ਜਨਗਣਨਾ-2027 ਤਹਿਤ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ 30 ਨਵੰਬਰ 2026 ਤੱਕ ਜਾਰੀ ਰਹੇਗੀ: ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 29/10/2026
The process of self-enumeration under Census-2027 will continue from November 16 to November 30, 2026: Deputy Commissioner

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਜਨਗਣਨਾ-2027 ਤਹਿਤ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ 30 ਨਵੰਬਰ 2026 ਤੱਕ ਜਾਰੀ ਰਹੇਗੀ: ਡਿਪਟੀ ਕਮਿਸ਼ਨਰ

ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਡੇਚਲਵਾਲ ਵੱਲੋਂ ਸਮੀਖਿਆ ਮੀਟਿੰਗ

ਰੂਪਨਗਰ, 29 ਅਕਤੂਬਰ: ਜਨਗਣਨਾ-2027 ਦੀਆਂ ਤਿਆਰੀਆਂ ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਵੱਲੋਂ ਅੱਜ ਜ਼ਿਲ੍ਹਾ ਪੱਧਰ ’ਤੇ ਸਮੀਖਿਆ ਮੀਟਿੰਗ ਕਰਦਿਆਂ ਜਨਗਣਨਾ-2027 ਤਹਿਤ 16 ਨਵੰਬਰ ਤੋਂ 30 ਨਵੰਬਰ 2026 ਤੱਕ ਚੱਲਣ ਵਾਲੀ ਸਵੈ-ਗਣਨਾ ਲਈ ਜਾਗਰੂਕਤਾ ਗਤੀਵਿਧੀਆਂ ਕਰਨ ਸਮੇਤ ਜ਼ਿਲ੍ਹਾ ਵਾਸੀਆਂ ਨੂੰ ਇਸ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਨਗਣਨਾ-2027 ਇੱਕ ਮਹੱਤਵਪੂਰਨ ਰਾਸ਼ਟਰੀ ਕਾਰਜ ਹੈ, ਜਿਸ ਦੀ ਸਫ਼ਲਤਾ ਲਈ ਸਾਰੇ ਸਬੰਧਤ ਵਿਭਾਗਾਂ ਦਾ ਸਹਿਯੋਗ ਅਤੇ ਸਮਰਪਿਤ ਯਤਨ ਬੇਹੱਦ ਜ਼ਰੂਰੀ ਹਨ। ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ 30 ਨਵੰਬਰ 2026 ਤੱਕ ਜਾਰੀ ਰਹੇਗੀ

ਉਨ੍ਹਾਂ ਅਧਿਕਾਰੀਆਂ ਨੂੰ ਇਸ ਕਾਰਜ ਨੂੰ ਪੂਰੀ ਗੰਭੀਰਤਾ ਨਾਲ ਲੈਂਦਿਆਂ ਆਪਸੀ ਤਾਲਮੇਲ ਰਾਹੀਂ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ।

ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਡੇਚਲਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਰੂਪਨਗਰ ਡਾ. ਅਕਸ਼ਿਤਾ ਗੁਪਤ ਵੱਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸੈਂਸਸ-2027 ਨਾਲ ਸਬੰਧਤ ਸਾਰੇ ਕੰਮ ਆਪਸੀ ਤਾਲਮੇਲ, ਪੂਰੀ ਜ਼ਿੰਮੇਵਾਰੀ ਅਤੇ ਨਿਰਧਾਰਤ ਸਮੇਂ ਅਨੁਸਾਰ ਮੁਕੰਮਲ ਕੀਤੇ ਜਾਣ। ਉਨ੍ਹਾਂ ਨੇ ਲੋਕਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਅਤੇ ਸਵੈ-ਗਣਨਾ ਸਬੰਧੀ ਵਿਆਪਕ ਜਾਗਰੂਕਤਾ ਪੈਦਾ ਕਰਨ ਲਈ ਢੁੱਕਵੇਂ ਉਪਰਾਲੇ ਕਰਨ ’ਤੇ ਵੀ ਜ਼ੋਰ ਦਿੱਤਾ।

ਇਸ ਮੌਕੇ ਡਾਇਰੈਕਟੋਰੇਟ ਜਨਗਣਨਾ ਆਪਰੇਸ਼ਨਜ਼ ਪੰਜਾਬ ਵੱਲੋਂ ਜ਼ਿਲ੍ਹਾ ਰੂਪਨਗਰ ਲਈ ਨਿਯੁਕਤ ਕੋਆਰਡੀਨੇਟਰ ਸ਼੍ਰੀ ਸੱਤਿਆ ਨਰਾਇਣ ਅਤੇ ਸ਼੍ਰੀਮਤੀ ਸੁਪ੍ਰਿਆ ਨੇ ਦੱਸਿਆ ਕਿ ਸੈਂਸਸ-2027 ਦੇ ਦੂਜੇ ਪੜਾਅ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ 12 ਨਵੰਬਰ ਤੋਂ 30 ਨਵੰਬਰ 2026 ਤੱਕ ਪ੍ਰਚਾਰ ਅਤੇ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਜਾਣਗੀਆਂ, ਜਦਕਿ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ 30 ਨਵੰਬਰ 2026 ਤੱਕ ਜਾਰੀ ਰਹੇਗੀ।

ਉਨ੍ਹਾਂ ਵੱਲੋਂ ਸਵੈ-ਗਣਨਾ ਸਬੰਧੀ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ 16 ਨਵੰਬਰ ਤੋਂ 30 ਨਵੰਬਰ 2026 ਦੇ ਦਰਮਿਆਨ ਮੈਰਾਥਨ ਰੈਲੀ ਕਰਵਾਉਣ ਦਾ ਸੁਝਾਅ ਵੀ ਦਿੱਤਾ ਗਿਆ ਤਾਂ ਜੋ ਆਮ ਲੋਕਾਂ ਨੂੰ ਇਸ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾ ਸਕੇ।

ਇਸ ਮੀਟਿੰਗ ਵਿੱਚ ਐਸਡੀਐਮ ਸ੍ਰੀ ਚਮਕੌਰ ਸਾਹਿਬ ਸ. ਪਰਦੀਪ ਸਿੰਘ ਬੈਂਸ, ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਸ. ਸੁਖਪਾਲ ਸਿੰਘ, ਐਸਡੀਐਮ ਮੋਰਿੰਡਾ ਸ਼੍ਰੀ ਚੇਤਨ ਬੰਗੜ, ਐਸਡੀਐਮ ਨੰਗਲ ਸ਼੍ਰੀ ਸਚਿਨ ਪਾਠਕ, ਐਸਡੀਐਮ ਰੂਪਨਗਰ ਸ. ਜਸਪ੍ਰੀਤ ਸਿੰਘ, ਉਪ ਅਰਥ ਅਤੇ ਅੰਕੜਾ ਸਲਾਹਕਾਰ-ਕਮ-ਵਧੀਕ ਸੈਂਸਸ ਅਫ਼ਸਰ ਸ਼੍ਰੀ ਅਰੁਣ ਕੁਮਾਰ, ਸਮੂਹ ਤਹਿਸੀਲਦਾਰ-ਕਮ-ਸੈਂਸਸ ਚਾਰਜ ਅਫ਼ਸਰ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫ਼ਸਰ-ਕਮ-ਸੈਂਸਸ ਚਾਰਜ ਅਫ਼ਸਰ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।