ਨਹਿਰਾਂ ਦੀ ਸੁਰੱਖਿਆ ਤੇ ਮਜ਼ਬੂਤੀ ਲਈ ਵਿਭਾਗ ਪੂਰੀ ਤਨਦੇਹੀ ਨਾਲ ਕਰ ਰਿਹਾ ਹੈ ਕੰਮ: ਐਕਸੀਅਨ ਗੁਰਸ਼ਰਨ ਸਿੰਘ ਵਿਰਕ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਨਹਿਰਾਂ ਦੀ ਸੁਰੱਖਿਆ ਤੇ ਮਜ਼ਬੂਤੀ ਲਈ ਵਿਭਾਗ ਪੂਰੀ ਤਨਦੇਹੀ ਨਾਲ ਕਰ ਰਿਹਾ ਹੈ ਕੰਮ: ਐਕਸੀਅਨ ਗੁਰਸ਼ਰਨ ਸਿੰਘ ਵਿਰਕ
ਬੀ.ਐੱਮ.ਐੱਲ. ਨਹਿਰ ਦੇ ਆਰ.ਡੀ. 950/ਆਰ. ਵਿਖੇ ਕਮਜ਼ੋਰ ਹੋਏ ਕੰਢੇ ਨੂੰ ਮਜ਼ਬੂਤ ਕਰਨ ਦਾ ਕੰਮ ਜੰਗੀ ਪੱਧਰ ‘ਤੇ ਜਾਰੀ
ਰੂਪਨਗਰ, 07 ਅਗਸਤ: ਸਿੰਚਾਈ ਵਿਭਾਗ ਵੱਲੋਂ ਨਹਿਰਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਢਾਂਚਾਗਤ ਮਜ਼ਬੂਤੀ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਨਿਗਰਾਨੀ ਅਤੇ ਰੱਖ-ਰਖਾਅ ਦੇ ਕੰਮ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਨਿਯਮਤ ਨਿਰੀਖਣ ਦੌਰਾਨ ਬੀ.ਐੱਮ.ਐੱਲ. ਨਹਿਰ ਦੇ ਆਰ.ਡੀ. 950/ਆਰ. ਵਿਖੇ ਨਹਿਰ ਦੇ ਕੰਢੇ ਦਾ ਇੱਕ ਹਿੱਸਾ ਕਮਜ਼ੋਰ ਪਾਇਆ ਗਿਆ, ਜਿਸ ਤੋਂ ਬਾਅਦ ਵਿਭਾਗ ਵੱਲੋਂ ਤੁਰੰਤ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ (ਐਕਸੀਅਨ) ਬੀ.ਐੱਮ.ਐੱਲ. ਨਹਿਰ ਗੁਰਸ਼ਰਨ ਸਿੰਘ ਵਿਰਕ ਨੇ ਦੱਸਿਆ ਕਿ ਵਿਭਾਗੀ ਕਰਮਚਾਰੀਆਂ ਵੱਲੋਂ ਕੀਤੇ ਜਾਂਦੇ ਨਿਰੀਖਣ ਦੌਰਾਨ ਝਾੜੀਆਂ ਪਿੱਛੇ ਕਮਜ਼ੋਰ ਹੋਏ ਹਿੱਸੇ ਦੀ ਪਛਾਣ ਹੁੰਦੇ ਹੀ ਸਭ ਤੋਂ ਪਹਿਲਾਂ ਮੁਰੰਮਤ ਕਾਰਜ ਲਈ ਥਾਂ ਦੀ ਸਫ਼ਾਈ ਕਰਵਾਈ ਗਈ ਤਾਂ ਜੋ ਮਜ਼ਬੂਤੀ ਦੇ ਕੰਮ ਲਈ ਇੱਕ ਸਥਿਰ ਅਤੇ ਸੁਰੱਖਿਅਤ ਅਧਾਰ ਤਿਆਰ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਉਪਰੰਤ ਨਹਿਰ ਦੇ ਕੰਢੇ ਨੂੰ ਮਜ਼ਬੂਤ ਕਰਨ ਲਈ 1:3:6 ਅਨੁਪਾਤ ਵਾਲੇ ਕੰਕਰੀਟ ਬੈਗਾਂ ਦੀ ਵਰਤੋਂ ਕਰਕੇ ਸੁਰੱਖਿਆ ਅਤੇ ਮਜ਼ਬੂਤੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਹ ਕੰਮ ਜੰਗੀ ਪੱਧਰ ‘ਤੇ ਜਾਰੀ ਹੈ ਅਤੇ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਮੌਕੇ ‘ਤੇ ਰਹਿ ਕੇ ਕੰਮ ਦੀ ਨਿਰੰਤਰ ਨਿਗਰਾਨੀ ਕਰ ਰਹੇ ਹਨ।
ਐਕਸੀਅਨ ਗੁਰਸ਼ਰਨ ਸਿੰਘ ਵਿਰਕ ਨੇ ਦੱਸਿਆ ਕਿ ਸਿੰਚਾਈ ਵਿਭਾਗ ਦੀ ਪਹਿਲ ਹੈ ਕਿ ਨਹਿਰਾਂ ਦੀ ਢਾਂਚਾਗਤ ਮਜ਼ਬੂਤੀ ਨੂੰ ਹਰ ਹਾਲ ਵਿੱਚ ਬਰਕਰਾਰ ਰੱਖਿਆ ਜਾਵੇ ਤਾਂ ਜੋ ਪਾਣੀ ਦੀ ਸਪਲਾਈ ਨਿਰਵਿਘਨ ਜਾਰੀ ਰਹੇ ਅਤੇ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਸਥਿਤੀ ਤੋਂ ਬਚਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਜਿੱਥੇ ਵੀ ਨਿਰੀਖਣ ਦੌਰਾਨ ਕਿਸੇ ਕਿਸਮ ਦੀ ਕਮਜ਼ੋਰੀ ਜਾਂ ਖ਼ਰਾਬੀ ਸਾਹਮਣੇ ਆਉਂਦੀ ਹੈ, ਉੱਥੇ ਵਿਭਾਗ ਵੱਲੋਂ ਤੁਰੰਤ ਤਕਨੀਕੀ ਮਾਪਦੰਡਾਂ ਅਨੁਸਾਰ ਮੁਰੰਮਤ ਅਤੇ ਮਜ਼ਬੂਤੀ ਦੇ ਕੰਮ ਕਰਵਾਏ ਜਾਂਦੇ ਹਨ।
ਉਨ੍ਹਾਂ ਭਰੋਸਾ ਦਿਵਾਇਆ ਕਿ ਬੀ.ਐੱਮ.ਐੱਲ. ਨਹਿਰ ਦੇ ਇਸ ਹਿੱਸੇ ‘ਤੇ ਚੱਲ ਰਿਹਾ ਕੰਮ ਜਲਦ ਮੁਕੰਮਲ ਕਰ ਲਿਆ ਜਾਵੇਗਾ ਅਤੇ ਨਹਿਰ ਦੀ ਸੰਰਚਨਾਤਮਕ ਮਜ਼ਬੂਤੀ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾਵੇਗਾ।