ਕਾਈਨੌਰ ਦੀ ਦਾਦਾ ਦੇਵ ਰੈਸਲਿੰਗ ਅਕੈਡਮੀ ਬਣ ਰਹੀ ਹੈ ਧੀਆਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਦਾ ਮੰਚ: ਡਿਪਟੀ ਕਮਿਸ਼ਨਰ
ਕਾਈਨੌਰ ਦੀ ਦਾਦਾ ਦੇਵ ਰੈਸਲਿੰਗ ਅਕੈਡਮੀ ਬਣ ਰਹੀ ਹੈ ਧੀਆਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਦਾ ਮੰਚ: ਡਿਪਟੀ ਕਮਿਸ਼ਨਰ
ਅਕੈਡਮੀ ਦੀ 23 ਸਾਲ ਦੀ ਸੋਨਲ ਦਹੀਆ ਨੇ ਰਾਸ਼ਟਰੀ ਖੇਡਾਂ ਚ ਸਿਲਵਰ ਮੈਡਲ ਜਿੱਤ ਕੇ ਸੂਬੇ ਦਾ ਮਾਣ ਵਧਾਇਆ
ਖੇਡਾਂ ਵਤਨ ਪੰਜਾਬ ਦੀਆਂ ‘ਚ 1 ਤੋਂ 4 ਅਕਤੂਬਰ ਤੱਕ ਪਿੰਡ ਅਕਬਰਪੁਰ ਦੇ ਕੁਸ਼ਤੀ ਸੈਂਟਰ ‘ਚ ਮੁਕਾਬਲੇ ‘ਚ ਹਿੱਸਾ ਲੈਣ ਗਈਆਂ ਖਿਡਾਰਨਾਂ
ਮੁਕਾਬਲੇ ਬਨਣਗੇ ਖੇਡ ਦਰਸ਼ਕਾਂ ਦਾ ਖਿੱਚ ਦਾ ਕੇਂਦਰ
ਰੂਪਨਗਰ, 25 ਸਤੰਬਰ: ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਮੋਰਿੰਡਾ ਦੇ ਪਿੰਡ ਕਾਈਨੌਰ ਵਿਖੇ ਸਥਿਤ ਦਾਦਾ ਦੇਵ ਰੈਸਲਿੰਗ ਅਕੈਡਮੀ ਵਿੱਚ ਕੁੜੀਆਂ ਲਈ ਵਿਸ਼ੇਸ਼ ਰੈਸਲਿੰਗ ਸੈਂਟਰ ਚਲਾਇਆ ਜਾ ਰਿਹਾ ਹੈ, ਜਿੱਥੇ ਰੋਜ਼ਾਨਾ ਸਵੇਰੇ ਅਤੇ ਸ਼ਾਮ 50 ਤੋਂ ਵੱਧ ਖਿਡਾਰਨਾਂ ਰੈਸਲਿੰਗ ਦੀ ਸਿਖਲਾਈ ਲੈ ਰਹੀਆਂ ਹਨ ਜਿਸ ਨਾਲ ਇਸ ਅਕੈਡਮੀ ਧੀਆਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਦਾ ਸਫਲ ਮੰਚ ਬਣ ਗਿਆ ਹੈ।
ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਅਕੈਡਮੀ ਵਿੱਚ ਲੜਕੀਆਂ ਲਈ ਖੇਡ ਸਿਖਲਾਈ ਦੇ ਨਾਲ-ਨਾਲ ਰਹਿਣ ਦੀ ਸਹੂਲਤ ਵੀ ਉਪਲਬਧ ਹੈ। ਇਸ ਅਕੈਡਮੀ ਨਾਲ ਜੁੜੀਆਂ ਖਿਡਾਰਨਾਂ ਨੇ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਰਾਸ਼ਟਰੀ ਪੱਧਰ ਦੇ ਮੈਡਲ ਹਾਸਲ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਡਾਰਨਾਂ ਨੇ ਰੂਪਨਗਰ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਦਿਆਂ ਕੁੜੀਆਂ ਦੀ ਕੈਟਾਗਰੀ ਵਿੱਚ ਜ਼ਿਲ੍ਹੇ ਨੂੰ ਸੂਬੇ ਵਿੱਚ ਪਹਿਲਾ ਸਥਾਨ ਦਿਵਾਉਣ ਵਿੱਚ ਵੀ ਅਹਿਮ ਯੋਗਦਾਨ ਪਾਇਆ ਹੈ। ਇਸ ਅਕੈਡਮੀ ਦੀ 23 ਸਾਲ ਦੀ ਸੋਨਲ ਦਹੀਆ ਨੇ ਸਤੰਬਰ 2026 ਵਿੱਚ ਹੋਈਆਂ ਰਾਸ਼ਟਰੀ ਖੇਡਾਂ ਦੌਰਾਨ ਭਾਰ ਵਰਗ 53 ਕਿਲੋ ਵਿੱਚ ਸਿਲਵਰ ਮੈਡਲ ਜਿੱਤ ਕੇ ਸੂਬੇ ਦਾ ਮਾਣ ਵੀ ਵਧਾਇਆ ਹੈ ਅਤੇ ਹੋਰ ਖਿਡਾਰਨਾਂ ਲਈ ਪ੍ਰੇਰਣਾ ਦਾ ਸਰੋਤ ਵੀ ਬਣੀ ਹੈ ਕਿ ਸਖ਼ਤ ਅਤੇ ਨਿਰੰਤਰ ਮਿਹਨਤ ਨਾਲ ਕੁਝ ਵੀ ਸੰਭਵ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਜਿੱਥੇ ਸੋਨਲ ਵੱਲੋਂ ਅੰਡਰ-23 ਨੈਸ਼ਨਲ ਪੱਧਰ ’ਤੇ ਸਿਲਵਰ ਦਾ ਮੈਡਲ ਹਾਸਲ ਕੀਤਾ ਹੈ, ਨਾਲ ਹੀ ਇਸ ਹੋਣਹਾਰ ਖਿਡਾਰਨ ਨੇ ਸੀਨੀਅਰ ਸਟੇਟ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ। ਇਸੇ ਤਰ੍ਹਾਂ ਤਨਿਸ਼ਕਾ ਧਨਕੜ ਨੇ ਅੰਡਰ-15 ਨੈਸ਼ਨਲ ਵਿੱਚ ਗੋਲਡ ਮੈਡਲ, ਗੁਰਸ਼ਰਨ ਕੌਰ ਨੇ ਅੰਡਰ-15 ਨੈਸ਼ਨਲ ਵਿੱਚ ਬਰੌਂਜ਼ ਮੈਡਲ, ਜਦਕਿ ਆਮਨਾ, ਪ੍ਰਭਜੋਤ ਕੌਰ ਅਤੇ ਪ੍ਰਿਯਾ ਨੇ ਅੰਡਰ-15 ਸਟੇਟ ਪੱਧਰ ’ਤੇ ਗੋਲਡ ਮੈਡਲ ਹਾਸਲ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਸਲੀਨ ਕੌਰ ਨੇ ਅੰਡਰ-15 ਸਟੇਟ ਵਿੱਚ ਸਿਲਵਰ ਮੈਡਲ, ਸਿਮਰਨ ਨੇ ਅੰਡਰ-17 ਸਟੇਟ ਵਿੱਚ ਗੋਲਡ, ਜਸ਼ਨਦੀਪ ਨੇ ਅੰਡਰ-14 ਸਟੇਟ ਵਿੱਚ ਗੋਲਡ ਅਤੇ ਗੁਰਨੂਰ ਕੌਰ ਨੇ ਅੰਡਰ-12 ਵਿੱਚ ਗੋਲਡ ਅਤੇ ਅੰਡਰ-14 ਵਿੱਚ ਬਰੌਂਜ਼ ਮੈਡਲ ਪ੍ਰਾਪਤ ਕੀਤਾ ਹੈ। ਅਵਨੀਤ ਕੌਰ ਨੇ ਅੰਡਰ-12 ਸਟੇਟ ਵਿੱਚ ਬਰੌਂਜ਼ ਅਤੇ ਨਵਪ੍ਰੀਤ ਕੌਰ ਨੇ ਅੰਡਰ-15 ਸਟੇਟ ਵਿੱਚ ਬਰੌਂਜ਼ ਮੈਡਲ ਹਾਸਲ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਾਦਾ ਦੇਵ ਰੈਸਲਿੰਗ ਅਕੈਡਮੀ ਦੀਆਂ ਖਿਡਾਰਨਾਂ ਖੇਡਾਂ ਵਤਨ ਪੰਜਾਬ ਦੀਆਂ-2026 ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵੀ 1 ਤੋਂ 4 ਅਕਤੂਬਰ ਤੱਕ ਪਿੰਡ ਅਕਬਰਪੁਰ ਦੇ ਕੁਸ਼ਤੀ ਸੈਂਟਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ ਅਤੇ ਇਹ ਮੁਕਾਬਲੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਨਗੇ। ਇਨ੍ਹਾਂ ਮੁਕਾਬਲਿਆਂ ਵਿੱਚ ਅਕੈਡਮੀ ਦੀਆਂ ਲੜਕੀਆਂ, ਅੰਡਰ-14, ਅੰਡਰ-17 ਅਤੇ ਅੰਡਰ-21 ਉਮਰ ਵਰਗਾਂ ਵਿੱਚ ਭਾਗ ਲੈ ਰਹੀਆਂ ਹਨ। ਖਿਡਾਰਨਾਂ ਵੱਲੋਂ ਇਨ੍ਹਾਂ ਮੁਕਾਬਲਿਆਂ ਲਈ ਪੂਰੀ ਮਿਹਨਤ ਨਾਲ ਤਿਆਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਅਕੈਡਮੀ ਵਿੱਚ ਖਿਡਾਰਨਾਂ ਦੀ ਸਿਖਲਾਈ ਲਈ ਰੈਸਲਿੰਗ ਮੈਟ ਹਾਲ, ਅਖਾੜਾ, ਜਿਮ, ਬਾਸਕਟਬਾਲ/ਵਾਲੀਬਾਲ ਗਰਾਊਂਡ ਅਤੇ ਰਨਿੰਗ ਟਰੈਕ ਵਰਗੀਆਂ ਸਹੂਲਤਾਂ ਉਪਲਬਧ ਹਨ। ਇਸ ਤੋਂ ਇਲਾਵਾ ਖਿਡਾਰਨਾਂ ਲਈ ਏ.ਸੀ. ਹੋਸਟਲ, ਮੈੱਸ ਅਤੇ ਸਕੂਲ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।
ਸ੍ਰੀ ਡੇਚਲਵਾਲ ਨੇ ਦੱਸਿਆ ਕਿ ਅਕੈਡਮੀ ਦੇ ਕੋਚਿੰਗ ਸਟਾਫ ਵਿੱਚ ਯੋਗਿੰਦਰ ਸਿੰਘ ਅਤੇ ਰੀਤੂ ਬਾਲਾ ਹਨ, ਜੋ ਲੜਕੀਆਂ ਨੂੰ ਤਕਨੀਕੀ ਅਤੇ ਉੱਚ ਪੱਧਰੀ ਸਿਖਲਾਈ ਦੇ ਰਹੇ ਹਨ। ਇਸ ਅਕੈਡਮੀ ਦਾ ਉਦੇਸ਼ ਪੇਂਡੂ ਖੇਤਰ ਦੀਆਂ ਲੜਕੀਆਂ ਨੂੰ ਉੱਚ ਪੱਧਰੀ ਖੇਡ ਸਿਖਲਾਈ ਦੇ ਕੇ ਉਨ੍ਹਾਂ ਨੂੰ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ ਹੈ।