਇਲਾਜ ਅਤੇ ਲੋੜੀਂਦੀ ਦੇਖਭਾਲ ਮੁਹੱਈਆ ਕਰਵਾਉਣ ਨਾਲ ਬੱਚੇ ਨੂੰ ਲਾਗ ਤੋਂ ਬਚਾਉਣ ਦੀ ਸੰਭਾਵਨਾ ਕਾਫ਼ੀ ਵਧ ਜਾਂਦੀ ਹੈ।

ਸੀ.ਪੀ.ਓ. ਦਿਸ਼ਾ ਕਲੱਸਟਰ ਨਿਤਿਨ ਕੁਮਾਰ ਵੱਲੋਂ ਸਿਹਤ ਕਰਮਚਾਰੀਆਂ ਨੂੰ ਰੋਕਥਾਮ, ਮੁੱਢਲੀ ਜਾਂਚ, ਸਮੇਂ ਸਿਰ ਇਲਾਜ, ਗਰਭਵਤੀ ਮਾਵਾਂ ਨੂੰ ਸਹਿਯੋਗ ਅਤੇ ਨਵਜੰਮੇ ਬੱਚਿਆਂ ਦੀ ਸੁਰੱਖਿਆ ਸਮੇਤ ਵੱਖ-ਵੱਖ ਮਹੱਤਵਪੂਰਨ ਪੱਖਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਇਸ ਤੋਂ ਇਲਾਵਾ ਇਸਤਰੀ ਰੋਗ ਮਾਹਿਰ ਜ਼ਿਲ੍ਹਾ ਹਸਪਤਾਲ ਰੂਪਨਗਰ ਡਾ. ਰਮਨ ਅਤੇ ਮੈਡੀਕਲ ਅਫ਼ਸਰ ਏ.ਆਰ.ਟੀ. ਕੇਂਦਰ ਡਾ. ਕਵਲਜੀਤ ਕੌਰ ਵੱਲੋਂ ਗਰਭਵਤੀ ਮਹਿਲਾਵਾਂ ਦੀ ਸਲਾਹ-ਮਸ਼ਵਰਾ ਸੇਵਾ, ਜਾਂਚ ਲਈ ਪ੍ਰੇਰਿਤ ਕਰਨ, ਸੰਕਰਮਿਤ ਮਾਮਲਿਆਂ ਦੀ ਸਮੇਂ ਸਿਰ ਪਛਾਣ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਨਾਲ ਜੋੜਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਵਰਕਸ਼ਾਪ ਵਿੱਚ ਇਸ ਗੱਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਮਾਂ ਦੀ ਸਿਹਤ ਦੀ ਸੁਰੱਖਿਆ ਨਾਲ ਹੀ ਸਿਹਤਮੰਦ ਬੱਚੇ ਅਤੇ ਸਿਹਤਮੰਦ ਸਮਾਜ ਦੀ ਨੀਂਹ ਰੱਖੀ ਜਾ ਸਕਦੀ ਹੈ। ਸਿਹਤ ਸੰਸਥਾਵਾਂ ਵਿੱਚ ਕੰਮ ਕਰ ਰਹੇ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਦੀ ਇਸ ਮੁਹਿੰਮ ਵਿੱਚ ਅਹਿਮ ਭੂਮਿਕਾ ਹੈ, ਕਿਉਂਕਿ ਗਰਭਵਤੀ ਮਹਿਲਾਵਾਂ ਨਾਲ ਸਿੱਧੇ ਸੰਪਰਕ ਦੌਰਾਨ ਉਨ੍ਹਾਂ ਨੂੰ ਜਾਂਚ, ਇਲਾਜ ਅਤੇ ਲੋੜੀਂਦੀ ਸਲਾਹ-ਮਸ਼ਵਰਾ ਸੇਵਾ ਮੁਹੱਈਆ ਕਰਵਾਈ ਜਾ ਸਕਦੀ ਹੈ।

ਇਸ ਮੌਕੇ ਸਿਹਤ ਵਿਭਾਗ ਵੱਲੋਂ ਸਮੂਹ ਸਟਾਫ ਨੂੰ ਐਚ.ਆਈ.ਵੀ. ਅਤੇ ਸਿਫਲਿਸ ਸਬੰਧੀ ਸਿਹਤ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਅਤੇ ਹਰ ਗਰਭਵਤੀ ਮਹਿਲਾ ਲਈ ਸਮੇਂ ਸਿਰ ਜਾਂਚ ਅਤੇ ਇਲਾਜ ਦੀ ਸਹੂਲਤ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਵਰਕਸ਼ਾਪ ਦਾ ਸੰਦੇਸ਼ “ਸਿਹਤਮੰਦ ਮਾਵਾਂ, ਸਿਹਤਮੰਦ ਬੱਚੇ, ਉੱਜਵਲ ਭਵਿੱਖ” ਰਿਹਾ। ਇਸ ਤਹਿਤ ਐਚ.ਆਈ.ਵੀ. ਅਤੇ ਸਿਫਲਿਸ ਦੇ ਮਾਂ ਤੋਂ ਬੱਚੇ ਤੱਕ ਸੰਚਾਰ ਨੂੰ ਰੋਕਣ ਲਈ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਾਂਝੇ ਯਤਨ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।

ਇਸ ਮੌਕੇ ਆਈ.ਸੀ.ਟੀ.ਸੀ. ਕੌਂਸਲਰ ਅਨੁਰਾਧਾ, ਲੈਬ ਟੈਕਨੀਸ਼ੀਅਨ ਤਰਨਜੀਤ ਕੌਰ, ਹਰਪ੍ਰੀਤ ਅਤੇ ਜਸਪ੍ਰੀਤ ਸਿੰਘ ਸਮੇਤ ਆਈ.ਸੀ.ਟੀ.ਸੀ. ਕੇਂਦਰ ਦਾ ਸਮੂਹ ਸਟਾਫ ਹਾਜ਼ਰ ਸੀ।