ਨੈਸ਼ਨਲ ਡੀ-ਵਰਮਿੰਗ ਡੇ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਦਿੱਤੀ ਗਈ ਪੇਟ ਦੇ ਕੀੜਿਆਂ ਤੋਂ ਬਚਾਅ ਦੀ ਦਵਾਈ
ਨੈਸ਼ਨਲ ਡੀ-ਵਰਮਿੰਗ ਡੇ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਦਿੱਤੀ ਗਈ ਪੇਟ ਦੇ ਕੀੜਿਆਂ ਤੋਂ ਬਚਾਅ ਦੀ ਦਵਾਈ
ਰੂਪਨਗਰ, 10 ਅਗਸਤ: ਸਿਵਲ ਸਰਜਨ ਰੂਪਨਗਰ ਡਾ. ਬੌਬੀ ਗੁਲਾਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਰੂਪਨਗਰ ਵੱਲੋਂ ਨੈਸ਼ਨਲ ਡੀ-ਵਰਮਿੰਗ ਡੇ ਦੇ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰੂਪਨਗਰ ਵਿਖੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸਾਰਿਕਾ ਅਤੇ ਕੰਸਲਟੈਂਟ ਪਲਾਨਿੰਗ ਐਨ ਐਚ ਐਮ ਚੰਡੀਗੜ੍ਹ ਸ਼੍ਰੀ ਜੁਗੇਸ਼ ਕੁਮਾਰ ਦੀ ਦੇਖਰੇਖ ਹੇਠ ਵਿਦਿਆਰਥਣਾਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਐਲਬੈਂਡਾਜ਼ੋਲ ਦੀ ਗੋਲੀ ਦਿੱਤੀ ਗਈ।
ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਵਿਦਿਆਰਥਣਾਂ ਨੂੰ ਡੀ-ਵਰਮਿੰਗ ਦੀ ਮਹੱਤਤਾ, ਸਫ਼ਾਈ ਅਤੇ ਸਿਹਤਮੰਦ ਜੀਵਨ ਸ਼ੈਲੀ ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਸਿਹਤ ਵਿਭਾਗ ਵੱਲੋਂ ਬੱਚਿਆਂ ਅਤੇ ਕਿਸ਼ੋਰਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਅਤੇ ਪੇਟ ਦੇ ਕੀੜਿਆਂ ਦੀ ਸਮੱਸਿਆ ਨੂੰ ਰੋਕਣ ਲਈ ਸਮੇਂ-ਸਮੇਂ ’ਤੇ ਡੀ-ਵਰਮਿੰਗ ਮੁਹਿੰਮ ਚਲਾਈ ਜਾਂਦੀ ਹੈ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸਾਰਿਕਾ ਨੇ ਦੱਸਿਆ ਕਿ ਪੇਟ ਦੇ ਕੀੜੇ ਬੱਚਿਆਂ ਵਿੱਚ ਕਮਜ਼ੋਰੀ, ਭੁੱਖ ਘੱਟ ਲੱਗਣਾ, ਪੇਟ ਦਰਦ, ਖੂਨ ਦੀ ਕਮੀ ਅਤੇ ਪੜ੍ਹਾਈ ਵਿੱਚ ਧਿਆਨ ਘਟਣ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਦੱਸਿਆ ਕਿ ਡੀ-ਵਰਮਿੰਗ ਦਵਾਈ ਬੱਚਿਆਂ ਅਤੇ ਕਿਸ਼ੋਰਾਂ ਨੂੰ ਕੀੜਿਆਂ ਤੋਂ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਉਨ੍ਹਾਂ ਨੇ ਵਿਦਿਆਰਥਣਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਡੀ-ਵਰਮਿੰਗ ਦਵਾਈ ਜ਼ਰੂਰ ਲੈਣ ਅਤੇ ਆਪਣੇ ਆਲੇ-ਦੁਆਲੇ ਸਫ਼ਾਈ ਦਾ ਖਾਸ ਧਿਆਨ ਰੱਖਣ।
ਡਾ. ਸਾਰਿਕਾ ਨੇ ਦੱਸਿਆ ਕਿ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ, ਸਾਫ਼ ਪਾਣੀ ਪੀਣਾ, ਖਾਣ-ਪੀਣ ਦੀਆਂ ਵਸਤੂਆਂ ਨੂੰ ਢੱਕ ਕੇ ਰੱਖਣਾ, ਫਲ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਖਾਣਾ ਅਤੇ ਪੈਰਾਂ ਵਿੱਚ ਜੁੱਤੀ ਪਹਿਨਣਾ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਸਕੂਲ ਸਟਾਫ਼ ਅਤੇ ਵਿਦਿਆਰਥਣਾਂ ਨੂੰ ਸਫ਼ਾਈ ਸਬੰਧੀ ਆਦਤਾਂ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ।
ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਨੈਸ਼ਨਲ ਡੀ-ਵਰਮਿੰਗ ਡੇ ਦਾ ਮੁੱਖ ਉਦੇਸ਼ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਪੇਟ ਦੇ ਕੀੜਿਆਂ ਦੀ ਸਮੱਸਿਆ ਨੂੰ ਘਟਾਉਣਾ ਅਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਬੱਚੇ ਹੀ ਦੇਸ਼ ਦੇ ਮਜ਼ਬੂਤ ਭਵਿੱਖ ਦੀ ਨੀਂਹ ਹਨ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸਫ਼ਾਈ, ਪੌਸ਼ਟਿਕ ਖੁਰਾਕ ਅਤੇ ਨਿਯਮਤ ਸਿਹਤ ਜਾਂਚ ਵੱਲ ਵਿਸ਼ੇਸ਼ ਧਿਆਨ ਦੇਣ।
ਉਨ੍ਹਾਂ ਦੱਸਿਆ ਕਿ ਡੀ-ਵਰਮਿੰਗ ਦੇ ਨਾਲ-ਨਾਲ ਨਿੱਜੀ ਸਫ਼ਾਈ, ਸਾਫ਼ ਪੀਣ ਵਾਲਾ ਪਾਣੀ, ਸਾਫ਼ ਆਲੇ-ਦੁਆਲੇ ਅਤੇ ਹੱਥ ਧੋਣ ਦੀ ਆਦਤ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਕੂਲਾਂ ਅਤੇ ਹੋਰ ਸੰਸਥਾਵਾਂ ਵਿੱਚ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਡਾ. ਰਿੰਪਲ ਅਤੇ ਆਰਬੀਐਸ ਕੇ ਟੀਮ ਰੋਪੜ, ਪ੍ਰਿੰਸੀਪਲ ਸੰਦੀਪ ਕੌਰ ਅਤੇ ਸਕੂਲ ਦਾ ਸਟਾਫ਼, ਸਿਹਤ ਵਿਭਾਗ ਦੇ ਕਰਮਚਾਰੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। ਵਿਦਿਆਰਥੀਆ ਨੂੰ ਦਵਾਈ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਸਿਹਤਮੰਦ ਅਤੇ ਸਾਫ਼-ਸੁਥਰੀ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।