ਵੋਟਰ ਸੂਚੀ ਸੁਧਾਈ ਮੁਹਿੰਮ ਤਹਿਤ ਵੋਟਰ ਘਰ-ਘਰ ਜਾ ਕੇ ਐਨਿਊਮਰੇਸ਼ਨ ਫਾਰਮ ਭਰਵਾਉਣ ‘ਚ ਬੀ.ਐਲ.ਓਜ਼ ਦਾ ਕਰਨ ਸਹਿਯੋਗ: ਜ਼ਿਲ੍ਹਾ ਚੋਣ ਦਫ਼ਤਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਵੋਟਰ ਸੂਚੀ ਸੁਧਾਈ ਮੁਹਿੰਮ ਤਹਿਤ ਵੋਟਰ ਘਰ-ਘਰ ਜਾ ਕੇ ਐਨਿਊਮਰੇਸ਼ਨ ਫਾਰਮ ਭਰਵਾਉਣ ‘ਚ ਬੀ.ਐਲ.ਓਜ਼ ਦਾ ਕਰਨ ਸਹਿਯੋਗ: ਜ਼ਿਲ੍ਹਾ ਚੋਣ ਦਫ਼ਤਰ
ਰੂਪਨਗਰ, 07 ਜੁਲਾਈ: ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਐਸ.ਆਈ.ਆਰ.-2026 (ਵੋਟਰ ਸੂਚੀ ਸੁਧਾਈ 2026) ਦੇ ਸ਼ਡਿਊਲ ਅਨੁਸਾਰ ਪੰਜਾਬ ਰਾਜ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਬੂਥ ਲੈਵਲ ਅਫ਼ਸਰ (ਬੀ.ਐਲ.ਓਜ਼) ਵੱਲੋਂ ਘਰ-ਘਰ ਜਾ ਕੇ ਯੋਗ ਵੋਟਰਾਂ ਤੋਂ ਐਨਿਊਮਰੇਸ਼ਨ ਫਾਰਮ ਭਰਵਾਏ ਅਤੇ ਇਕੱਠੇ ਕੀਤੇ ਜਾ ਰਹੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਲਗਭਗ 31 ਫ਼ੀਸਦੀ ਐਨਿਊਮਰੇਸ਼ਨ ਫਾਰਮ ਭਰਵਾ ਕੇ ਬੀ.ਐਲ.ਓ. ਐਪ ਰਾਹੀਂ ਡਿਜ਼ੀਟਲ ਰੂਪ ਵਿੱਚ ਅਪਲੋਡ ਕੀਤੇ ਜਾ ਚੁੱਕੇ ਹਨ। ਬਾਕੀ ਫਾਰਮ ਭਰਨ ਅਤੇ ਡਿਜ਼ੀਟਲ ਕਰਨ ਦਾ ਕੰਮ ਵੀ ਜੰਗੀ ਪੱਧਰ ‘ਤੇ ਜਾਰੀ ਹੈ। ਬੀ.ਐਲ.ਓਜ਼ ਵੱਲੋਂ ਵੋਟਰਾਂ ਨੂੰ ਫਾਰਮ ਭਰਨ ਵਿੱਚ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਮਹੱਤਵਪੂਰਨ ਪ੍ਰਕਿਰਿਆ ਵਿੱਚ ਬੀ.ਐਲ.ਓਜ਼ ਦਾ ਪੂਰਾ ਸਹਿਯੋਗ ਕਰਨ ਅਤੇ ਸਮੇਂ ਸਿਰ ਆਪਣਾ ਐਨਿਊਮਰੇਸ਼ਨ ਫਾਰਮ ਭਰਵਾ ਕੇ ਉਸ ਨੂੰ ਡਿਜ਼ੀਟਲ ਕਰਨ ਵਿੱਚ ਸਹਾਇਤਾ ਕਰਨ ਤਾਂ ਜੋ ਕੋਈ ਵੀ ਯੋਗ ਵਿਅਕਤੀ ਆਪਣਾ ਨਾਮ ਵੋਟਰ ਸੂਚੀ ਵਿੱਚ ਦਰਜ ਕਰਵਾਉਣ ਤੋਂ ਵਾਂਝਾ ਨਾ ਰਹਿ ਜਾਵੇ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਜਾਂ ਸਹਾਇਤਾ ਲਈ ਜ਼ਿਲ੍ਹਾ ਵੋਟਰ ਹੈਲਪਲਾਈਨ ਦੇ ਟੋਲ-ਫ੍ਰੀ ਨੰਬਰ 1950 ‘ਤੇ ਸਵੇਰੇ 8:00 ਵਜੇ ਤੋਂ ਰਾਤ 8:00 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ। ਇਹ ਹੈਲਪਲਾਈਨ ਗਜ਼ਟਿਡ ਛੁੱਟੀਆਂ ਵਾਲੇ ਦਿਨਾਂ ਵਿੱਚ ਵੀ ਕਾਰਜਸ਼ੀਲ ਰਹਿੰਦੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਇੱਕ ਵਾਰ ਫਿਰ ਜ਼ਿਲ੍ਹੇ ਦੀ ਸਮੂਹ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਬੀ.ਐਲ.ਓਜ਼ ਨੂੰ ਇਸ ਮੁਹਿੰਮ ਦੌਰਾਨ ਪੂਰਾ ਸਹਿਯੋਗ ਦੇਣ ਤਾਂ ਜੋ ਵੋਟਰ ਸੂਚੀ ਨੂੰ ਪਾਰਦਰਸ਼ੀ, ਸਹੀ ਅਤੇ ਗਲਤੀ-ਰਹਿਤ ਬਣਾਇਆ ਜਾ ਸਕੇ ਅਤੇ ਹਰ ਯੋਗ ਨਾਗਰਿਕ ਆਪਣੇ ਮਤਦਾਨ ਦੇ ਅਧਿਕਾਰ ਦੀ ਵਰਤੋਂ ਕਰ ਸਕੇ।