ਮਰੀਜ਼ਾਂ ਦੀ ਸੁਰੱਖਿਆ ਤੇ ਦੇਖਭਾਲ ਸਾਡੀ ਸਭ ਤੋਂ ਵੱਡੀ ਤਰਜੀਹ – ਸਿਵਲ ਸਰਜਨ
ਵਿਸ਼ਵ ਮਰੀਜ਼ ਸੁਰੱਖਿਆ ਦਿਵਸ
ਮਰੀਜ਼ਾਂ ਦੀ ਸੁਰੱਖਿਆ ਤੇ ਦੇਖਭਾਲ ਸਾਡੀ ਸਭ ਤੋਂ ਵੱਡੀ ਤਰਜੀਹ – ਸਿਵਲ ਸਰਜਨ
ਸਿਹਤ ਸੰਸਥਾਵਾਂ ‘ਚ ਗੁਣਵੱਤਾ ਭਰਪੂਰ ਅਤੇ ਸੁਰੱਖਿਅਤ ਇਲਾਜ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਵਚਨਬੱਧ
ਰੂਪਨਗਰ, 17 ਸਤੰਬਰ: ਹਰ ਸਾਲ 17 ਸਤੰਬਰ ਨੂੰ ਮਨਾਏ ਜਾਣ ਵਾਲੇ ‘ਵਿਸ਼ਵ ਮਰੀਜ਼ ਸੁਰੱਖਿਆ ਦਿਵਸ’ ਦੇ ਮੌਕੇ ‘ਤੇ ਸਿਹਤ ਵਿਭਾਗ ਰੂਪਨਗਰ ਵੱਲੋਂ ਜ਼ਿਲ੍ਹੇ ਦੇ ਸਮੂਹ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਵਿਸ਼ੇਸ਼ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਸ ਦਿਵਸ ਦਾ ਮੁੱਖ ਉਦੇਸ਼ ਮਰੀਜ਼ਾਂ ਨੂੰ ਸੁਰੱਖਿਅਤ, ਗੁਣਵੱਤਾ ਭਰਪੂਰ ਅਤੇ ਪ੍ਰਭਾਵਸ਼ਾਲੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਬਾਰੇ ਜਾਗਰੂਕਤਾ ਵਧਾਉਣਾ ਅਤੇ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣਾ ਹੈ।
ਇਸ ਮੌਕੇ ਸਿਵਲ ਸਰਜਨ ਰੂਪਨਗਰ ਡਾ. ਵਿਵੇਕ ਕਟਾਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਸੰਭਾਲ ਸਿਹਤ ਵਿਭਾਗ ਦੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਸਿਹਤ ਸੰਸਥਾਵਾਂ ਵਿੱਚ ਮਰੀਜ਼ਾਂ ਨੂੰ ਮਿਆਰੀ ਅਤੇ ਸੁਰੱਖਿਅਤ ਇਲਾਜ ਮੁਹੱਈਆ ਕਰਵਾਉਣ ਲਈ ਸਾਰੇ ਲਾਜ਼ਮੀ ਕਦਮ ਚੁੱਕੇ ਜਾ ਰਹੇ ਹਨ ਅਤੇ ਡਾਕਟਰੀ ਲਾਪਰਵਾਹੀ ਪ੍ਰਤੀ “ਜ਼ੀਰੋ-ਟਾਲਰੈਂਸ” ਨੀਤੀ ਅਪਣਾਈ ਗਈ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਲਾਜ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਬਚਣ ਲਈ ਡਾਕਟਰਾਂ, ਨਰਸਿੰਗ ਸਟਾਫ਼ ਅਤੇ ਪੈਰਾ-ਮੈਡੀਕਲ ਅਮਲੇ ਨੂੰ ਮਿਆਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਸਿਵਲ ਸਰਜਨ ਨੇ ਮਰੀਜ਼ ਸੁਰੱਖਿਆ ਸਬੰਧੀ ਕੁਝ ਮਹੱਤਵਪੂਰਨ ਬਿੰਦੂਆਂ ‘ਤੇ ਵੀ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਹਰ ਮਰੀਜ਼ ਦਾ ਹੱਕ ਹੈ ਕਿ ਉਸਨੂੰ ਹਸਪਤਾਲ ਵਿੱਚ ਬਿਨਾਂ ਕਿਸੇ ਖ਼ਤਰੇ ਦੇ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਇਲਾਜ ਮਿਲੇ। ਸਿਹਤ ਕਰਮਚਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਮਰੀਜ਼ਾਂ ਦੀ ਦੇਖਭਾਲ ਕਰਦੇ ਸਮੇਂ ਮਿਆਰੀ ਪ੍ਰੋਟੋਕੋਲ ਦੀ ਪੂਰੀ ਪਾਲਣਾ ਕਰਨ ਅਤੇ ਹਰ ਪੜਾਅ ‘ਤੇ ਸਾਵਧਾਨੀ ਵਰਤਣ। ਦਵਾਈਆਂ ਦੀ ਸੁਰੱਖਿਆ ਬਾਰੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦਵਾਈਆਂ ਦੀ ਲਿਖਤ, ਸਹੀ ਮਾਤਰਾ ਅਤੇ ਸਮੇਂ ਸਿਰ ਦੇਣ ਦੀ ਪ੍ਰਕਿਰਿਆ ਵਿੱਚ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਭਾਗੀਦਾਰੀ ਇਲਾਜ ਪ੍ਰਕਿਰਿਆ ਦਾ ਅਹਿਮ ਹਿੱਸਾ ਹੈ। ਮਰੀਜ਼ਾਂ ਨੂੰ ਆਪਣੀ ਬਿਮਾਰੀ, ਇਲਾਜ ਅਤੇ ਸਾਵਧਾਨੀਆਂ ਬਾਰੇ ਪੂਰੀ ਜਾਣਕਾਰੀ ਮਿਲਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਸਿਹਤ ਅਧਿਕਾਰਾਂ ਬਾਰੇ ਸੁਚੇਤ ਰਹਿ ਸਕਣ। ਪਾਰਦਰਸ਼ੀ ਸੰਚਾਰ ਅਤੇ ਭਰੋਸੇਮੰਦ ਰਿਸ਼ਤਾ ਬਣਾਉਣਾ ਮਰੀਜ਼ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਹੁਤ ਜ਼ਰੂਰੀ ਹੈ।