ਬੰਦ ਕਰੋ

ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ ਦੀ ਰਿਟਾਇਰਮੈਂਟ ਮੌਕੇ ਸਨਮਾਨ ਸਮਾਰੋਹ ਆਯੋਜਿਤ

ਪ੍ਰਕਾਸ਼ਨ ਦੀ ਮਿਤੀ : 02/07/2026
District Vaccination Officer Dr. Navroop Kaur's retirement felicitation ceremony held

ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ ਦੀ ਰਿਟਾਇਰਮੈਂਟ ਮੌਕੇ ਸਨਮਾਨ ਸਮਾਰੋਹ ਆਯੋਜਿਤ

ਰੂਪਨਗਰ, 01 ਜੁਲਾਈ: ਸਿਹਤ ਵਿਭਾਗ ਰੂਪਨਗਰ ਵੱਲੋਂ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ ਦੀ ਰਿਟਾਇਰਮੈਂਟ ਮੌਕੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਡਾ. ਨਵਰੂਪ ਕੌਰ ਦੀ ਲੰਬੀ 32 ਸਾਲ 6 ਮਹੀਨੇ 15 ਦਿਨ ਸਮਰਪਿਤ ਸੇਵਾ ਲਈ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

ਡਾ. ਨਵਰੂਪ ਕੌਰ ਨੇ ਆਪਣੀ ਸਰਕਾਰੀ ਸੇਵਾ ਦੀ ਸ਼ੁਰੂਆਤ 16 ਦਸੰਬਰ 1993 ਨੂੰ ਮੈਡੀਕਲ ਅਫਸਰ ਵਜੋਂ ਕੀਤੀ। ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਬੇਹੱਦ ਇਮਾਨਦਾਰੀ ਅਤੇ ਲਗਨ ਨਾਲ ਸੇਵਾਵਾਂ ਨਿਭਾਈਆਂ। ਉਨ੍ਹਾਂ ਨੇ ਜ਼ਿਲ੍ਹਾ ਜਲੰਧਰ ਅਤੇ ਸੀਐਚਸੀ ਬਨੂੜ ਵਿਖੇ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੋਏ ਲੋਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਵਿੱਚ ਯੋਗਦਾਨ ਪਾਇਆ।

ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਾਲ 2022 ਵਿੱਚ ਤਰੱਕੀ ਦੇ ਕੇ ਜ਼ਿਲ੍ਹਾ ਮਾਨਸਾ ਵਿਖੇ ਜ਼ਿਲ੍ਹਾ ਟੀਕਾਕਰਨ ਅਫਸਰ ਵਜੋਂ ਨਿਯੁਕਤ ਕੀਤਾ ਗਿਆ। 2023 ਤੋਂ ਬਾਅਦ ਉਨ੍ਹਾਂ ਨੇ ਜ਼ਿਲ੍ਹਾ ਰੂਪਨਗਰ ਵਿੱਚ ਜ਼ਿਲ੍ਹਾ ਟੀਕਾਕਰਨ ਅਫਸਰ ਵਜੋਂ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ, ਟੀਕਾਕਰਨ ਅਫਸਰ ਦੇ ਨਾਲ-ਨਾਲ ਉਨ੍ਹਾਂ ਨੇ ਪੰਜ ਮਹੀਨੇ ਕਾਰਜਕਾਰੀ ਸਿਵਲ ਸਰਜਨ ਰੂਪਨਗਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਜਿੱਥੇ ਉਨ੍ਹਾਂ ਨੇ ਟੀਕਾਕਰਨ ਮੁਹਿੰਮਾਂ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਸਿਹਤ ਵਿਭਾਗ ਵਿੱਚ ਲਗਾਤਾਰ 32 ਸਾਲ ਛੇ ਮਹੀਨੇ 15 ਦਿਨ ਆਪਣੀਆਂ ਸੇਵਾਵਾਂ ਦੇਣ ਉਪਰੰਤ ਉਹ ਰਿਟਾਇਰ ਹੋਏ ਹਨ।

ਖਾਸ ਤੌਰ ‘ਤੇ ਡਾ. ਨਵਰੂਪ ਕੌਰ ਨੇ ਪੰਜ ਮਹੀਨਿਆਂ ਲਈ ਕਾਰਜਕਾਰੀ ਸਿਵਲ ਸਰਜਨ ਰੂਪਨਗਰ ਵਜੋਂ ਵੀ ਆਪਣੀਆਂ ਜ਼ਿੰਮੇਵਾਰੀਆਂ ਬਖੂਬੀ ਨਿਭਾਈਆਂ। ਇਸ ਦੌਰਾਨ ਉਨ੍ਹਾਂ ਨੇ ਵਿਭਾਗੀ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਂਦੇ ਹੋਏ ਸਿਹਤ ਸੇਵਾਵਾਂ ਦੀ ਗੁਣਵੱਤਾ ਨੂੰ ਹੋਰ ਸੁਧਾਰਿਆ।

ਸਮਾਰੋਹ ਦੌਰਾਨ ਬੋਲਦੇ ਹੋਏ ਸਿਵਲ ਸਰਜਨ ਡਾ. ਰਮਨ ਗੁਪਤਾ ਨੇ ਕਿਹਾ ਕਿ ਡਾ. ਨਵਰੂਪ ਕੌਰ ਦੀ ਸੇਵਾ, ਨਿਸ਼ਠਾ ਅਤੇ ਪ੍ਰਸ਼ਾਸਕੀ ਯੋਗਤਾ ਸਿਹਤ ਵਿਭਾਗ ਲਈ ਪ੍ਰੇਰਣਾ ਸਰੋਤ ਰਹੀ ਹੈ। ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।

ਇਸ ਮੌਕੇ ‘ਤੇ ਡਾ. ਨਵਰੂਪ ਕੌਰ ਨੇ ਆਪਣੇ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਿਹਤ ਵਿਭਾਗ ਨਾਲ ਜੁੜੇ ਰਹਿਣਾ ਉਨ੍ਹਾਂ ਲਈ ਮਾਣ ਦੀ ਗੱਲ ਰਹੀ ਹੈ ਅਤੇ ਉਹ ਆਪਣੇ ਕਰੀਅਰ ਦੀਆਂ ਯਾਦਾਂ ਨੂੰ ਸਦਾ ਸਾਂਭ ਕੇ ਰੱਖਣਗੀਆਂ।

ਸਾਰੇ ਸਟਾਫ ਵੱਲੋਂ ਉਨ੍ਹਾਂ ਨੂੰ ਸ਼ਾਨਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੀ ਸੁਖਮਈ ਅਤੇ ਤੰਦਰੁਸਤ ਜੀਵਨ ਲਈ ਕਾਮਨਾ ਕੀਤੀ ਗਈ।

ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਬੋਬੀ ਗੁਲਾਟੀ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅੰਜਲੀ ਚੌਧਰੀ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਉਰਮਿਲ ਗਰਗ, ਡਾ. ਰਜਨੀਤ ਬੈਂਸ, ਡਾ. ਅਮਰਜੀਤ ਸਿੰਘ, ਡਾ. ਗਗਨਦੀਪ ਸਿੰਘ, ਡਾ. ਰਮਨ, ਡਾ. ਹਰਲੀਨ ਕੌਰ, ਡਾ. ਹਰਸ਼ਰਨ ਕੌਰ, ਸਿਵਲ ਸਰਜਨ ਦਫਤਰ ਅਤੇ ਸਿਵਲ ਹਸਪਤਾਲ ਦਾ ਸਟਾਫ ਅਤੇ ਡਾਕਟਰ ਨਵਰੂਪ ਕੌਰ ਦੇ ਪਰਿਵਾਰਿਕ ਮੈਂਬਰ ਹਾਜ਼ਰ ਸਨ।