ਸੈਂਸਸ-2027 ਦੇ ਫੇਜ਼-2 ਸਬੰਧੀ ਫੀਲਡ ਟ੍ਰੇਨਰਾਂ ਨੂੰ ਦੂਜੇ ਦਿਨ ਵੀ ਦਿੱਤੀ ਗਈ ਵਿਸਥਾਰਪੂਰਵਕ ਸਿਖਲਾਈ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਸੈਂਸਸ-2027 ਦੇ ਫੇਜ਼-2 ਸਬੰਧੀ ਫੀਲਡ ਟ੍ਰੇਨਰਾਂ ਨੂੰ ਦੂਜੇ ਦਿਨ ਵੀ ਦਿੱਤੀ ਗਈ ਵਿਸਥਾਰਪੂਰਵਕ ਸਿਖਲਾਈ
ਰੂਪਨਗਰ, 29 ਸਤੰਬਰ: ਸੈਂਸਸ-2027 ਦੇ ਫੇਜ਼-2 ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਰੂਪਨਗਰ ਦੇ ਸਮੂਹ ਫੀਲਡ ਟ੍ਰੇਨਰਾਂ ਦੀ ਦੂਜੇ ਦਿਨ ਦੀ ਸਿਖਲਾਈ ਅੱਜ ਕਰਵਾਈ ਗਈ। ਸਿਖਲਾਈ ਦੌਰਾਨ ਫੀਲਡ ਟ੍ਰੇਨਰਾਂ ਨੂੰ ਫੇਜ਼-2 ਤਹਿਤ ਕੀਤੇ ਜਾਣ ਵਾਲੇ ਵੱਖ-ਵੱਖ ਕੰਮਾਂ, ਨਿਰਧਾਰਤ ਪ੍ਰਕਿਰਿਆ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਸਿਖਲਾਈ ਦੀ ਪ੍ਰਧਾਨਗੀ ਪ੍ਰਿੰਸੀਪਲ ਸੈਂਸਸ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਰੂਪਨਗਰ ਡਾ. ਅਕਸ਼ਿਤਾ ਗੁਪਤਾ ਵੱਲੋਂ ਕੀਤੀ ਗਈ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੈਂਸਸ-2027 ਦੇ ਕੰਮ ਨੂੰ ਪੂਰੀ ਜ਼ਿੰਮੇਵਾਰੀ ਅਤੇ ਸੁਚੱਜੇ ਢੰਗ ਨਾਲ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।
ਦੂਜੇ ਦਿਨ ਦੀ ਇਹ ਸਿਖਲਾਈ ਡਾਇਰੈਕਟਰ ਸੈਂਸਸ ਓਪਰੇਸ਼ਨ, ਪੰਜਾਬ ਵੱਲੋਂ ਜ਼ਿਲ੍ਹਾ ਰੂਪਨਗਰ ਲਈ ਨਿਯੁਕਤ ਕੋਆਰਡੀਨੇਟਰ ਸ੍ਰੀ ਸੱਤਿਆ ਨਰਾਇਣ ਅਤੇ ਮਾਸਟਰ ਟ੍ਰੇਨਰ ਸ੍ਰੀ ਸਤਨਾਮ ਸਿੰਘ ਵੱਲੋਂ ਦਿੱਤੀ ਗਈ। ਸਿਖਲਾਈ ਦੌਰਾਨ ਫੀਲਡ ਪੱਧਰ ’ਤੇ ਕੰਮ ਕਰਨ ਸਮੇਂ ਆਉਣ ਵਾਲੀਆਂ ਵੱਖ-ਵੱਖ ਸਥਿਤੀਆਂ ਅਤੇ ਉਨ੍ਹਾਂ ਸਬੰਧੀ ਅਪਣਾਈ ਜਾਣ ਵਾਲੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।
ਸਿਖਲਾਈ ਦੌਰਾਨ ਫੀਲਡ ਟ੍ਰੇਨਰਾਂ ਨੂੰ ਸੈਂਸਸ-2027 ਦੇ ਫੇਜ਼-2 ਅਧੀਨ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਨੂੰ ਨਿਰਧਾਰਤ ਮਾਪਦੰਡਾਂ ਅਨੁਸਾਰ ਕਰਵਾਉਣ ਸਬੰਧੀ ਵੀ ਸਿਖਲਾਈ ਦਿੱਤੀ ਗਈ।
ਇਸ ਤੋਂ ਪਹਿਲਾਂ ਮਿਤੀ 17 ਅਤੇ 18 ਸਤੰਬਰ 2026 ਨੂੰ ਵੀ ਦੋ ਦਿਨਾਂ ਦੀ ਸਿਖਲਾਈ ਕਰਵਾਈ ਗਈ ਸੀ। ਇਸ ਦੌਰਾਨ ਡਾਇਰੈਕਟਰ ਸੈਂਸਸ ਓਪਰੇਸ਼ਨ, ਪੰਜਾਬ ਵੱਲੋਂ ਜ਼ਿਲ੍ਹਾ ਰੂਪਨਗਰ ਲਈ ਨਿਯੁਕਤ ਕੋਆਰਡੀਨੇਟਰ ਸ੍ਰੀ ਸੱਤਿਆ ਨਰਾਇਣ, ਸ੍ਰੀ ਰਾਧੇ ਰਮਨ, ਸੀਨੀਅਰ ਰਿਸਰਚ ਅਫ਼ਸਰ ਅਤੇ ਮਾਸਟਰ ਟ੍ਰੇਨਰ ਸ੍ਰੀ ਸਤਨਾਮ ਸਿੰਘ ਵੱਲੋਂ ਜ਼ਿਲ੍ਹੇ ਦੇ ਸਮੂਹ ਐਸ.ਡੀ.ਐੱਮ. ਸਾਹਿਬਾਨ, ਉਪ ਅਰਥ ਅਤੇ ਅੰਕੜਾ ਸਲਾਹਕਾਰ-ਕਮ-ਵਧੀਕ ਸੈਂਸਸ ਅਫ਼ਸਰ ਸ੍ਰੀ ਅਰੁਣ ਕੁਮਾਰ, ਸਮੂਹ ਤਹਿਸੀਲਦਾਰ-ਕਮ-ਸੈਂਸਸ ਚਾਰਜ ਅਫ਼ਸਰ, ਕਾਰਜ ਸਾਧਕ ਅਫ਼ਸਰ-ਕਮ-ਸੈਂਸਸ ਚਾਰਜ ਅਫ਼ਸਰ ਨਗਰ ਕੌਂਸਲ/ਨਗਰ ਪੰਚਾਇਤ, ਸੈਂਸਸ-2027 ਦੇ ਕੰਮ ਲਈ ਨਿਯੁਕਤ ਤਕਨੀਕੀ ਸਹਾਇਕਾਂ ਅਤੇ ਸੈਂਸਸ ਕਲਰਕਾਂ ਨੂੰ ਫੇਜ਼-2 ਸਬੰਧੀ ਸਿਖਲਾਈ ਦਿੱਤੀ ਗਈ ਸੀ।
ਦੂਜੇ ਦਿਨ ਦੀ ਸਿਖਲਾਈ ਮੁਕੰਮਲ ਹੋਣ ਉਪਰੰਤ ਜ਼ਿਲ੍ਹੇ ਦੇ ਫੀਲਡ ਟ੍ਰੇਨਰਾਂ ਵੱਲੋਂ ਤਹਿਸੀਲ ਅਤੇ ਸ਼ਹਿਰੀ ਖੇਤਰਾਂ ਵਿੱਚ ਕੰਮ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਅੱਗੇ ਸਿਖਲਾਈ ਦਿੱਤੀ ਜਾਵੇਗੀ। ਇਸ ਦਾ ਉਦੇਸ਼ ਸੈਂਸਸ-2027 ਦੇ ਫੇਜ਼-2 ਦਾ ਕੰਮ ਨਿਰਧਾਰਤ ਪ੍ਰਕਿਰਿਆ, ਮਾਪਦੰਡਾਂ ਅਤੇ ਹਦਾਇਤਾਂ ਅਨੁਸਾਰ ਸੁਚਾਰੂ ਢੰਗ ਨਾਲ ਮੁਕੰਮਲ ਕਰਵਾਉਣਾ ਹੈ।
ਸੈਂਸਸ-2027 ਦੇ ਫੇਜ਼-2 ਦਾ ਕੰਮ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਮੁਕੰਮਲ ਕੀਤਾ ਜਾਣਾ ਹੈ।