ਰੂਪਨਗਰ ਪੁਲਿਸ ਨੇ ਨੰਗਲ ਵਿੱਚ ਹੋਏ ਕਤਲ ਦਾ ਮਾਮਲਾ ਸੁਲਝਾਇਆ, 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ
ਰੂਪਨਗਰ ਪੁਲਿਸ ਨੇ ਨੰਗਲ ਵਿੱਚ ਹੋਏ ਕਤਲ ਦਾ ਮਾਮਲਾ ਸੁਲਝਾਇਆ, 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ
ਇੱਕ ਹੋਰ ਮਾਮਲੇ ਵਿੱਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 7 ਹਥਿਆਰ ਬਰਾਮਦ ਕੀਤੇ
ਰੂਪਨਗਰ, 31 ਜੁਲਾਈ: ਰੂਪਨਗਰ ਪੁਲਿਸ ਨੇ ਨੰਗਲ ਵਿਖੇ ਐਸ ਵਾਈ ਐੱਲ ਨਹਿਰ ਵਿਚੋਂ ਮਿਲੀ ਨਾ ਮਾਲੂਮ ਵਿਅਕਤੀ ਦੀ ਮਿਲੀ ਲਾਸ਼ ਸੰਬਧੀ ਕਤਲ ਦਾ ਮਾਮਲਾ ਸੁਲਝਾ ਕਿ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਬਾਰੇ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਐੱਸ ਐੱਸ ਪੀ ਸ. ਮਨਿੰਦਰ ਸਿੰਘ ਨੇ ਦੱਸਿਆ ਕਿ 28 ਜੁਲਾਈ ਨੂੰ ਪਿੰਡ ਪੱਟੀ, ਨੰਗਲ ਵਿਖੇ ਐੱਸ ਵਾਈ ਐਲ ਨਹਿਰ ਵਿਚੋਂ ਇੱਕ ਨਾ-ਮਾਲੂਮ ਵਿਅਕਤੀ ਦੀ ਲਾਸ਼ ਮਿਲੀ ਸੀ, ਜਿਸ ਨੂੰ ਨਹਿਰ ਦੇ ਪਾਣੀ ਵਿੱਚੋ ਕੱਢ ਕੇ ਸਨਾਖਤ ਲਈ ਹਸਪਤਾਲ ਵਿੱਚ ਰੱਖਿਆ ਗਿਆ ਸੀ। ਮ੍ਰਿਤਕ ਵਿਅਕਤੀ ਦੀ ਬਾਡੀ ਤੇ ਕਾਫੀ ਟੈਟੂ ਬਣੇ ਹੋਏ ਸਨ ਅਤੇ ਇਸ ਸਬੰਧੀ ਇਕ ਤਸਵੀਰ ਸ਼ੋਸ਼ਲ ਮੀਡੀਆ ਉੱਤੇ ਸ਼ਨਾਖਤ ਲਈ ਪਾਈ ਗਈ ਸੀ।
ਐੱਸ ਐੱਸ ਪੀ ਨੇ ਦੱਸਿਆ ਕਿ ਇਸ ਲਾਸ਼ ਦੀ ਸ਼ਨਾਖਤ 30 ਜੁਲਾਈ ਨੂੰ ਮ੍ਰਿਤਕ ਦੀ ਪਤਨੀ ਨੀਰੂ ਬਾਲਾ ਵੱਲੋ ਕੀਤੀ ਗਈ ਕਿ ਇਹ ਲਾਸ਼ ਉਸਦੇ ਪਤੀ ਬਲਵਿੰਦਰ ਪਾਲ ਵਾਸੀ ਪਿੰਡ ਬਿਲਗਾ ਹਾਲ ਵਾਸੀ ਦੁਬੇਟਾ ਥਾਣਾ ਨੰਗਲ ਦੀ ਹੈ, ਜਿਸ ਤੇ ਨੀਰੂ ਬਾਲਾ ਪਤਨੀ ਮ੍ਰਿਤਕ ਬਲਵਿੰਦਰ ਪਾਲ ਦੇ ਬਿਆਨ ਤੇ ਮੁਕੱਦਮਾ ਨੰਬਰ 140 ਮਿਤੀ 30.07.2026 ਅ/ਧ 103, 238, 3(5) ਬੀ.ਐੱਨ.ਐੱਸ ਥਾਣਾ ਨੰਗਲ ਵਿਖੇ ਮੁਕੱਦਮਾ ਰਜਿਸਟਰ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਉਨ੍ਹਾਂ ਦੱਸਿਆ ਕਿ ਦੌਰਾਨੇ ਤਫਤੀਸ਼ ਸ੍ਰੀ ਗੁਰਦੀਪ ਸਿੰਘ ਗੋਸਲ, ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ ਰੂਪਨਗਰ, ਸ੍ਰੀ ਨਵੀਨਪਾਲ ਸਿੰਘ ਲਹਿਲ, ਉਪ ਕਪਤਾਨ ਪੁਲਿਸ ਸਬ-ਡਵੀਜਨ ਨੰਗਲ ਦੀ ਨਿਗਰਾਨੀ ਹੇਠ ਇੰਸ. ਦਾਨਿਸ਼ਵੀਰ ਸਿੰਘ ਮੁੱਖ ਅਫਸਰ ਥਾਣਾ ਨੰਗਲ ਵੱਲੋ ਵਿਗਿਆਨਿਕ ਤਰੀਕੇ ਨਾਲ ਅਤੇ ਸੋਰਸਾਂ ਰਾਹੀਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਨ ਅਮੀਤੋਜ ਉਰਫ ਤੋਜੀ ਵਾਸੀ ਨੰਗਲ, ਅਮਰਜੀਤ ਉਰਫ ਜੱਜ ਨੰਗਲ ਅਤੇ ਗੋਰਵ ਉਰਫ ਗੋਰੀ ਵਾਸੀ ਨੰਗਲ ਹਾਲ ਵਾਸੀ ਮਜਾਰਾ ਸ਼੍ਰੀ ਅੰਨਦਪੁਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਬਲਵਿੰਦਰ ਪਾਲ ਇਹਨਾਂ ਦੇ ਨਾਲ ਘੁੰਮਦਾ-ਫਿਰਦਾ ਰਹਿੰਦਾ ਸੀ ਅਤੇ ਦੋਸ਼ੀ ਅਮਰਜੀਤ ਉਰਫ ਜੱਜ ਸ਼ਰਾਬ ਪੀ ਕੇ ਮ੍ਰਿਤਕ ਬਲਵਿੰਦਰ ਪਾਲ ਨਾਲ ਝਗੜਾ ਕਰ ਲੈਦਾ ਸੀ ਅਤੇ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੀ। ਇਸੇ ਰੰਜਿਸ਼ ਕਾਰਨ ਦੋਸ਼ੀਆ ਵੱਲੋ ਮ੍ਰਿਤਕ ਬਲਵਿੰਦਰ ਪਾਲ ਨੂੰ ਉਸ ਦਿਨ 28 ਜੁਲਾਈ ਨੂੰ ਜਿਆਦਾ ਨਸ਼ਾ ਕਰਵਾ ਕੇ ਮਾਰ ਦਿੱਤਾ ਅਤੇ ਉਸਦੀ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਨਹਿਰ ਦੇ ਪਾਣੀ ਵਿੱਚ ਸੁੱਟ ਦਿੱਤਾ।
ਉਨ੍ਹਾਂ ਦੱਸਿਆ ਕਿ ਦੋਸ਼ੀ ਵਿਅਕਤੀ ਪਹਿਲਾਂ ਵੀ ਚੋਰੀ ਅਤੇ ਨਸ਼ੇ ਦੇ ਮੁਕੱਦਮੇ ਦਰਜ ਹਨ। ਅੱਜ 31 ਜੁਲਾਈ ਨੂੰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਦੋਸ਼ੀਆਂ 03 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਹਨਾਂ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਸ ਤੋ ਇਲਾਵਾ ਐੱਸ ਐੱਸ ਪੀ ਰੂਪਨਗਰ ਵਲੋ ਇਕ ਹੋਰ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਰਾਜਪਾਲ ਸਿੰਘ ਗਿੱਲ, ਪੀ.ਪੀ.ਐਸ, ਉਪ ਕਪਤਾਨ ਪੁਲਿਸ (ਡਿਟੇਕਟਿਵ) ਰੂਪਨਗਰ ਦੀ ਅਗਵਾਈ ਹੇਠ ਰੂਪਨਗਰ ਪੁਲਿਸ ਵੱਲੋ ਭੈੜੇ ਪੁਰਸ਼ਾ/ਗੈਗਸਟਰਾਂ ਖਿਲਾਫ ਛੇੜੀ ਗਈ ਮੁਹਿੰਮ ਦੌਰਾਨ ਕੁਖਿਆਤ ਅਪਰਾਧੀ ਲਖਵਿੰਦਰ ਸਿੰਘ ਉਰਫ਼ ਲੱਖਾ ਵਾਸੀ ਪਿੰਡ ਮਦਨਪੁਰਾ ਥਾਣਾ ਨਾਲਾਗੜ੍ਹ ਜਿਲ੍ਹਾ ਸੋਲਨ ਹਿਮਾਚਲ ਪ੍ਰਦੇਸ਼ ਨੂੰ ਸਮੇਤ ਇਸ ਦੇ ਸਾਥੀ ਰਮਨ ਉਰਫ ਖਾਨ ਵਾਸੀ ਪਿੰਡ ਸੈਣੀ ਮਾਜਰਾ ਥਾਣਾ ਨਾਲਾਗੜ੍ਹ ਜਿਲ੍ਹਾ ਸੋਲ੍ਹਨ ਹਿਮਾਚਲ ਪ੍ਰਦੇਸ਼ ਨੂੰ ਇੱਕ ਕਾਰ ਨੰਬਰੀ ਐੱਚ ਪੀ 17 ਈ 9384 ਮਾਰਕਾ ਬਰੀਜਾ ਰੰਗ ਚਿੱਟਾ ਵਿੱਚ ਕਾਬੂ ਕਰਕੇ ਦੋਸ਼ੀਆਨ ਪਾਸੋਂ 07 ਨਜਾਇਜ ਹਥਿਆਰ/ਪਿਸਤੌਲ ਸਮੇਤ 06 ਰੌਂਦ ਜਿੰਦਾ ਦੇ ਕਾਬੂ ਕਰਨ ਵਿੱਚ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ।
ਉਨ੍ਹਾਂ ਦੱਸਿਆ ਕਿ 27 ਜੁਲਾਈ ਦੀ ਰਾਤ ਨੂੰ ਇੰਸਪੈਕਟਰ ਮਨਦੀਪ ਸਿੰਘ ਇੰਚਾਰਜ ਸੀ.ਆਈ.ਏ. ਰੂਪਨਗਰ ਦੀ ਟੀਮ ਸਬ ਇੰਸਪੈਕਟਰ ਗੁਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਆਈ ਆਈ ਟੀ ਰੋਡ ਨੇੜੇ ਸ਼ਿਵ ਮੰਦਰ ਕੋਲ ਮੌਜੂਦ ਸੀ ਤਾਂ ਮੁਖਬਰ ਖਾਸ ਦੀ ਇਤਲਾਹ ਤੇ ਲਖਵਿੰਦਰ ਸਿੰਘ ਉਰਫ ਲੱਖਾ ਅਤੇ ਰਮਨ ਉਰਫ਼ ਖਾਨ ਉਕਤਾਨ ਦੇ ਖਿਲਾਫ ਮੁਕੱਦਮਾ ਨੰਬਰ 175 ਮਿਤੀ 28.07.2026 ਅ/ਧ 25/54/59 ਅਸਲਾ ਐਕਟ ਥਾਣਾ ਸਿਟੀ ਰੂਪਨਗਰ ਦਰਜ ਰਜਿਸਟਰ ਕਰਵਾਇਆ। ਦੌਰਾਨੇ ਤਫਤੀਸ਼ ਇਨ੍ਹਾਂ ਕੋਲੋਂ ਵੱਖ-ਵੱਖ 07 ਪਿਸਤੌਲ ਅਤੇ 06 ਰੌਂਦ ਜਿੰਦਾ ਬ੍ਰਾਮਦ ਕੀਤੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਹਨਾਂ ਪਾਸੋਂ ਉਨ੍ਹਾਂ ਦੇ ਬੈਕਵਰਡ ਅਤੇ ਫਾਰਵਰਡ ਨੈੱਟਵਰਕ ਬਾਰੇ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜੋ ਦੋਸ਼ੀਆਂ ਪਾਸੋਂ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਆਸ ਹੈ।